...ਤੇ ਹੁਣ ਖਰੜ ਵਾਸੀਆਂ ਨੂੰ ਜਾਮ ਤੋਂ ਮਿਲੇਗੀ ਰਾਹਤ

Wednesday, Dec 20, 2017 - 11:41 AM (IST)

...ਤੇ ਹੁਣ ਖਰੜ ਵਾਸੀਆਂ ਨੂੰ ਜਾਮ ਤੋਂ ਮਿਲੇਗੀ ਰਾਹਤ

ਖਰੜ (ਅਮਰਦੀਪ) : ਖਰੜ ਹਸਪਤਾਲ ਰੋਡ 'ਤੇ ਰੋਜ਼ਾਨਾ ਲਗਦੇ ਜਾਮ ਤੋਂ ਹੁਣ ਖਰੜ ਨਿਵਾਸੀਆਂ ਨੂੰ ਰਾਹਤ ਮਿਲੇਗੀ ਕਿਉਂਕਿ ਇਸ ਸੜਕ ਨੂੰ ਚਹੁੰ-ਮਾਰਗੀ ਬਣਾਉਣ ਲਈ ਤਕਨੀਕੀ ਸਿੱਖਿਆ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਐਸਟੀਮੇਟ ਤਿਆਰ ਕਰਕੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਭੇਜਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਤੇ ਵਾਰਡ ਨੰਬਰ 24 ਦੇ ਕੌਂਸਲਰ ਠੇਕੇਦਾਰ ਮਲਾਗਰ ਸਿੰਘ ਨੇ ਦੱਸਿਆ ਕਿ ਉਕਤ ਸੜਕ ਨੂੰ ਚਹੁੰ-ਮਾਰਗੀ ਬਣਾਉਣ ਲਈ ਮੰਤਰੀ ਵਲੋਂ 11 ਕਰੋੜ ਦਾ ਐਸਟੀਮੇਟ ਤਿਆਰ ਕਰਕੇ ਕੰਮ ਸ਼ੁਰੂ ਕਰਵਾਉਣ ਲਈ ਨੈਸ਼ਨਲ ਹਾਈਵੇ ਅਥਾਰਟੀ ਨੂੰ ਭੇਜਿਆ ਹੈ ਤੇ ਮਨਜ਼ੂਰੀ ਮਿਲਣ 'ਤੇ ਜਲਦੀ ਹੀ ਸੜਕ ਦਾ ਕੰਮ ਸ਼ੁਰੂ ਹੋ ਜਾਵੇਗਾ ਤੇ ਲੋਕਾਂ ਦੀ ਪੁਰਾਣੀ ਚੱਲਦੀ ਆ ਰਹੀ ਮੰਗ ਪੂਰੀ ਹੋਵੇਗੀ।
ਉਨ੍ਹਾਂ ਆਖਿਆ ਕਿ ਪਿਛਲੀ ਅਕਾਲੀ–ਭਾਜਪਾ ਸਰਕਾਰ ਸਮੇਂ ਖਰੜ ਦੀ ਹਸਪਤਾਲ ਰੋਡ ਨੂੰ ਖਾਨਪੁਰ ਟੀ-ਪੁਆਇੰਟ ਤਕ ਚਹੁੰ-ਮਾਰਗੀ ਕਰਨ ਲਈ 8 ਕਰੋੜ 16 ਲੱਖ ਰੁਪਏ ਗਰਾਂਟ ਦਾ ਐਲਾਨ ਕੀਤਾ ਸੀ ਤੇ ਉਸ ਤੋਂ ਬਾਅਦ ਸਰਕਾਰ ਨੇ ਇਸ ਪ੍ਰਾਜੈਕਟ ਨੂੰ ਜ਼ਿਲਾ ਪ੍ਰਧਾਨ ਜਥੇਦਾਰ ਉਜਾਗਰ ਸਿੰਘ ਬਡਾਲੀ ਦੇ ਕਹਿਣ 'ਤੇ ਠੰਡੇ ਬਸਤੇ ਵਿਚ ਪਾ ਦਿੱਤਾ ਸੀ। ਉਕਤ ਸੜਕ ਛੋਟੀ ਹੋਣ ਕਾਰਨ ਰੋਜ਼ਾਨਾ ਜਾਮ ਲੱਗਾ ਰਹਿੰਦਾ ਹੈ ਪਰ ਹੁਣ ਕਾਂਗਰਸ ਸਰਕਾਰ ਨੇ ਖਰੜ ਸ਼ਹਿਰ ਦੇ ਵਸਨੀਕਾਂ ਦੀ ਮੁੱਖ ਮੰਗ ਨੂੰ ਪੂਰਾ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 24 ਵਿਚ ਬਰਸਾਤੀ ਪਾਣੀ ਦੀਆਂ ਵੱਡੀਆਂ ਪਾਈਪਾਂ ਤੇ ਗਲੀਆਂ, ਨਾਲੀਆਂ, ਸੜਕਾਂ ਨੂੰ ਪੱਕਾ ਕਰਨ ਲਈ ਕਰੋੜਾਂ ਰੁਪਏ ਦੇ ਵਿਕਾਸ ਕੰਮ ਕੀਤੇ ਜਾ ਚੁੱਕੇ ਹਨ ਤੇ ਅਧੂਰੇ ਕੰਮ ਮੁਕੰਮਲ ਕੀਤੇ ਜਾ ਰਹੇ ਹਨ। ਇਸ ਮੌਕੇ ਮਨਪ੍ਰੀਤ ਸਿੰਘ ਕਾਕਾ ਸੈਣੀ, ਪਰਵਿੰਦਰ ਸਿੰਘ ਬੋਗੀ ਸੈਣੀ ਤੇ ਸ਼ੀਲਾ ਖਰੜ ਵੀ ਹਾਜ਼ਰ ਸਨ।


Related News