15 ਅਗਸਤ ਲਈ ਚੰਡੀਗੜ੍ਹ 'ਚ ਟ੍ਰੈਫਿਕ ਪਲਾਨ ਜਾਰੀ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਪੂਰੀ ਐਡਵਾਈਜ਼ਰੀ
Thursday, Aug 13, 2026 - 02:01 PM (IST)
ਚੰਡੀਗੜ੍ਹ (ਮਨਪ੍ਰੀਤ) : ਆਜ਼ਾਦੀ ਦਿਹਾੜੇ ਦੇ ਸਮਾਗਮਾਂ ਨੂੰ ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹਨ ਲਈ ਚੰਡੀਗੜ੍ਹ ਪੁਲਸ ਨੇ 15 ਅਗਸਤ ਲਈ ਵਿਸਥਾਰਤ ਟ੍ਰੈਫਿਕ ਤੇ ਸੁਰੱਖਿਆ ਐਡਵਾਈਜ਼ਰੀ ਜਾਰੀ ਕੀਤੀ ਹੈ। ਸੈਕਟਰ-17 ਦੇ ਪਰੇਡ ਗਰਾਊਂਡ ’ਚ ਹੋਣ ਵਾਲੇ ਮੁੱਖ ਸਮਾਗਮ ਤੇ ਪੰਜਾਬ ਤੇ ਹਰਿਆਣਾ ਲੋਕ ਭਵਨਾਂ ’ਚ ਹੋਣ ਵਾਲੇ ‘ਐਟ ਹੋਮ’ ਪ੍ਰੋਗਰਾਮਾਂ ਦੇ ਮੱਦੇਨਜ਼ਰ ਕਈ ਅਹਿਮ ਰਸਤਿਆਂ ’ਤੇ ਆਮ ਆਵਾਜਾਈ ਰੋਕ ਕੇ ਟ੍ਰੈਫਿਕ ਨੂੰ ਬਦਲਵੇਂ ਰੂਟਾਂ ਰਾਹੀਂ ਚਲਾਇਆ ਜਾਵੇਗਾ। ਪੁਲਸ ਮੁਤਾਬਕ 15 ਅਗਸਤ ਸਵੇਰ 6:30 ਵਜੇ ਤੋਂ ਸਮਾਗਮ ਖ਼ਤਮ ਹੋਣ ਤੱਕ ਪਰੇਡ ਗਰਾਊਂਡ ਦੇ ਆਲੇ-ਦੁਆਲੇ ਐਮਰਜੈਂਸੀ ਵਾਹਨਾਂ ਨੂੰ ਛੱਡ ਕੇ ਆਮ ਆਵਾਜਾਈ ’ਤੇ ਪਾਬੰਦੀ ਰਹੇਗੀ। ਸੈਕਟਰ 16/17/22/23 ਦੇ ਗੋਲ ਚੱਕਰ ਤੋਂ ਉਦਯੋਗ ਮਾਰਗ ’ਤੇ ਗੁਰਦਿਆਲ ਸਿੰਘ ਪੈਟਰੋਲ ਪੰਪ ਤੱਕ, ਪੁਰਾਣੀ ਜ਼ਿਲ੍ਹਾ ਅਦਾਲਤ ਤੋਂ ਸ਼ਿਵਾਲਿਕ ਹੋਟਲ ਤੱਕ ਤੇ ਲਿਓਨਜ਼ ਰੈਸਟੋਰੈਂਟ ਲਾਈਟ ਪੁਆਇੰਟ ਤੋਂ ਪਰੇਡ ਗਰਾਊਂਡ ਤੱਕ ਆਵਾਜਾਈ ਬੰਦ ਰਹੇਗੀ। ਇਸ ਤੋਂ ਇਲਾਵਾ ਸੈਕਟਰ 22/23 ਲਾਈਟ ਪੁਆਇੰਟ ਤੇ ਸੈਕਟਰ 16/23 ਦੇ ਛੋਟੇ ਚੌਂਕ ਤੋਂ 16/17-22/23 ਗੋਲ ਚੱਕਰ ਤੱਕ ਦੇ ਰਸਤਿਆਂ ’ਤੇ ਵੀ ਆਮ ਟ੍ਰੈਫਿਕ ਨਹੀਂ ਚੱਲੇਗਾ।
ਸੈਕਟਰ 22-ਏ ਮਾਰਕੀਟ ਸਾਹਮਣੇ ਆਮ ਪਾਰਕਿੰਗ ਬੰਦ
ਸੈਕਟਰ 22-ਏ ਮਾਰਕੀਟ ਦੇ ਸਾਹਮਣੇ ਆਮ ਲੋਕਾਂ ਲਈ ਪਾਰਕਿੰਗ ’ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਸਿਰਫ਼ ਅਧਿਕਾਰਤ ਪਾਰਕਿੰਗ ਲੇਬਲ ਵਾਲੇ ਵਿਸ਼ੇਸ਼ ਮਹਿਮਾਨ ਹੀ ਕ੍ਰਿਕਟ ਸਟੇਡੀਅਮ ਚੌਂਕ ਵੱਲੋਂ ਆ ਕੇ ਆਪਣੀਆਂ ਗੱਡੀਆਂ ਸੈਕਟਰ 22-ਏ ਮਾਰਕੀਟ ਦੇ ਸਾਹਮਣੇ ਪਾਰਕ ਕਰ ਸਕਣਗੇ। ਆਮ ਲੋਕਾਂ ਨੂੰ ਆਈ. ਐੱਸ. ਬੀ. ਟੀ. ਸੈਕਟਰ-17 ਚੌਂਕ ਜਾਂ 17/18 ਲਾਈਟ ਪੁਆਇੰਟ ਵੱਲੋਂ ਆਉਣ ਦੀ ਸਲਾਹ ਦਿੱਤੀ ਗਈ ਹੈ। ਆਮ ਵਾਹਨ ਸੈਕਟਰ 22-ਬੀ, ਸਰਕਸ ਗਰਾਊਂਡ, ਨੀਲਮ ਸਿਨੇਮਾ ਦੇ ਨਾਲ ਲੱਗਦੀ ਪਾਰਕਿੰਗ ਤੇ ਸੈਕਟਰ-17 ਦੀ ਮਲਟੀ-ਸਟੋਰੀ ਪਾਰਕਿੰਗ ਵਿੱਚ ਖੜ੍ਹੇ ਕੀਤੇ ਜਾ ਸਕਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾਂ ਲਈ ਵੱਡੀ ਖ਼ਬਰ, 2 ਦਿਨਾਂ ’ਚ ਜਾਰੀ ਹੋਣਗੇ ਰੈਗੂਲਰ ਕਰਨ ਦੇ ORDER!
ਬੱਸਾਂ ਲਈ ਵੱਖਰਾ ਰੂਟ
ਪੁਲਸ ਵੱਲੋਂ ਬੱਸਾਂ ਨੂੰ ਕਿਸਾਨ ਭਵਨ ਅਤੇ ਪਿਕਾਡਲੀ ਚੌਂਕ ਤੋਂ ਹਿਮਾਲਿਆ ਮਾਰਗ ਰਾਹੀਂ ਆਈ. ਐੱਸ. ਬੀ. ਟੀ. ਵੱਲ ਮੋੜਿਆ ਜਾਵੇਗਾ। ਸਮਾਗਮ ਖ਼ਤਮ ਹੋਣ ਤੋਂ ਬਾਅਦ ਭੀੜ ਨੂੰ ਕਾਬੂ ਕਰਨ ਲਈ ਸਵੇਰੇ 10:45 ਵਜੇ ਤੋਂ 11:30 ਵਜੇ ਤੱਕ ਆਈ.ਐੱਸ.ਬੀ.ਟੀ. ਚੌਂਕ ਵੱਲ ਆਮ ਟ੍ਰੈਫਿਕ ਰੋਕਿਆ ਜਾਵੇਗਾ ਤੇ ਇਸ ਸਮੇਂ ਦੌਰਾਨ ਸਿਰਫ਼ ਬੱਸਾਂ ਨੂੰ ਲੰਘਣ ਦੀ ਇਜਾਜ਼ਤ ਹੋਵੇਗੀ। ਸੁਰੱਖਿਆ ਪ੍ਰਬੰਧਾਂ ਤਹਿਤ ਸਾਰੇ ਮਹਿਮਾਨਾਂ ਨੂੰ ਸਵੇਰੇ 8:15 ਵਜੇ ਤੱਕ ਆਪਣੀਆਂ ਸੀਟਾਂ ’ਤੇ ਬੈਠਣ ਦੀ ਹਦਾਇਤ ਕੀਤੀ ਗਈ ਹੈ। ਵਿਸ਼ੇਸ਼ ਮਹਿਮਾਨ ਸੈਕਟਰ-22 ਵਾਲੇ ਪਾਸਿਓਂ ਗੇਟ ਨੰਬਰ 6 ਤੇ 7 ਰਾਹੀਂ, ਆਮ ਲੋਕ ਆਈ.ਐੱਸ.ਬੀ.ਟੀ. ਵਾਲੇ ਪਾਸਿਓਂ ਗੇਟ ਨੰਬਰ 8, 9 ਤੇ 10 ਰਾਹੀਂ ਤੇ ਮੀਡੀਆ ਕਰਮੀ ਗੇਟ ਨੰਬਰ 5 ਰਾਹੀਂ ਦਾਖ਼ਲ ਹੋਣਗੇ। ਹਰੇਕ ਵਿਅਕਤੀ ਲਈ ਆਪਣਾ ਅਸਲ ਫੋਟੋ ਪਛਾਣ ਪੱਤਰ ਨਾਲ ਰੱਖਣਾ ਲਾਜ਼ਮੀ ਹੋਵੇਗਾ। ਸਮਾਗਮ ਸਥਾਨ ’ਤੇ ਬੈਗ, ਮਾਚਿਸ, ਚਾਕੂ, ਸਿਗਰਟ, ਹਥਿਆਰ, ਸ਼ਰਾਬ, ਇਲੈਕਟ੍ਰਾਨਿਕ ਉਪਕਰਣ, ਕਾਲੇ ਝੰਡੇ ਤੇ ਬੈਨਰ ਲਿਜਾਣ ’ਤੇ ਸਖ਼ਤ ਪਾਬੰਦੀ ਰਹੇਗੀ।
ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਰਾਸ਼ਨ ਕਾਰਡ ਧਾਰਕਾਂ ਲਈ ਭਲਕੇ ਤੋਂ ਲਾਗੂ ਹੋਇਆ ਨਵਾਂ ਸਿਸਟਮ, ਹੁਣ QR ਕੋਡ ਨਾਲ ਹੀ...
ਸ਼ਾਮ ਨੂੰ ਲੋਕ ਭਵਨਾਂ ਲਈ ਵੀ ਟ੍ਰੈਫਿਕ ਡਾਇਵਰਸ਼ਨ
ਸ਼ਾਮ 3 ਵਜੇ ਪੰਜਾਬ ਤੇ ਹਰਿਆਣਾ ਲੋਕ ਭਵਨਾਂ ’ਚ ਹੋਣ ਵਾਲੇ ‘ਐਟ ਹੋਮ’ ਸਮਾਗਮਾਂ ਲਈ ਵੀ ਵਿਸ਼ੇਸ਼ ਟ੍ਰੈਫਿਕ ਪ੍ਰਬੰਧ ਕੀਤੇ ਗਏ ਹਨ। ਪੰਜਾਬ ਲੋਕ ਭਵਨ ਲਈ ਸੈਕਟਰ 5/6/7/8 ਦੇ ਗੋਲ ਚੱਕਰ ਤੋਂ ਵਿਗਿਆਨ ਪਥ ਤੇ ਸੁਖਨਾ ਪਥ ਦੇ ਟੀ-ਪੁਆਇੰਟ ਤੱਕ ਆਮ ਆਵਾਜਾਈ ਬੰਦ ਰਹੇਗੀ ਤੇ ਮਹਿਮਾਨਾਂ ਲਈ ਵਨ-ਵੇਅ ਟ੍ਰੈਫਿਕ ਲਾਗੂ ਕੀਤਾ ਜਾਵੇਗਾ। ਚੰਡੀਗੜ੍ਹ ਗੋਲਫ ਕਲੱਬ ਦੇ ਮੈਂਬਰਾਂ ਨੂੰ ਐੱਸ. ਜੀ. ਜੀ. ਐੱਸ. ਕਾਲਜ ਵਾਲੇ ਪਾਸਿਓਂ ਸੁਖਨਾ ਪਥ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ। ਹਰਿਆਣਾ ਲੋਕ ਭਵਨ ਦੇ ਸਮਾਗਮ ਲਈ ਗੁਰਸਾਗਰ ਸਾਹਿਬ ਗੁਰਦੁਆਰਾ ਮੋੜ ਤੋਂ 5/6/7/8 ਚੌਕ ਤੱਕ ਆਵਾਜਾਈ ਰੋਕੀ ਜਾਵੇਗੀ ਜਦਕਿ ਮਹਿਮਾਨ ਸੁਖਨਾ ਝੀਲ ਵਾਲੇ ਪਾਸਿਓਂ ਦਾਖ਼ਲ ਹੋਣਗੇ।
ਸੁਖਨਾ ਝੀਲ ਜਾਣ ਵਾਲਿਆਂ ਲਈ ਬਦਲਵਾਂ ਰਸਤਾ
ਸੁਖਨਾ ਝੀਲ ਜਾਣ ਵਾਲੇ ਆਮ ਲੋਕਾਂ ਨੂੰ ਰੌਕ ਗਾਰਡਨ ਵੱਲੋਂ ਉੱਤਰ ਮਾਰਗ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਚੰਡੀਗੜ੍ਹ ਪੁਲਸ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਦੌਰਾਨ ਟ੍ਰੈਫਿਕ ਤੇ ਸੁਰੱਖਿਆ ਪ੍ਰਬੰਧਾਂ ਵਿੱਚ ਸਹਿਯੋਗ ਕਰਨ ਤੇ ਬੇਲੋੜੀ ਪਰੇਸ਼ਾਨੀ ਤੋਂ ਬਚਣ ਲਈ ਨਿਰਧਾਰਤ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
