ਪ੍ਰੇਮ ਵਿਆਹ ਦਾ ਦਰਦਨਾਕ ਅੰਤ, ਜਨਮਦਿਨ ਵਾਲੇ ਦਿਨ ਹੀ ਪਤਨੀ ਦਾ ਗਲ਼ਾ ਘੁੱਟ ਕੇ ਕਤਲ

Monday, Apr 24, 2023 - 05:08 AM (IST)

ਪ੍ਰੇਮ ਵਿਆਹ ਦਾ ਦਰਦਨਾਕ ਅੰਤ, ਜਨਮਦਿਨ ਵਾਲੇ ਦਿਨ ਹੀ ਪਤਨੀ ਦਾ ਗਲ਼ਾ ਘੁੱਟ ਕੇ ਕਤਲ

ਫਤਿਹਗੜ੍ਹ ਸਾਹਿਬ (ਸੁਰੇਸ਼, ਜਗਦੇਵ, ਜੱਜੀ) : ਪਿੰਡ ਤਲਾਣੀਆ ਵਿਖੇ ਪ੍ਰੇਮ ਵਿਆਹ ਦਾ ਦਰਦਨਾਕ ਅੰਤ ਹੋ ਗਿਆ, ਜਿੱਥੇ ਜਨਮਦਿਨ ਵਾਲੇ ਦਿਨ ਇਕ ਵਿਆਹੁਤਾ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਦੀ ਵਾਰਦਾਤ ਨੂੰ ਅੰਜਾਮ ਵੀ ਸੱਤ ਜਨਮਾਂ ਦਾ ਸਾਥ ਨਿਭਾਉਣ ਵਾਲੇ ਪਤੀ ਵੱਲੋਂ ਦਿੱਤਾ ਗਿਆ। ਵਾਰਦਾਤ ’ਚ ਵਿਆਹੁਤਾ ਦੀ ਸੱਸ ਨੇ ਵੀ ਉਸ ਦੇ ਪਤੀ ਦਾ ਸਾਥ ਦਿੱਤਾ।

ਇਹ ਵੀ ਪੜ੍ਹੋ : ਬੱਜਰੀ ਨਾਲ ਭਰੇ ਟਿੱਪਰ 'ਚ ਟਕਰਾਈ ਬਲੈਰੋ, 2 ਔਰਤਾਂ ਸਮੇਤ 3 ਗੰਭੀਰ ਜ਼ਖ਼ਮੀ

ਇਸ ਸਬੰਧੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲਸ ਮੁਖੀ ਫਤਿਹਗੜ੍ਹ ਸਾਹਿਬ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਡੀ. ਐੱਸ. ਪੀ. ਸੁਖਬੀਰ ਸਿੰਘ ਦੀ ਅਗਵਾਈ 'ਚ ਐੱਸ. ਆਈ. ਅਰਸ਼ਦੀਪ ਸ਼ਰਮਾ ਮੁੱਖ ਅਫ਼ਸਰ ਥਾਣਾ ਫਤਿਹਗੜ੍ਹ ਸਾਹਿਬ ਤੇ ਐੱਸ. ਆਈ. ਸੁਰੇਸ਼ ਕੁਮਾਰ ਨੇ ਪੁਲਸ ਪਾਰਟੀ ਸਮੇਤ ਨੇ ਮ੍ਰਿਤਕਾ ਨਿਆਮਤ ਗਿੱਲ ਦੀ ਮਾਤਾ ਭੁਪਿੰਦਰ ਕੌਰ ਵਾਸੀ ਮੁਹੱਲਾ ਮੋਦੀਆਂਵਾਲਾ ਸਰਹਿੰਦ ਸ਼ਹਿਰ ਦੀ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਮ੍ਰਿਤਕਾ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਉਸ ਦੀ ਸੱਸ ਅਜੇ ਗ੍ਰਿਫਤ ਤੋਂ ਬਾਹਰ ਹੈ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ : ਮਾਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ, ਇਕ ਦੀ ਮੌਤ, 4 ਜ਼ਖ਼ਮੀ

ਉਨ੍ਹਾਂ ਦੱਸਿਆ ਕਿ ਭੁਪਿੰਦਰ ਕੌਰ ਨੇ 23 ਅਪ੍ਰੈਲ 2023 ਨੂੰ ਬਿਆਨ ਲਿਖਵਾਇਆ ਕਿ ਉਸ ਦੀ ਲੜਕੀ ਨਿਆਮਤ ਗਿੱਲ ਨੇ ਮਨਜੋਤ ਸਿੰਘ ਵਾਸੀ ਪਿੰਡ ਤਲਾਣੀਆ ਨਾਲ ਸਾਲ 2016 'ਚ ਲਵ ਮੈਰਿਜ ਕਰਵਾਈ ਸੀ। ਮ੍ਰਿਤਕਾ ਦਾ ਪਤੀ ਤੇ ਉਸ ਦੀ ਮਾਤਾ ਗੁਰਦੀਸ਼ ਕੌਰ ਨੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਨੂੰ ਤੰਗ-ਪ੍ਰੇਸ਼ਾਨ ਕਰਦਿਆਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਸੀ। 22 ਅਪ੍ਰੈਲ 2023 ਨੂੰ ਨਿਆਮਤ ਗਿੱਲ ਦਾ ਜਨਮਦਿਨ ਸੀ ਤੇ ਉਹ ਉਸ ਨੂੰ (ਆਪਣੀ ਮਾਤਾ) ਮਿਲਣਾ ਚਾਹੁੰਦੀ ਸੀ, ਜਿਸ ਕਾਰਨ ਇਨ੍ਹਾਂ 'ਚ ਲੜਾਈ-ਝਗੜਾ ਹੋ ਗਿਆ, ਜਿਸ ’ਤੇ ਮਨਜੋਤ ਸਿੰਘ ਤੇ ਉਸ ਦੀ ਮਾਤਾ ਨੇ ਨਿਆਮਤ ਗਿੱਲ ਨੂੰ ਕੁੱਟਣਾ-ਮਾਰਨਾ ਸ਼ੁਰੂ ਕਰ ਦਿੱਤਾ। ਮਨਜੋਤ ਸਿੰਘ ਆਪਣੀ ਕਾਰ 'ਚ ਬਿਠਾ ਕੇ ਨਿਆਮਤ ਗਿੱਲ ਨੂੰ ਘਰੋਂ ਲੈ ਗਿਆ, ਜਿਸ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਗਲ਼ਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਮੌਕਾ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਅਜਬ-ਗਜ਼ਬ : ਪਿੰਡ ’ਚੋਂ ਮਿਲੀ ਏਲੀਅਨ ਦੀ ਲਾਸ਼, ਸਭ ਦੇ ਸਾਹਮਣੇ ਅਚਾਨਕ ਹੋ ਗਈ ਗਾਇਬ

ਭੁਪਿੰਦਰ ਕੌਰ ਦੇ ਬਿਆਨ ’ਤੇ ਥਾਣਾ ਫਤਿਹਗੜ੍ਹ ਸਾਹਿਬ ਵਿਖੇ ਮਨਜੋਤ ਸਿੰਘ ਤੇ ਗੁਰਦੀਸ਼ ਕੌਰ ਖ਼ਿਲਾਫ਼ ਮੁਕੱਦਮਾ ਦਰਜ ਕਰਦਿਆਂ ਭਾਲ ਸ਼ੁਰੂ ਕੀਤੀ ਗਈ ਤੇ ਕੁਝ ਹੀ ਘੰਟਿਆਂ 'ਚ ਮੁਲਜ਼ਮ ਮਨਜੋਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮਨਜੋਤ ਸਿੰਘ ਵੱਲੋਂ ਵਾਰਦਾਤ ਸਮੇਂ ਵਰਤੀ ਉਕਤ ਕਾਰ ਵੀ ਬਰਾਮਦ ਕਰ ਲਈ ਗਈ ਹੈ। ਮੁਲਜ਼ਮ ਮਨਜੋਤ ਸਿੰਘ ਪਾਸੋਂ ਪੁੱਛਗਿੱਛ ਜਾਰੀ ਹੈ, ਜਿਸ ਨੂੰ ਸੋਮਵਾਰ 24 ਅਪ੍ਰੈਲ ਨੂੰ ਮਾਣਯੋਗ ਅਦਾਲਤ 'ਚ ਪੇਸ਼ ਅਦਾਲਤ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੀ ਸੱਸ ਗੁਰਦੀਸ਼ ਕੌਰ ਦੀ ਗ੍ਰਿਫ਼ਤਾਰੀ ਬਾਕੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News