ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੀ ਹੁਣ ਖੈਰ ਨਹੀਂ, ਪੁਲਸ ਦੀ ਇਹ ਐਪ ਉਡਾਵੇਗੀ ਨੀਂਦ
Saturday, Feb 08, 2020 - 06:50 PM (IST)

ਪਟਿਆਲਾ (ਇੰਦਰਜੀਤ ਬਖਸ਼ੀ) : ਪਟਿਆਲਾ ਟ੍ਰੈਫ਼ਿਕ ਪੁਲਸ ਨੇ ਇਕ ਅਜਿਹੀ ਮੋਬਾਇਲ ਐਪ ਰੀ-ਲਾਂਚ ਕੀਤੀ ਹੈ, ਜਿਸ ਰਾਹੀਂ ਹਰ ਆਮ ਵਿਅਕਤੀ ਟ੍ਰੈਫਿਕ ਮਾਰਸ਼ਲ ਦਾ ਕੰਮ ਕਰ ਸਕਦਾ ਹੈ। ਜੇਕਰ ਤੁਹਾਨੂੰ ਕੋਈ ਵਿਅਕਤੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਨਜ਼ਰ ਆਉਂਦਾ ਹੈ ਤਾਂ ਤੁਸੀਂ ਉਸ ਦੀ ਤਸਵੀਰ ਜਿਸ ਵਿਚ ਵਹੀਕਲ ਦੀ ਨੰਬਰ ਪਲੇਟ ਨਜ਼ਰ ਆਉਂਦੀ ਹੋਵੇ ਖਿੱਚ ਕੇ ਇਸ ਐਪ 'ਤੇ ਅਪਲੋਡ ਕਰ ਸਕਦੇ ਹੋ, ਇਸ 'ਤੇ ਤੁਰੰਤ ਕਾਰਵਾਈ ਹੋਵੇਗੀ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਦਾ ਚਲਾਨ ਕੱਟਿਆ ਜਾਵੇਗਾ।
ਪਟਿਆਲਾ ਪੁਲਸ ਦੇ ਟ੍ਰੈਫਿਕ ਐੱਸ. ਪੀ. ਪਲਵਿੰਦਰ ਚੀਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 2018 ਵਿਚ ਇਸ ਐਪ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਤੱਕ 3200 ਦੇ ਕਰੀਬ ਚਲਾਨ ਇਸ ਐਪ ਰਾਹੀਂ ਕੱਟੇ ਜਾ ਚੁੱਕੇ ਹਨ। ਚੀਮਾ ਅਨੁਸਾਰ ਹੁਣ ਤੱਕ ਪੰਜ ਹਜ਼ਾਰ ਦੇ ਕਰੀਬ ਪਟਿਆਲਾ ਦੇ ਲੋਕਾਂ ਨੇ ਇਸ ਐਪ ਨੂੰ ਆਪਣੇ ਮੋਬਾਇਲ 'ਚ ਡਾਊਨਲੋਡ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕ ਇਸ ਐਪ ਨੂੰ ਵੱਧ ਤੋਂ ਵੱਧ ਡਾਊਨਲੋਡ ਕਰਨ ਤਾਂ ਜੋ ਸ਼ਹਿਰ ਵਿਚ ਟ੍ਰੈਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਵਾਈ ਜਾ ਸਕੇ, ਇਸ ਨਾਲ ਜਿੱਥੇ ਹਾਦਸਿਆਂ ਦੀ ਗਿਣਤੀ ਵੀ ਘਟੇਗੀ, ਉਥੇ ਹੀ ਟ੍ਰੈਫਿਕ ਦੀ ਸਮੱਸਿਆ ਤੋਂ ਵੀ ਨਿਜ਼ਾਤ ਮਿਲੇਗਾ।