ਮੀਂਹ ''ਚ ਛੱਤਰੀਆਂ ਫੜ੍ਹ ਕੇ ਕੀਤਾ ਟ੍ਰੈਫਿਕ ਕੰਟਰੋਲ
Tuesday, Jan 07, 2020 - 03:18 PM (IST)

ਜ਼ੀਰਕਪੁਰ (ਮੇਸ਼ੀ) : ਇਲਾਕੇ 'ਚ ਮੀਂਹ ਦੌਰਾਨ ਅੰਬਾਲਾ ਮਾਰਗ ਦੇ ਸਿੰਘਪੁਰਾ ਚੌਕ 'ਚ ਟ੍ਰੈਫਿਕ ਲਾਈਟਾਂ ਖਰਾਬ ਹੋਣ ਕਾਰਨ ਜਦੋਂ ਆਵਾਜਾਈ ਸਮੱਸਿਆ ਪੈਦਾ ਹੋਣ ਲੱਗੀ ਤਾਂ ਜ਼ੀਰਕਪੁਰ ਟ੍ਰੈਫਿਕ ਪੁਲਸ ਦੇ ਇੰਚਾਰਜ ਇੰਸਪੈਕਟਰ ਸੰਜੀਵ ਕੁਮਾਰ ਨੇ ਆਪਣੀ ਟੀਮ ਨਾਲ ਤੇਜ਼ ਬਰਸਾਤ ਹੋਣ ਦੇ ਬਾਵਜੂਦ ਸੜਕ ਵਿਚਕਾਰ ਖੜ੍ਹ ਕੇ ਸਹਿਯੋਗ ਕਰਦਿਆਂ ਟ੍ਰੈਫਿਕ ਸਮੱਸਿਆ ਨੂੰ ਕੰਟਰੋਲ ਕੀਤਾ। ਇਸੇ ਮੌਕੇ ਇੰਸਪੈਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਸ਼ਾਮ ਸਮੇਂ ਜ਼ੀਰਕਪੁਰ-ਅੰਬਾਲਾ ਅਤੇ ਪਟਿਆਲਾ ਮੁੱਖ ਮਾਰਗਾਂ 'ਤੇ ਬਰਸਾਤੀ ਮੌਸਮ ਦੌਰਾਨ ਆਵਾਜਾਈ ਵਧ ਜਾਂਦੀ ਹੈ ਤੇ ਮੈਕਾਡੌਨਲਡ ਅਤੇ ਸਿੰਘਪੁਰਾ ਚੌਕ ਦੀਆਂ ਲਾਈਟਾਂ ਖਰਾਬ ਹੋਣ ਕਾਰਨ ਟ੍ਰੈਫਿਕ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ। ਜਿਸ ਨੂੰ ਕੰਟਰੋਲ ਕਰਨਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ, ਕਿਉਂਕਿ ਹਰੇਕ ਵਾਹਨ ਚਾਲਕ ਬੰਦ ਪਈਆਂ ਲਾਈਟਾਂ ਕਰਕੇ ਆਪਣੀ ਮਨਮਰਜ਼ੀ ਕਰਦਿਆਂ ਆਪਣੇ ਵਾਹਨ ਨੂੰ ਤੇਜ਼ੀ ਨਾਲ ਚਲਾਉਂਦਾ ਹੈ, ਜਿਸ ਕਾਰਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੌਰਾਨ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ।