ਖਾਲਿਸਤਾਨ ਲਿਬ੍ਰੇਸ਼ਨ ਫਰੰਟ ਪੱਛਮੀ ਯੂ. ਪੀ. ''ਚ ਦੇ ਰਿਹੈ ਅੱਤਵਾਦ ਦੀ ਟ੍ਰੇਨਿੰਗ

07/01/2020 4:13:55 PM

ਲਖਨਊ/ਜਲੰਧਰ (ਵਿਸ਼ੇਸ਼) : ਦਿੱਲੀ ਪੁਲਸ ਵਲੋਂ ਬੀਤੇ ਦਿਨੀਂ ਖਾਲਿਸਤਾਨ ਲਿਬ੍ਰੇਸ਼ਨ ਫਰੰਟ ਦੇ ਗ੍ਰਿਫਤਾਰ 2 ਅੱਤਵਾਦੀਆਂ ਤੋਂ ਐਂਟੀ ਟੈਰਾਰਿਸਟ ਸਕਵਾਇਡ (ਏ. ਟੀ. ਐੱਸ.) ਵਲੋਂ ਕੀਤੀ ਗਈ ਪੁੱਛਗਿੱਛ 'ਚ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਨੇ ਪੱਛਮੀ ਉੱਤਰ ਪ੍ਰਦੇਸ਼ 'ਚ ਅੱਤਵਾਦੀ ਟ੍ਰੇਨਿੰਗ ਕੈਂਪ ਬਣਾਇਆ ਹੈ, ਜਿਸ 'ਚ ਨੇਤਾਵਾਂ ਦੀਆਂ ਹੱਤਿਆਵਾਂ ਲਈ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਗ੍ਰਿਫਤਾਰ ਕੀਤੇ ਗਏ ਤਿੰਨ ਅੱਤਵਾਦੀਆਂ 'ਚੋਂ ਇਕ ਦੀ ਪਛਾਣ ਪੰਜਾਬ ਦੇ ਰਹਿਣ ਵਾਲੇ ਗੁਰਤੇਜ ਸਿੰਘ (41) ਦੇ ਰੂਪ 'ਚ ਹੋਈ ਹੈ, ਜਦੋਂ ਕਿ ਇਕ ਅੱਤਵਾਦੀ ਹਰਿਆਣਾ ਨਾਲ ਸਬੰਧਤ ਹੈ, ਜਿਸ ਦਾ ਨਾਂ ਲਵਪ੍ਰੀਤ ਦੱਸਿਆ ਜਾ ਰਿਹਾ ਹੈ। ਇਕ ਹੋਰ ਅੱਤਵਾਦੀ ਦੀ ਪਛਾਣ ਮਹਿੰਦਰਪਾਲ ਸਿੰਘ ਦੇ ਰੂਪ 'ਚ ਹੋਈ ਹੈ। ਏ. ਟੀ. ਐੱਸ. ਵਲੋਂ ਕੀਤੀ ਗਈ ਪੁੱਛਗਿੱਛ 'ਚ ਗੁਰਤੇਜ ਸਿੰਘ ਅਤੇ ਲਵਪ੍ਰੀਤ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਦਾ ਸਬੰਧ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ. ਐੱਸ. ਆਈ. ਦੇ ਹੈਂਡਲਰ ਅਬਦੁੱਲਾ ਅਤੇ ਯੂ. ਕੇ. 'ਚ ਰਹਿੰਦੇ ਪ੍ਰਤੀਬੰਧਤ ਸੰਗਠਨ ਸਿਖਸ ਫਾਰ ਜਸਟਿਸ ਦੇ ਕੋਆਰਡੀਨੇਟਰ ਅਵਤਾਰ ਸਿੰਘ ਪੰਨੂ ਨਾਲ ਹਨ।

ਗੋਪਾਲ ਚਾਵਲਾ ਦਾ ਕਰੀਬੀ ਅਤੇ ਹਵਾਰਾ ਕਮੇਟੀ ਦਾ ਮੈਂਬਰ ਹੈ ਗੁਰਤੇਜ਼
ਗ੍ਰਿਫਤਾਰ ਗੁਰਤੇਜ ਸਿੰਘ ਪਾਕਿਸਤਾਨ 'ਚ ਰਹਿ ਰਹੇ ਗੋਪਾਲ ਚਾਵਲਾ ਦਾ ਬੇਹੱਦ ਕਰੀਬੀ ਦੱਸਿਆ ਜਾ ਰਿਹਾ ਹੈ। ਗੋਪਾਲ ਚਾਵਲਾ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਚੀਫ ਹਾਫਿਜ਼ ਸਈਦ ਨਾਲ ਕਰੀਬੀ ਸਬੰਧ ਹਨ। ਖਾਲਿਸਤਾਨ ਲਿਬ੍ਰੇਸ਼ਨ ਫਰੰਟ ਦੇ ਲੀਡਰ ਵਿਦੇਸ਼ਾਂ 'ਚ ਬੈਠ ਕੇ ਸੋਸ਼ਲ ਮੀਡੀਆ ਰਾਹੀਂ ਜਸਟਿਸ ਫਾਰ ਪੰਜਾਬ ਜਾਂ ਦੂਜੇ ਪ੍ਰਤੀਬੰਧਤ ਸੰਗਠਨਾਂ ਨੂੰ ਪੰਜਾਬ 'ਚ ਮੁੜ ਖੜ੍ਹਾ ਕਰਨ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਉਕਸਾਉਣ ਦਾ ਕੰਮ ਕਰ ਰਹੇ ਹਨ। ਗੁਰਤੇਜ ਦੇ ਪਿਤਾ ਫੌਜ 'ਚ ਸੂਬੇਦਾਰ ਸਨ ਅਤੇ ਉਸ ਦਾ ਜਨਮ ਸਾਲ 1979 'ਚ ਅਸਾਮ 'ਚ ਹੋਇਆ ਸੀ। ਉਸ ਦਾ ਲੰਮੇ ਸਮੇਂ ਤੋਂ ਖਾਲਿਸਤਾਨ ਅੰਦੋਲਨ ਪ੍ਰਤੀ ਝੁਕਾਅ ਸੀ। ਉਸ ਨੇ ਜਨਵਰੀ 2019 'ਚ ਚੰਡੀਗੜ੍ਹ 'ਚ ਨਾਰਾਇਣ ਸਿੰਘ ਚੌਰਾ ਨਾਲ ਮੁਲਾਕਾਤ ਕੀਤੀ ਅਤੇ ਖਾਲਿਸਤਾਨ ਅੰਦੋਲਨ 'ਚ ਸਰਗਰਮ ਰੂਪ ਨਾਲ ਯੋਗਦਾਨ ਕਰਨ ਦੀ ਇੱਛਾ ਪ੍ਰਗਟਾਈ। ਇਸ ਤੋਂ ਬਾਅਦ ਗੁਰਤੇਜ ਸਿੰਘ ਨੂੰ 21 ਮੈਂਬਰੀ ਹਵਾਰਾ ਕਮੇਟੀ 'ਚ ਸ਼ਾਮਲ ਕੀਤਾ ਗਿਆ ਸੀ। ਉਹ ਲਵਪ੍ਰੀਤ ਸਮੇਤ 5 ਤੋਂ ਵੱਧ ਨੌਜਵਾਨਾਂ ਨੂੰ ਖਾਲਿਸਤਾਨ ਅੰਦੋਲਨ 'ਚ ਸ਼ਾਮਲ ਕਰ ਕੇ ਉਨ੍ਹਾਂ ਨੂੰ ਪਾਕਿਸਤਾਨ 'ਚ ਟ੍ਰੇਨਿੰਗ ਦਿਵਾਉਣ ਦੀ ਤਿਆਰੀ 'ਚ ਸੀ।

ਇਹ ਵੀ ਪੜ੍ਹੋ ► ਥਰਮਲ ਪਲਾਂਟ ਬੰਦ ਕਰਨ ਦੇ ਵਿਰੋਧ 'ਚ ਬਜ਼ੁਰਗ ਨੇ ਗਵਾਈ ਜਾਨ

ਗੁਰਤੇਜ ਸਿੰਘ ਨੂੰ ਸੌਂਪੀ ਗਈ ਸੀ ਅੱਤਵਾਦੀ ਤਿਆਰ ਕਰਨ ਦੀ ਜ਼ਿੰਮੇਵਾਰੀ
ਇਕ ਹੋਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਗੁਰਤੇਜ਼ ਸਿੰਘ ਨੂੰ ਦੇਸ਼ 'ਚ ਰਹਿੰਦੇ ਹੋਏ ਅੱਤਵਾਦੀ ਤਿਆਰ ਕਰਨ ਦੀ ਜਿੰਮੇਵਾਰੀ ਸੌਂਪੀ ਗਈ ਸੀ ਅਤੇ ਉਸ ਨੇ ਨੇਤਾਵਾਂ ਦੀ ਹੱਤਿਆ ਸਮੇਤ ਅੱਤਵਾਦੀ ਸਰਗਰਮੀਆਂ ਲਈ ਲਵਪ੍ਰੀਤ ਸਿੰਘ ਅਤੇ ਪੰਜ ਲੋਕਾਂ ਨੂੰ ਰਾਜੀ ਸੀ। ਪੁਲਸ ਇਨ੍ਹਾਂ ਲੋਕਾਂ ਦੇ ਬਾਕੀ ਸਾਥੀਆਂ ਬਾਰੇ ਪੁੱਛਗਿੱਛ ਕਰ ਰਹੀ ਹੈ। ਉਥੇ ਹੀ ਉੱਤਰ ਪ੍ਰਦੇਸ਼ ਦੇ ਵਧੀਕ ਪੁਲਸ ਜਨਰਲ ਸਕੱਤਰ ਧਰੁਵ ਠਾਕੁਰ ਨੇ ਮੰਨਿਆ ਕਿ ਸੂਬੇ ਦੇ ਕੁਝ ਨੇਤਾ ਅੱਤਵਾਦੀਆਂ ਦੀ ਹਿੱਟ ਲਿਸਟ 'ਚ ਸਨ। ਇਸ ਤੋਂ ਅੱਗੇ ਉਨ੍ਹਾਂ ਨੇ ਕੋਈ ਡਿਟੇਲ ਨਹੀਂ ਦਿੱਤੀ।

7 ਸਾਲ ਤੋਂ ਅੰਦੋਲਨ 'ਚ ਮਹਿੰਦਰਪਾਲ ਸਿੰਘ
ਮਹਿੰਦਰਪਾਲ ਸਿੰਘ ਦਾ ਜਨਮ 1991 'ਚ ਜੰਮੂ-ਕਸ਼ਮੀਰ ਦੇ ਬਾਰਾਮੂਲਾ ਦੇ ਦੀਵਾਨ ਬਾਗ 'ਚ ਹੋਇਆ ਸੀ। 2007 'ਚ ਉਹ ਪੜ੍ਹਾਈ ਕਰਨ ਲਈ ਦਿੱਲੀ ਆਇਆ ਸੀ। 2013 'ਚ ਗੁਰਬਖਸ਼ ਸਿੰਘ ਖਾਲਸਾ ਗੁਰਦੁਆਰਾ ਅੰਬ ਸਾਹਿਬ 'ਚ 44 ਦਿਨਾਂ ਦੀ ਭੁੱਖ ਹੜਤਾਲ 'ਤੇ ਚਲੇ ਗਏ ਸਨ, ਉਸ 'ਚ ਮਹਿੰਦਰਪਾਲ ਸਿੰਘ ਵੀ ਸ਼ਾਮਲ ਹੋਇਆ ਸੀ। ਇਸ ਤੋਂ ਬਾਅਦ ਉਹ ਖਾਲਿਸਤਾਨ ਅੰਦੋਲਨ ਨਾਲ ਜੁੜੇ ਸੰਗਠਨਾਂ ਅਤੇ ਉਨ੍ਹਾਂ ਦੇ ਮੁਖੀਆਂ ਨਾਲ ਜੁੜ ਗਿਆ ਸੀ। ਇਸ ਤਰ੍ਹਾਂ ਉਹ ਲਗਭਗ 7 ਸਾਲ ਤੋਂ ਖਾਲਿਸਤਾਨ ਨਾਲ ਜੁੜਿਆ ਹੋਇਆ ਹੈ।

ਗੁਰਤੇਜ ਨਾਲ ਮਾਨਸਾ 'ਚ ਮਿਲਿਆ ਸੀ ਲਵਪ੍ਰੀਤ ਸਿੰਘ
ਲਵਪ੍ਰੀਤ ਸਿੰਘ ਉਰਫ ਲਵਲੀ ਨੇ ਸ਼ੁਰੂ 'ਚ ਇਕ ਕੰਪਿਊਟਰ ਮੁਰੰਮਤ ਦੀ ਦੁਕਾਨ 'ਤੇ ਕੰਮ ਕੀਤਾ। ਮੌਜੂਦਾ ਸਮੇਂ 'ਚ ਉਹ ਘਰਾਂ 'ਚ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦਾ ਕੰਮ ਕਰਦਾ ਹੈ। ਉਹ ਲਗਭਗ 3 ਸਾਲ ਪਹਿਲਾਂ ਖਾਲਿਸਤਾਨ ਅੰਦੋਲਨ 'ਚ ਸ਼ਾਮਲ ਲੋਕਾਂ ਨਾਲ ਜੁੜ ਗਿਆ ਸੀ। 2017 'ਚ ਉਹ ਅੰਮ੍ਰਿਤਸਰ 'ਚ ਬਲਜੀਤ ਸਿੰਘ ਅਤੇ ਬਗੀਚਾ ਸਿੰਘ ਦੇ ਸੰਪਰਕ 'ਚ ਆਇਆ। ਇਹ ਦੋਵੇਂ 21 ਮੈਂਬਰੀ ਹਵਾਰਾ ਕਮੇਟੀ ਦਾ ਹਿੱਸਾ ਹਨ। ਉਨ੍ਹਾਂ ਨੇ ਇਸ ਨੂੰ ਖਾਲਿਸਤਾਨ ਸਮਰਥਕ ਰੈਲੀਆਂ 'ਚ ਸੱਦਿਆ, ਜਿਥੇ ਪੰਜਾਬ ਦੇ ਮਾਨਸਾ 'ਚ ਉਸ ਦੀ ਮੁਲਾਕਾਤ ਗੁਰਤੇਜ ਸਿੰਘ ਨਾਲ ਹੋਈ। ਗੁਰਤੇਜ ਸਿੰਘ ਨੇ ਉਸ ਨੂੰ ਜਗਤਾਰ ਸਿੰਘ ਹਵਾਰਾ ਦੇ ਮਾਰਗਦਰਸ਼ਨ 'ਚ ਖਾਲਿਸਤਾਨ ਅੰਦੋਲਨ 'ਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਅਤੇ ਉਸ ਨੂੰ ਹਥਿਆਰਾਂ ਦੀ ਟ੍ਰੇਨਿੰਗ ਲਈ ਪਾਕਿਸਤਾਨ ਭੇਜਣ ਦਾ ਵਾਅਦਾ ਕੀਤਾ।

ਇਹ ਵੀ ਪੜ੍ਹੋ ► ਸਿੱਖ ਨੌਜਵਾਨ ਨੇ ਲਾਈਵ ਹੋ ਕੇ ਕੀਤੀ ਖੁਦਕੁਸ਼ੀ, ਵੀਡੀਓ 'ਚ ਖੋਲ੍ਹਿਆ ਵੱਡਾ ਰਾਜ਼


Anuradha

Content Editor

Related News