ਟਰੈਫਿਕ ਚਲਾਨ ਦੇ ਜੁਰਮਾਨੇ ਦਾ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਜਲੰਧਰ ਸ਼ਹਿਰ ’ਚ ਲਾਗੂ ਹੋਵੇਗੀ ਨਵੀਂ ਪਾਲਿਸੀ

Monday, Jul 18, 2022 - 05:14 PM (IST)

ਟਰੈਫਿਕ ਚਲਾਨ ਦੇ ਜੁਰਮਾਨੇ ਦਾ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਜਲੰਧਰ ਸ਼ਹਿਰ ’ਚ ਲਾਗੂ ਹੋਵੇਗੀ ਨਵੀਂ ਪਾਲਿਸੀ

ਜਲੰਧਰ (ਵਰੁਣ)- ਪੰਜਾਬ ਸਰਕਾਰ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 6 ਜੁਰਮਾਂ ਦੇ ਜੁਰਮਾਨੇ ਦੀ ਰਾਸ਼ੀ ’ਚ ਵਾਧਾ ਕਰਨ ਤੋਂ ਬਾਅਦ ਹੁਣ ਜਲੰਧਰ ਟਰੈਫਿਕ ਪੁਲਸ ਨੋਟੀਫਿਕੇਸ਼ਨ ਦੀ ਉਡੀਕ ਕਰ ਰਹੀ ਹੈ। ਹਾਲਾਂਕਿ ਇਸ ਨੂੰ ਤੁਰੰਤ ਲਾਗੂ ਕਰਨ ਲਈ ਟਰੈਫਿਕ ਪੁਲਸ ਦੇ ਅਧਿਕਾਰੀਆਂ ਨੇ ਕਮਰ ਕੱਸ ਲਈ ਹੈ ਅਤੇ ਜਿਵੇਂ ਹੀ ਨੋਟੀਫਿਕੇਸ਼ਨ ਆਇਆ ਤਾਂ ਉਸ ਨੂੰ ਉਸੇ ਦਿਨ ਤੋਂ ਲਾਗੂ ਵੀ ਕਰ ਦਿੱਤਾ ਜਾਵੇਗਾ। ਪੰਜਾਬ ਸਰਕਾਰ ਨੇ ਸਿਰਫ਼ ਉਨ੍ਹਾਂ 6 ਜੁਰਮਾਂ (ਨਿਯਮਾਂ) ਦੇ ਜੁਰਮਾਨੇ ’ਚ ਵਾਧਾ ਕੀਤਾ ਹੈ, ਜਿਨ੍ਹਾਂ ਨੂੰ ਤੋੜਨ ਨਾਲ ਦੂਜਿਆਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।

ਪੰਜਾਬ ਸਰਕਾਰ ਨੇ ਓਵਰ ਸਪੀਡ ਦੇ ਜੁਰਮ ’ਚ ਵਾਧਾ ਤਾਂ ਕੀਤਾ ਹੈ ਪਰ ਸਿਟੀ ਟਰੈਫਿਕ ਪੁਲਸ ਕੋਲ ਸਿਰਫ਼ ਇਕ ਹੀ ਸਪੀਡੋਮੀਟਰ ਹੈ, ਜਿਸ ਨੂੰ ਜ਼ਿਆਦਾਤਰ ਹਾਈਵੇਅ ’ਤੇ ਹੀ ਲਾ ਕੇ ਚਲਾਨ ਕੀਤੇ ਜਾਂਦੇ ਹਨ। ਐਲਕੋਮੀਟਰ ਦੇ ਚਲਾਨ ਵੀ ਲੰਮੇ ਸਮੇਂ ਤੋਂ ਬੰਦ ਕੀਤੇ ਹੋਏ ਹਨ। ਕੋਰੋਨਾ ਦੇ ਸਮੇਂ ਤੋਂ ਹੀ ਡ੍ਰਿੰਕ ਐਂਡ ਡ੍ਰਾਈਵ ਦੇ ਚਲਾਨ ਨਹੀਂ ਹੁਏ। ਉਥੇ ਹੀ, ਪੰਜਾਬ ਸਰਕਾਰ ਵੱਲੋਂ ਇਹ ਵੀ ਸ਼ਰਤ ਰੱਖੀ ਗਈ ਹੈ ਕਿ ਚਲਾਨ ਏ. ਐੱਸ. ਆਈ. ਜਾਂ ਫਿਰ ਇਸ ਤੋਂ ਉੱਪਰ ਦੇ ਰੈਂਕ ਦਾ ਟਰੈਫਿਕ ਮੁਲਾਜ਼ਮ ਹੀ ਕੱਟੇਗਾ। ਜਲੰਧਰ ਟਰੈਫਿਕ ਪੁਲਸ ਦੀ ਗੱਲ ਕਰੀਏ ਤਾਂ ਟਰੈਫਿਕ ਥਾਣੇ ’ਚ ਸਭ ਤੋਂ ਵੱਧ ਏ. ਐੱਸ. ਆਈ. ਰੈਂਕ ਦੇ ਮੁਲਾਜ਼ਮ ਹਨ, ਜਿਸ ਨਾਲ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ। ਇਸ ਸਮੇਂ ਟਰੈਫਿਕ ਥਾਣੇ ਦੀ ਨਫਰੀ 165 ਮੁਲਾਜ਼ਮਾਂ ਦੀ ਹੈ, ਜਿਨ੍ਹਾਂ ’ਚ ਇੰਸਪੈਕਟਰ ਵੀ ਸ਼ਾਮਲ ਹਨ। ਟਰੈਫਿਕ ਪੁਲਸ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਨਾਕੇ ਰੁਟੀਨ ਵਾਂਗ ਹੀ ਲੱਗਣਗੇ ਪਰ ਜਿਹੜੇ ਜੁਰਮਾਂ ਦੇ ਜੁਰਮਾਨਿਆਂ ’ਚ ਵਾਧਾ ਹੋਇਆ ਹੈ, ਉਸ ਨੂੰ ਲੈ ਕੇ ਮੁਲਾਜ਼ਮਾਂ ਨੂੰ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਕਾਂਗਰਸੀ ਆਗੂ ਕੁਲਦੀਪ ਮਿੰਟੂ ਦੀ ਪਤਨੀ ਦੀ ਭਿਆਨਕ ਸੜਕ ਹਾਦਸੇ ’ਚ ਮੌਤ, ਵੈਸ਼ਣੋ ਦੇਵੀ ਤੋਂ ਪਰਤ ਰਿਹਾ ਸੀ ਪਰਿਵਾਰ

ਅਧਿਕਾਰੀਆਂ ਨੇ ਦੱਸਿਆ ਕਿ 6 ਜੁਰਮਾਂ ਦੇ ਜੁਰਮਾਨੇ ’ਚ ਵਾਧੇ ਤੋਂ ਬਾਅਦ ਲੋਕਾਂ ’ਚ ਕਾਫ਼ੀ ਸੁਧਾਰ ਵੇਖਣ ਨੂੰ ਮਿਲ ਸਕਦਾ ਹੈ।ਏ. ਡੀ. ਸੀ. ਪੀ. ਟਰੈਫਿਕ ਪਰਮਿੰਦਰ ਸਿੰਘ ਨੇ ਦੱਸਿਆ ਕਿ ਨਵਾਂ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਉਸੇ ਦਿਨ ਤੋਂ ਉਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਟਰੈਫਿਕ ਪੁਲਸ ਦੇ ਐਜੂਕੇਸ਼ਨ ਸੈੱਲ ਦੀ ਟੀਮ ਪਿਛਲੇ ਲੰਮੇ ਸਮੇਂ ਤੋਂ ਸਕੂਲਾਂ-ਕਾਲਜਾਂ, ਜਨਤਕ ਸਥਾਨਾਂ, ਟੈਕਸੀ ਸਟੈਂਡ ਅਤੇ ਆਟੋ ਵਾਲਿਆਂ ਨੂੰ ਟਰੈਫਿਕ ਨਿਯਮਾਂ ਨੂੰ ਲੈ ਕੇ ਜਾਗਰੂਕ ਕਰ ਰਹੀ ਹੈ। ਇਸ ਦੇ ਬਾਵਜੂਦ ਸ਼ਹਿਰ ’ਚ ਲਗਾਤਾਰ ਚਲਾਨ ਦੀ ਗਿਣਤੀ ਵਧ ਰਹੀ ਹੈ।

ਇਨ੍ਹਾਂ ਜੁਰਮਾਂ ’ਤੇ ਵਧਿਆ ਜੁਰਮਾਨਾ
–ਓਵਰਲੋਡ ਹੈਵੀ ਵ੍ਹੀਕਲ ’ਤੇ ਪਹਿਲੀ ਵਾਰ 20 ਹਜ਼ਾਰ ਰੁਪਏ ਅਤੇ ਤੈਅ ਵਜ਼ਨ ਤੋਂ ਵੱਧ ਹੋਣ ’ਤੇ ਪ੍ਰਤੀ ਟਨ ਦੇ ਹਿਸਾਬ ਨਾਲ 2 ਹਜ਼ਾਰ ਰੁਪਏ ਅਤੇ 3 ਮਹੀਨੇ ਲਈ ਲਾਇਸੈਂਸ ਸਸਪੈਂਡ।
ਦੂਜੀ ਵਾਰ 40 ਹਜ਼ਾਰ ਰੁਪਏ ਜੁਰਮਾਨਾ ਅਤੇ ਤੈਅ ਵਜ਼ਨ ਤੋਂ ਵੱਧ ਹਰ ਟਨ ’ਤੇ 2 ਹਜ਼ਾਰ ਰੁਪਏ ਅਤੇ 3 ਮਹੀਨੇ ਦੇ ਲਈ ਲਾਇਸੈਂਸ ਸਸਪੈਂਡ।
–ਡ੍ਰਿੰਕ ਐਂਡ ਡ੍ਰਾਈਵ ’ਤੇ ਪਹਿਲੀ ਵਾਰ ਹੋਏ ਚਲਾਨ ’ਚ 5 ਹਜ਼ਾਰ ਰੁਪਏ ਜੁਰਮਾਨਾ ਅਤੇ 3 ਮਹੀਨੇ ਲਈ ਲਾਇਸੈਂਸ ਸਸਪੈਂਡ। ਦੂਜੀ ਵਾਰ ਚਲਾਨ ਹੋਣ ’ਤੇ 10 ਹਜ਼ਾਰ ਰੁਪਏ ਜੁਰਮਾਨਾ ਅਤੇ 3 ਮਹੀਨੇ ਲਈ ਲਾਇਸੈਂਸ ਸਸਪੈਂਡ।
–ਓਵਰ ਸਪੀਡ ਹੋਣ ’ਤੇ 1 ਹਜ਼ਾਰ ਰੁਪਏ ਜੁਰਮਾਨਾ ਅਤੇ 3 ਮਹੀਨੇ ਲਈ ਲਾਇਸੈਂਸ ਸਸਪੈਂਡ। ਦੂਜੀ ਵਾਰ 2 ਹਜ਼ਾਰ ਰੁਪਏ ਜੁਰਮਾਨਾ ਅਤੇ 3 ਮਹੀਨੇ ਲਈ ਲਾਇਸੈਂਸ ਸਸਪੈਂਡ।
–ਰੈੱਡ ਲਾਈਟ ਜੰਪ : ਪਹਿਲੀ ਵਾਰ 1 ਹਜ਼ਾਰ ਰੁਪਏ ਜੁਰਮਾਨਾ ਅਤੇ 3 ਮਹੀਨੇ ਲਈ ਲਾਇਸੈਂਸ ਸਸਪੈਂਡ। ਦੂਜੀ ਵਾਰ ਚਲਾਨ ਹੋਣ ’ਤੇ 2 ਹਜ਼ਾਰ ਜੁਰਮਾਨਾ ਅਤੇ 3 ਮਹੀਨੇ ਲਈ ਲਾਇਸੈਂਸ ਸਸਪੈਂਡ।
–ਟ੍ਰਿਪਲ ਰਾਈਡਿੰਗ : 1 ਹਜ਼ਾਰ ਰੁਪਏ ਜੁਰਮਾਨਾ ਅਤੇ 3 ਮਹੀਨੇ ਲਈ ਲਾਇਸੈਂਸ ਸਸਪੈਂਡ। ਦੂਜੀ ਵਾਰ 2 ਹਜ਼ਾਰ ਰੁਪਏ ਜੁਰਮਾਨਾ ਅਤੇ 3 ਮਹੀਨੇ ਲਈ ਲਾਇਸੈਂਸ ਸਸਪੈਂਡ।
–ਡ੍ਰਾਈਵਿੰਗ ਦੌਰਾਨ ਮੋਬਾਇਲ ਸੁਣਨਾ : ਪਹਿਲੀ ਵਾਰ 5 ਹਜ਼ਾਰ ਰੁਪਏ ਜੁਰਮਾਨਾ ਅਤੇ 3 ਮਹੀਨੇ ਲਈ ਲਾਇਸੈਂਸ ਸਸਪੈਂਡ। ਦੂਜੀ ਵਾਰ 10 ਹਜ਼ਾਰ ਰੁਪਏ ਜੁਰਮਾਨਾ ਅਤੇ 3 ਮਹੀਨੇ ਲਈ ਲਾਇਸੈਂਸ ਸਸਪੈਂਡ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਵਿਖੇ ਭਗਵੰਤ ਮਾਨ ਨੇ ਪਵਿੱਤਰ ਵੇਈਂ ਦਾ ਕੀਤਾ ਦੌਰਾ, ਛਕਿਆ ਜਲ

ਕੁਰੱਪਸ਼ਨ ਰੋਕਣ ਲਈ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦੀ ਲਾਈ ਜ਼ਿੰਮੇਵਾਰੀ
ਸੰਭਵ ਹੈ ਕਿ ਇੰਨੀ ਰਾਸ਼ੀ ਜੁਰਮਾਨਾ ਦੇਣ ਦੀ ਥਾਂ ਲੋਕ ਟਰੈਫਿਕ ਮੁਲਾਜ਼ਮਾਂ ਨੂੰ ਕੁਝ ਪੈਸੇ ਦੇ ਕੇ ਚਲਾਨ ਤੋਂ ਬਚਣ ਦਾ ਯਤਨ ਕਰਨਗੇ ਪਰ ਕੁਰੱਪਸ਼ਨ ਨੂੰ ਰੋਕਣ ਲਈ ਟਰੈਫਿਕ ਪੁਲਸ ਦੇ ਅਧਿਕਾਰੀਆਂ ਨੇ ਵੀ ਕਮਰ ਕੱਸ ਲਈ ਹੈ। ਸੂਤਰਾਂ ਦੀ ਮੰਨੀਏ ਤਾਂ ਡੀ. ਸੀ. ਪੀ. ਰੈਂਕ ਦੇ ਅਧਿਕਾਰੀਆਂ ਨੇ ਟਰੈਫਿਕ ਪੁਲਸ ਦੇ ਜ਼ੋਨ ਇੰਚਾਰਜ ਇੰਸਪੈਕਟਰਾਂ ਨਾਲ ਮੀਟਿੰਗ ਕਰਕੇ ਦੋ-ਟੁੱਕ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਜ਼ੋਨ ’ਚ ਕਿਸੇ ਵੀ ਤਰ੍ਹਾਂ ਦੀ ਕੁਰੱਪਸ਼ਨ ਹੋਈ ਤਾਂ ਸਾਰੀ ਜ਼ਿੰਮੇਵਾਰੀ ਉਨ੍ਹਾਂ ਦੀ ਹੋਵੇਗੀ। ਸਾਫ ਹੈ ਕਿ ਪੁਲਸ ਅਧਿਕਾਰੀ ਕਿਸੇ ਵੀ ਕੀਮਤ ’ਤੇ ਕੁਰੱਪਸ਼ਨ ਸਵੀਕਾਰ ਨਹੀਂ ਕਰਨਗੇ ਕਿਉਂਕਿ ਆਉਣ ਵਾਲੇ ਸਮੇਂ ’ਚ ਪੰਜਾਬ ਸਰਕਾਰ ਚਲਾਨ ਦਾ ਡਾਟਾ ਵੀ ਮੰਗਵਾ ਸਕਦੀ ਹੈ।

ਇਹ ਵੀ ਪੜ੍ਹੋ: ਰੋਜ਼ੀ-ਰੋਟੀ ਲਈ ਦੁਬਈ ਗਏ ਨੌਜਵਾਨਾਂ ਨੂੰ ਬਣਾਇਆ ਬੰਧਕ, ਪਰਿਵਾਰ ਨੂੰ ਵੀਡੀਓ ਭੇਜ ਸੁਣਾਈ ਦੁੱਖ਼ ਭਰੀ ਦਾਸਤਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News