ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਰਸਤੇ ਕੀਤੇ ਵਨ-ਵੇਅ

Tuesday, Mar 20, 2018 - 10:53 AM (IST)

ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਰਸਤੇ ਕੀਤੇ ਵਨ-ਵੇਅ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)—ਨਵ-ਨਿਯੁਕਤ ਟ੍ਰੈਫਿਕ ਇੰਚਾਰਜ ਜਗਜੀਤ ਸਿੰਘ ਨੇ ਜ਼ਿਲਾ ਪੁਲਸ ਮੁਖੀ ਹਰਜੀਤ ਸਿੰਘ ਅਤੇ ਡੀ. ਐੱਸ. ਪੀ. ਰਾਜੇਸ਼ ਛਿੱਬਰ ਦੀ ਅਗਵਾਈ ਹੇਠ ਸ਼ਹਿਰ 'ਚ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਇਕ ਮਾਸਟਰ ਪਲਾਨ ਤਿਆਰ ਕੀਤਾ ਹੈ ਤਾਂ ਜੋ ਸ਼ਹਿਰ 'ਚ ਵਧ ਰਹੀ ਟ੍ਰੈਫਿਕ ਸਮੱਸਿਆ ਨੂੰ ਕੰਟਰੋਲ ਕੀਤਾ ਜਾ ਸਕੇ। 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਡਾ. ਸ਼ੀਤਲ ਵਾਲੀ ਗਲੀ ਵੱਲੋਂ ਟ੍ਰੈਫਿਕ ਪੱਕਾ ਕਾਲਜ ਰੋਡ ਤੋਂ ਕੱਚਾ ਕਾਲਜ ਰੋਡ ਲਈ ਜਾਵੇਗਾ। ਇਸੇ ਤਰ੍ਹਾਂ ਡਾ. ਸਿਡਾਨਾ ਵਾਲੀ ਗਲੀ ਵੱਲੋਂ ਟ੍ਰੈਫਿਕ ਕੱਚਾ ਕਾਲਜ ਰੋਡ ਤੋਂ ਪੱਕਾ ਕਾਲਜ ਰੋਡ ਵੱਲ ਜਾਵੇਗਾ। ਸ਼ਹੀਦ ਭਗਤ ਸਿੰਘ ਰੋਡ ਬੱਦਰੀ ਵਾਲੀ ਗਲੀ ਵੱਲੋਂ ਟ੍ਰੈਫਿਕ ਕੱਚਾ ਕਾਲਜ ਰੋਡ ਤੋਂ ਪੀ. ਡਬਲਿਯੂ. ਡੀ. ਦੇ ਦਫਤਰ ਵੱਲ ਜਾਵੇਗਾ। ਇਸੇ ਤਰ੍ਹਾਂ ਗੌਰਮਿੰਟ ਹਾਈ ਸਕੂਲ ਵਾਲੀ ਗਲੀ ਤੋਂ ਹੰਡਿਆਇਆ ਬਾਜ਼ਾਰ ਵੱਲ, ਹੰਡਿਆਇਆ ਬਾਜ਼ਾਰ ਵੱਲੋਂ ਸ਼ਹੀਦ ਭਗਤ ਸਿੰਘ ਰੋਡ ਤੋਂ ਜਾਣ ਲਈ ਛੱਤੇ ਖੂਹ ਵਾਲੀ ਗਲੀ ਤੋਂ ਹੀ ਜਾਇਆ ਜਾਵੇਗਾ। ਹੋਰ ਕਿਸੇ ਵੀ ਗਲੀ ਤੋਂ ਇਸ ਰੋਡ ਤੋਂ ਨਹੀਂ ਜਾਇਆ ਜਾ ਸਕੇਗਾ। ਸੇਖਾਂ ਰੋਡ ਤੋਂ ਸ਼ਹਿਰ ਵੱਲ ਆਉਣ ਲਈ ਮਾਤਾ ਗੁਲਾਬ ਕੌਰ ਚੌਕ (ਜੰਡਾਂ ਵਾਲਾ ਰੋਡ) ਰਾਹੀਂ ਹੀ ਆਇਆ ਜਾ ਸਕੇਗਾ। 
ਉਨ੍ਹਾਂ ਦੱਸਿਆ ਕਿ ਨਹਿਰੂ ਚੌਕ ਵੱਲ ਦੀ ਸੇਖਾਂ ਰੋਡ ਵਾਲੇ ਫਾਟਕਾਂ ਤੋਂ ਐਂਟਰੀ ਨਹੀਂ ਹੋ ਸਕੇਗੀ। ਅਗਰਸੈਨ ਚੌਕ ਤੋਂ ਸਦਰ ਬਾਜ਼ਾਰ ਜਾਣ ਲਈ ਥਾਣਾ ਸਿਟੀ ਦੀ ਬੈਕਸਾਈਡ ਵਾਲੀ ਗਲੀ ਵੱਲ ਦੀ ਹੀ ਜਾਇਆ ਜਾਵੇਗਾ। ਸਦਰ ਬਾਜ਼ਾਰ ਤੋਂ ਅਗਰਸੈਨ ਚੌਕ ਤੋਂ ਜਾਣ ਲਈ ਪੁਰਾਣੀ ਤਹਿਸੀਲ, ਜੋ ਕਿ ਹੁਣ ਪੁੱਡਾ ਵੱਲੋਂ ਮਾਰਕੀਟ ਕੱਟੀ ਗਈ, ਉਸ ਰਸਤੇ ਰਾਹੀਂ ਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਦੇਣ ਲਈ ਸਾਡੇ ਵੱਲੋਂ ਅਨਾਊਂਸਮੈਂਟ ਵੀ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ 13 ਵਾਹਨਾਂ ਦੇ ਚਲਾਨ ਕੱਟੇ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਹੌਲਦਾਰ ਰਣ ਸਿੰਘ ਵੀ ਹਾਜ਼ਰ ਸਨ।


Related News