ਖਰੜ ''ਚ ਤਿਉਹਾਰਾਂ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਸਖ਼ਤ, ਵਾਹਨ ਚਾਲਕਾਂ ਦੇ ਕੱਟੇ ਗਏ ਚਲਾਨ
Sunday, Oct 09, 2022 - 01:33 PM (IST)
ਖਰੜ (ਅਮਰਦੀਪ) : ਖਰੜ ਟ੍ਰੈਫਿਕ ਪੁਲਸ ਦੇ ਇੰਚਾਰਜ ਏ. ਐੱਸ. ਆਈ. ਸੁਖਮੰਦਰ ਸਿੰਘ ਨੇ ਇੱਥੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਖਰੜ ਸ਼ਹਿਰ 'ਚ ਤਿਉਹਾਰਾਂ ਦੇ ਮੱਦੇਨਜ਼ਰ ਟ੍ਰੈਫਿਕ ’ਤੇ ਕਾਬੂ ਪਾਉਣ ਲਈ ਸਖ਼ਤੀ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਦੇਖਣ 'ਚ ਆਉਂਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਲਾਂਡਰਾਂ ਰੋਡ ’ਤੇ ਕਈ ਵਾਹਨ ਚਾਲਕ ਸੜਕਾਂ ਕਿਨਾਰੇ ਆਪਣੇ ਵਾਹਨ ਖੜ੍ਹੇ ਕਰ ਕੇ ਚਲੇ ਜਾਂਦੇ ਹਨ, ਜਿਸ ਕਾਰਨ ਵਧੇਰੇ ਟ੍ਰੈਫਿਕ ਪ੍ਰਭਾਵਿਤ ਹੋ ਰਿਹਾ ਹੈ।
ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ਕਿਨਾਰੇ ਵਾਹਨ ਖੜ੍ਹੇ ਨਾ ਕਰਨ। ਇਸੇ ਤਰ੍ਹਾਂ ਹਸਪਤਾਲ ਰੋਡ ’ਤੇ ਵੀ ਵਾਹਨ ਚਾਲਕ ਸੜਕਾਂ ਕਿਨਾਰੇ ਵਾਹਨ ਖੜ੍ਹੇ ਕਰਦੇ ਹਨ ਅਤੇ ਬੀਤੇ ਦਿਨ ਸੜਕਾਂ ਕਿਨਾਰੇ ਖੜ੍ਹਦੇ ਵਾਹਨਾਂ ਦੇ ਚਲਾਨ ਵੀ ਕੱਟੇ ਗਏ ਹਨ। ਉਨ੍ਹਾਂ ਕਿਹਾ ਕਿ ਦੁਕਾਨਦਾਰ ਜੋ ਤਿਉਹਾਰਾਂ ਦੇ ਮੱਦੇਨਜ਼ਰ ਦੁਕਾਨਾਂ ਤੋਂ ਬਾਹਰ ਤੱਕ ਆਪਣਾ ਸਮਾਨ ਲਾ ਕੇ ਨਾਜਾਇਜ਼ ਕਬਜ਼ੇ ਕਰਦੇ ਹਨ, ਉਹ ਦੁਕਾਨਾਂ ਦੇ ਅੰਦਰ ਹੀ ਸਮਾਨ ਰੱਖ ਕੇ ਵੇਚਣ, ਤਾਂ ਜੋ ਟ੍ਰੈਫਿਕ ਪ੍ਰਭਾਵਿਤ ਨਾ ਹੋ ਸਕੇ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫਿਕ ਪੁਲਸ ਨੂੰ ਸਹਿਯੋਗ ਦੇਣ।