ਟਰੈਫਿਕ ਪੁਲਸ ਦੀ ਇਕ ਹੋਰ ਵੀਡੀਓ ਹੋਈ ਵਾਇਰਲ, ਵਿਦਿਆਰਥੀ ਦੇ ਸ਼ਰ੍ਹੇਆਮ ਮਾਰੇ ਥੱਪੜ

08/02/2017 5:40:23 PM

ਲੁਧਿਆਣਾ— ਸੋਸ਼ਲ ਮੀਡੀਆ 'ਤੇ ਟਰੈਫਿਕ ਪੁਲਸ ਦੇ ਕਾਰਨਾਮੇ ਤਾਂ ਹਮੇਸ਼ਾ ਤੋਂ ਹੀ ਵਾਇਰਲ ਹੁੰਦੇ ਰਹੇ ਹਨ। ਇਸੇ ਲੜੀ ਵਿਚ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਧੜੱਲੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ। ਵੀਡੀਓ ਵਿਚ ਟਰੈਫਿਕ ਪੁਲਸ ਕਰਮੀ ਇਕ ਕਾਲਜ ਵਿਦਿਆਰਥੀ ਦੇ ਥੱਪੜ ਮਾਰਦਾ ਦਿਖਾਈ ਦੇ ਰਿਹਾ ਹੈ। ਘਟਨਾ ਬੀਤੇ ਸ਼ਨੀਵਾਰ ਦੀ ਫਾਊਂਟੇਨ ਚੌਕ ਦੀ ਹੈ। ਨੂਰਵਾਲਾ ਰੋਡ ਦਾ ਰਹਿਣ ਵਾਲਾ ਪੰਕਜ ਆਪਣੀ ਬੀ. ਐੱਮ. ਡਬਲਿਊ. ਕਾਰ ਵਿਚ ਉਥੋਂ ਲੰਘ ਰਿਹਾ ਸੀ। ਉੱਥੇ ਡਿਊਟੀ 'ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਉਨ੍ਹਾਂ ਨੇ ਪੰਕਜ ਤੋਂ ਡਰਾਈਵਿੰਗ ਲਾਈਸੈਂਸ ਅਤੇ ਕਾਗਜ਼ਾਤ ਮੰਗੇ। ਪੰਕਜ ਦੇ ਅਨੁਸਾਰ ਉਸ ਦਾ ਡਰਾਈਵਿੰਗ ਲਾਈਸੈਂਸ ਅਤੇ ਕੁਝ ਕਾਗਜ਼ਾਤ ਕੁਝ ਦਿਨ ਪਹਿਲਾਂ ਹੀ ਗੁਆਚ ਗਏ ਸਨ। ਉਸ ਨੇ 25 ਜੁਲਾਈ ਨੂੰ ਪੁਲਸ ਨੂੰ ਇਸ ਦੀ ਰਿਪੋਰਟ ਵੀ ਦਰਜ ਕਰਵਾਈ ਸੀ ਪਰ ਉੱਥੇ ਤਾਇਨਾਤ ਟਰੈਫਿਕ ਪੁਲਸ ਕਰਮੀ ਨੇ ਉਸ ਦੀ ਇਕ ਵੀ ਨਹੀਂ ਸੁਣੀ ਅਤੇ ਲੋਕਾਂ ਦੇ ਸਾਹਮਣੇ ਉਸ ਦੇ ਮੂੰਹ 'ਤੇ ਥੱਪੜ ਜੜ ਦਿੱਤਾ। ਇਸ ਤੋਂ ਬਾਅਦ ਟਰੈਫਿਕ ਕਰਮੀਆਂ ਨੇ ਉਸ ਦਾ ਚਲਾਨ ਕਰ ਦਿੱਤਾ। ਉੱਥੇ ਖੜ੍ਹੇ ਇਕ ਵਿਅਕਤੀ ਨੇ ਇਸ ਸਾਰੇ ਮਾਮਲੇ ਨੂੰ ਆਪਣੇ ਮੋਬਾਈਲ 'ਚ ਕੈਦ ਕਰ ਲਿਆ। ਦੋ ਦਿਨਾਂ ਵਿਚ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਗਈ। ਪੰਕਜ ਦੇ ਪਿਤਾ ਰਾਕੇਸ਼ ਕੁਮਾਰ ਨੂੰ ਜਦੋਂ ਇਹ ਵੀਡੀਓ ਮਿਲੀ ਤਾਂ ਉਨ੍ਹਾਂ ਨੇ ਏ. ਡੀ. ਸੀ. ਪੀ. ਟਰੈਫਿਕ ਸੁਖਪਾਲ ਸਿੰਘ ਬਰਾੜ ਨੂੰ ਵੀ ਇਹ ਵੀਡੀਓ ਭੇਜ ਕੇ ਉਕਤ ਟਰੈਫਿਕ ਪੁਲਸ ਮੁਲਾਜ਼ਮ ਖਿਲਾਫ ਕਾਰਵਾਈ ਕਰਨ ਦੀ ਗੁਹਾਰ ਲਗਾਈ। ਇਸ ਮਾਮਲੇ ਵਿਚ ਬਰਾੜ ਦਾ ਕਹਿਣਾ ਹੈ ਕਿ ਵੀਡੀਓ ਉਨ੍ਹਾਂ ਨੇ ਦੇਖੀ ਹੈ, ਜਿਸ ਵਿਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਨੌਜਵਾਨ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਉਨ੍ਹਾਂ ਮੰਨਿਆ ਕਿ ਟਰੈਫਿਕ ਪੁਲਸ ਮੁਲਾਜ਼ਮ ਵੱਲੋਂ ਥੱਪੜ ਮਾਰਨਾ ਵੀ ਗਲਤ ਸੀ।


Related News