ਗੇਟ ਮੈਨ ਦੀ ਮੁਸਤੈਦੀ ਨਾਲ ਟਲਿਆ ਟਰੇਨ-ਬੱਸ ਹਾਦਸਾ
Friday, Oct 06, 2017 - 02:42 AM (IST)

ਨਵਾਂਸ਼ਹਿਰ, (ਮਨੋਰੰਜਨ)- ਬੀਤੀ ਰਾਤ ਬੰਗਾ ਰੋਡ ਰੇਲਵੇ ਫਾਟਕ 'ਤੇ ਗੇਟ ਮੈਨ ਦੀ ਮੁਸਤੈਦੀ ਕਰ ਕੇ ਬੱਸ ਅਤੇ ਰੇਲ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਗੇਟ ਮੈਨ ਰੇਲਵੇ ਸਟੇਸ਼ਨ ਤੋਂ ਗੱਡੀ ਚੱਲਣ ਦੇ ਬਾਅਦ ਅਜੇ ਫਾਟਕ ਲਾ ਹੀ ਰਿਹਾ ਸੀ ਕਿ ਇਸ ਦੌਰਾਨ ਫਾਟਕਾਂ ਵਿਚ ਇਕ ਯਾਤਰੀ ਬੱਸ ਆ ਫਸੀ। ਗੇਟ ਮੈਨ ਨੇ ਅਜੇ ਸਿਗਨਲ ਕਲੀਅਰ ਨਹੀਂ ਕੀਤਾ ਸੀ। ਉਸ ਨੇ ਤੁਰੰਤ ਇਸ ਦੀ ਸੂਚਨਾ ਸਟੇਸ਼ਨ ਮਾਸਟਰ ਨੂੰ ਦਿੱਤੀ, ਜਿਸ ਕਾਰਨ ਹਾਦਸਾ ਹੋਣ ਤੋਂ ਬਚਾਅ ਹੋ ਗਿਆ।
ਗੇਟ ਮੈਨ ਸੁਰੇਸ਼ ਸਿੰਘ ਨੇ ਦੱਸਿਆ ਕਿ ਜਦੋਂ ਬੀਤੀ ਰਾਤ 7.50 'ਤੇ ਰੇਲਵੇ ਸਟੇਸ਼ਨ ਨਵਾਂਸ਼ਹਿਰ ਤੋਂ ਜੇਜੋਂ ਨੂੰ ਜਾਣ ਵਾਲੀ ਪੈਸੰਜਰ ਟਰੇਨ ਚੱਲਣ ਦੀ ਉਸ ਨੂੰ ਸੂਚਨਾ ਮਿਲੀ ਤਾਂ ਉਸ ਨੇ ਤੁਰੰਤ ਬੰਗਾ ਰੋਡ 'ਤੇ ਫਾਟਕ ਲਾਉਣੇ ਸ਼ੁਰੂ ਕਰ ਦਿੱਤੇ। ਇਸੇ ਵਿਚ ਇਕ ਰੋਡਵੇਜ਼ ਦੀ ਯਾਤਰੀ ਬੱਸ ਫਾਟਕ ਨਾਲ ਟਕਰਾਉਂਦੀ ਹੋਈ ਦੋਵਾਂ ਫਾਟਕਾਂ ਵਿਚ ਆ ਫਸੀ। ਗੇਟ ਮੈਨ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਫਾਟਕ ਬੰਦ ਕਰ ਦਿੱਤੇ। ਇਸ ਦੌਰਾਨ ਸਟੇਸ਼ਨ ਤੋਂ ਗੱਡੀ ਚੱਲ ਪਈ। ਗੇਟ ਮੈਨ ਨੇ ਦੱਸਿਆ ਕਿ ਉਸ ਨੇ ਤੁਰੰਤ ਇਸ ਦੀ ਸੂਚਨਾ ਸਟੇਸ਼ਨ ਮਾਸਟਰ ਨੂੰ ਦਿੱਤੀ ਤੇ ਗੱਡੀ ਨੂੰ ਰੁਕਵਾ ਦਿੱਤਾ। ਬੱਸ ਦੂਸਰੇ ਫਾਟਕ ਤੋਂ ਬਾਹਰ ਨਿਕਲੀ। ਗੇਟ ਮੈਨ ਸੁਰੇਸ਼ ਸਿੰਘ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਬੱਸ ਵਿਚ ਬੈਠੇ ਯਾਤਰੀ ਉਸ ਨਾਲ ਝਗੜਾ ਕਰਨ ਆ ਗਏ। ਉਸਨੇ ਕਮਰੇ ਵਿਚ ਲੁੱਕ ਕੇ ਆਪਣੀ ਜਾਨ ਬਚਾਈ। ਇਸ ਦੇ ਕੁਝ ਸਮੇਂ ਬਾਅਦ ਆਰ. ਪੀ. ਐੱਫ. ਦੀ ਟੀਮ ਫਾਟਕ 'ਤੇ ਪਹੁੰਚ ਗਈ। ਸੁਰੇਸ਼ ਸਿੰਘ ਨੇ ਦੱਸਿਆ ਕਿ ਆਪਣੀ ਸ਼ਿਕਾਇਤ ਆਰ. ਪੀ. ਐੱਫ. ਦੇ ਕੋਲ ਦਰਜ ਕਰਵਾ ਦਿੱਤੀ ਹੈ। ਬੱਸ ਦੇ ਟਕਰਾਉਣ ਨਾਲ ਦੋਵੇਂ ਫਾਟਕ ਟੁੱਟ ਗਏ ਜਿਨ੍ਹਾਂ ਨੂੰ ਬਾਅਦ ਦੁਪਹਿਰ ਠੀਕ ਕੀਤਾ ਗਿਆ। ਇਸ ਦੌਰਾਨ ਚਾਰ ਟਰੇਨਾਂ ਨੂੰ ਸੇਫਟੀ ਚੇਨ ਲਾ ਕੇ ਬੰਗਾ ਰੋਡ ਫਾਟਕ ਤੋਂ ਵੀਰਵਾਰ ਨੂੰ ਕੱਢਿਆ ਗਿਆ।
ਕੀ ਕਹਿੰਦੇ ਹਨ ਸਟੇਸ਼ਨ ਮਾਸਟਰ
ਇਸ ਸੰਬੰਧ ਵਿਚ ਸਟੇਸ਼ਨ ਮਾਸਟਰ ਗੁਰਨਾਮ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਗੇਟ ਮੈਨ ਦੀ ਸ਼ਿਕਾਇਤ ਆਰ. ਪੀ. ਐੱਫ. ਨੂੰ ਦੇ ਦਿੱਤੀ ਹੈ। ਅਗਲੀ ਕਾਰਵਾਈ ਆਰ. ਪੀ. ਐੱਫ. ਨੇ ਕਰਨੀ ਹੈ।