ਹੋਲੀ ਮੌਕੇ ਹੁੱਲੜਬਾਜ਼ੀ ਕਰਨੀ ਪਈ ਮਹਿੰਗੀ, ਟ੍ਰੈਫਿਕ ਪੁਲਸ ਨੇ ਕੱਟੇ ਚਲਾਨ
Saturday, Mar 15, 2025 - 12:59 PM (IST)

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਵਿਖੇ ਹੋਲੀ ਦੇ ਤਿਉਹਾਰ ਮੌਕੇ ਸ਼ਹਿਰ ’ਚ ਮੋਟਰਸਾਈਕਲਾਂ ਅਤੇ ਕਾਰਾਂ ’ਚ ਸਵਾਰ ਹੋ ਕੇ ਨੌਜਵਾਨਾਂ ਨੂੰ ਹੁੱਲੜਬਾਜ਼ੀ ਕਰਨੀ ਉਸ ਸਮੇਂ ਮਹਿੰਗੀ ਪਈਸ ਜਦੋਂ ਸ਼ਹਿਰ ’ਚ ਪੂਰੀ ਤਰ੍ਹਾਂ ਮੁਸਤੈਦ ਟ੍ਰੈਫ਼ਿਕ ਇੰਚਾਰਜ ਸਹਾਇਕ ਸਬ ਇੰਸਪੈਕਟਰ ਸਾਹਿਬ ਸਿੰਘ ਧਨੋਆ ਦੀ ਅਗਾਵਈ ਵਾਲੀ ਟ੍ਰੈਫ਼ਿਕ ਪੁਲਸ ਵੱਲੋਂ ਹੁੱਲੜਬਾਜ਼ੀ ਕਰਨ ਵਾਲੇ ਇਨ੍ਹਾਂ ਨੌਜਵਾਨਾਂ ਖ਼ਿਲਾਫ਼ ਕਾਰਵਾਈ ਕਰਦਿਆਂ 155 ਚਲਾਨ ਕੀਤੇ ਗਏ ਅਤੇ ਕਈਆਂ ਨੂੰ ਚਿਤਾਵਨੀ ਦੇ ਕੇ ਛੱਡਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਟ੍ਰੈਫ਼ਿਕ ਪੁਲਸ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਸਾਹਿਬ ਸਿੰਘ ਧਨੋਆ ਅਤੇ ਹੈਡਕਾਂਸਟੇਬਲ ਸੁਖਵਿੰਦਰ ਸਿੰਘ ਬੀਂਬੜ ਨੇ ਦੱਸਿਆ ਕਿ ਹੋਲੀ ਦੇ ਤਿਉਹਾਰ ਨੂੰ ਲੈ ਕੇ ਸ਼ਹਿਰ ’ਚ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਟ੍ਰੈਫ਼ਿਕ ਪੁਲਸ ਵੱਲੋਂ ਸ਼ਹਿਰ ਦੇ ਮੇਨ ਬਜ਼ਾਰ ਸਮੇਤ ਹੋਰ ਵੱਖ-ਵੱਖ ਜਨਤਕ ਥਾਵਾਂ 'ਤੇ ਲਗਾਤਾਰ ਗਸ਼ਤ ਕਰਦਿਆਂ ਸ਼ਹਿਰ ’ਚ ਹੁੱਲੜਬਾਜ਼ੀ ਕਰਨ ਵਾਲੇ ਅਤੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮੋਟਰਸਾਈਕਲ, ਸਕੂਟਰੀ ਤੇ ਕਾਰ ਚਾਲਕਾਂ ਦੇ 155 ਵੱਖ-ਵੱਖ ਕੈਟਾਗਿਰੀ ਦੇ ਚਲਾਨ ਕੀਤੇ ਗਏ। ਇਸ 'ਚ ਮੁੱਖ ਤੌਰ ’ਤੇ ਮੋਟਰਸਾਈਕਲਾਂ 'ਤੇ ਦੋ ਤੋਂ ਵੱਧ ਸਵਾਰ, ਨੋ ਪਾਰਕਿੰਗ, ਬਿਨ੍ਹਾਂ ਨੰਬਰ ਪਲੇਟ, ਹੈਲਮੈੱਟ ਤੋਂ ਬਗੈਰ, ਬੁਲਟ ਮੋਟਰਸਾਈਕਲਾਂ ਦੇ ਪਟਾਕੇ ਵਜਾਉਣ, ਪ੍ਰੈਸ਼ਰ ਹਾਰਨ ਵਜਾਉਣ ਤੇ ਸ਼ਰਾਬ ਪੀ ਕੇ ਅਤੇ ਹੁੱਲੜਬਾਜ਼ੀ ਕਰਨ ਸਮੇਤ ਹੋਰ ਵੱਖ-ਵੱਖ ਕੈਟਾਗਿਰੀ ਦੇ ਚਲਾਨ ਸ਼ਾਮਲ ਸਨ।
ਟ੍ਰੈਫ਼ਿਕ ਪੁਲਸ ਦੇ ਇੰਚਾਰਜ ਸਾਹਿਬ ਸਿੰਘ ਨੇ ਕਿਹਾ ਕਿ ਸ਼ਹਿਰ ’ਚ ਟ੍ਰੈਫ਼ਿਕ ਦੀ ਸਮੱਸਿਆ ਦੇ ਖ਼ਾਤਮੇ ਲਈ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਇਹ ਕਾਰਵਾਈ ਅਗਲੇ ਦਿਨਾਂ ’ਚ ਵੀ ਲਗਾਤਾਰ ਜਾਰੀ ਰਹੇਗੀ ਅਤੇ ਖਾਸ ਕਰਕੇ ਸ਼ਹਿਰ ’ਚ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਵਜਾਉਣ ਵਾਲੇ ਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਟ੍ਰੈਫ਼ਿਕ ਪੁਲਸ ਦੇ ਹੈੱਡ ਕਾਂਸਟੇਬਲ ਪ੍ਰਗਟ ਸਿੰਘ ਤੇ ਪੀ. ਐੱਚ. ਜੀ. ਅਮਨਦੀਪ ਸਿੰਘ ਵੀ ਮੌਜੂਦ ਸਨ। ਇਸ ਮੌਕੇ ਬਜ਼ਾਰ ’ਚ ਡਿਊਟੀ 'ਤੇ ਤਾਇਨਾਤ ਟ੍ਰੈਫ਼ਿਕ ਪੁਲਸ ਦੇ ਮੁਲਾਜ਼ਮਾਂ ਨੂੰ ਔਰਤਾਂ ਵੱਲੋਂ ਤਿਲਕ ਲਗਾ ਕੇ ਹੋਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ।