ਵਾਹਨਾਂ ਦੀ ਵੱਧਦੀ ਗਿਣਤੀ ''ਚ ਉਲਝੀ ਟ੍ਰੈਫਿਕ ਵਿਵਸਥਾ
Thursday, Mar 01, 2018 - 01:39 AM (IST)

ਬਾਘਾਪੁਰਾਣਾ, (ਚਟਾਨੀ)- ਵਾਹਨਾਂ ਦੀ ਦਿਨੋ-ਦਿਨ ਵੱਧ ਰਹੀ ਗਿਣਤੀ ਨੇ ਟ੍ਰੈਫਿਕ ਦੀ ਸਮੁੱਚੀ ਤਰਤੀਬ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਘੰਟਿਆਂ ਬੱਧੀ ਜਾਮ ਰਹਿੰਦੀ ਆਵਾਜਾਈ ਕਾਰਨ ਸਮੁੱਚੇ ਬਾਜ਼ਾਰ 'ਚ ਪ੍ਰੈਸ਼ਰ ਹਾਰਨਾਂ ਦੀ ਉੱਚੀ ਆਵਾਜ਼ ਲੋਕਾਂ ਦੇ ਕੰਨ ਪਾੜ ਸੁੱਟਦੀ ਹੈ।
ਟ੍ਰੈਫਿਕ ਮੁਲਾਜ਼ਮਾਂ ਦੇ ਹੋਣ ਦੇ ਬਾਵਜੂਦ ਬਾਜ਼ਾਰ 'ਚ ਆਵਾਜਾਈ ਪ੍ਰਣਾਲੀ ਉਲਝੀ ਹੀ ਰਹਿੰਦੀ ਹੈ। ਮੋਗਾ ਸੜਕ ਦੀ ਢੁੱਕਵੀਂ ਚੌੜਾਈ ਹੋਣ ਦੇ ਬਾਵਜੂਦ ਇਸ ਸੜਕ 'ਤੇ ਲੱਗੀਆਂ ਰਹਿੰਦੀਆਂ ਵਾਹਨਾਂ ਦੀਆਂ ਵੱਡੀਆਂ ਲਾਈਨਾਂ ਕਾਰਨ ਦੋਪਹੀਆ ਵਾਹਨਾਂ ਰਾਹੀਂ ਇਕ ਕੋਨੇ ਤੋਂ ਦੂਜੇ ਕੋਨੇ ਤੱਕ ਜਾਣ ਲਈ ਘੰਟਿਆਂ ਦਾ ਸਮਾਂ ਲੱਗ ਜਾਂਦਾ ਹੈ।
ਨਗਰ ਕੌਂਸਲ ਦੀ ਟੀਮ ਅਤੇ ਟ੍ਰੈਫਿਕ ਮੁਲਾਜ਼ਮਾਂ ਵੱਲੋਂ ਦੁਕਾਨਦਾਰਾਂ ਨੂੰ ਆਪਣਾ ਸਾਮਾਨ ਆਪਣੀ ਹਦੂਦ 'ਚ ਰੱਖਣ ਦਾ ਹੋਕਾ ਵੀ ਲਗਾਤਾਰ ਦਿੱਤਾ ਜਾ ਰਿਹਾ ਹੈ, ਜਿਸ 'ਤੇ ਦੁਕਾਨਦਾਰਾਂ ਵੱਲੋਂ ਅਮਲ ਕੀਤੇ ਜਾਣ ਦੇ ਬਾਵਜੂਦ ਟ੍ਰੈਫਿਕ ਦੀ ਉਲਝੀ ਤਾਣੀ ਸੂਤ ਹੀ ਨਹੀਂ ਆ ਰਹੀ।
ਲੋਕਾਂ ਦਾ ਕਹਿਣਾ ਹੈ ਕਿ ਸੜਕਾਂ ਦੀ ਚੌੜਾਈ ਜਾਂ ਪੁਲਾਂ ਦੇ ਨਿਰਮਾਣ ਨਾਲ ਹੀ ਟ੍ਰੈਫਿਕ ਦਾ ਮਸਲਾ ਹੱਲ ਨਹੀਂ ਹੋਣਾ ਸਗੋਂ ਸ਼ਹਿਰ ਦੇ ਚਾਰੇ ਪਾਸੇ ਰਿੰਗ ਰੋਡ ਬਣਾਉਣਾ ਹੀ ਇਸ ਸਮੱਸਿਆ ਦਾ ਇਕੋ-ਇਕ ਹੱਲ ਹੈ, ਜਿਸ ਨਾਲ ਸਾਰੇ ਦੇ ਸਾਰੇ ਭਾਰੀ ਵਾਹਨ ਸ਼ਹਿਰ ਦੇ ਬਾਹਰਵਾਰ ਹੀ ਲੰਘਣ ਅਤੇ ਲੰਮੇ ਰੂਟਾਂ 'ਤੇ ਚੱਲਣ ਵਾਲੀਆਂ ਬੱਸਾਂ ਵੀ ਰਿੰਗ ਰੋਡ ਰਾਹੀਂ ਹੀ ਆਪਣੀਆਂ ਮੰਜ਼ਿਲਾਂ ਵੱਲ ਜਾਣ। ਲੋਕਾਂ ਨੇ ਦੱਸਿਆ ਕਿ ਨਿਹਾਲ ਸਿੰਘ ਵਾਲਾ ਤੋਂ ਕੋਟਕਪੂਰਾ ਸੜਕ ਤੱਕ ਛੋਟੇ ਬਾਈਪਾਸ ਦਾ ਤਜਰਬਾ ਇਸ ਗੱਲ ਦਾ ਵੱਡਾ ਸਬੂਤ ਹੈ ਕਿ ਇਸ ਨਾਲ ਸ਼ਹਿਰ ਦੀ ਟ੍ਰੈਫਿਕ ਪ੍ਰਣਾਲੀ 'ਚ 20 ਪ੍ਰਤੀਸ਼ਤ ਤੱਕ ਦਾ ਸੁਧਾਰ ਹੋਇਆ ਹੈ ਅਤੇ ਜੇਕਰ ਅਜਿਹਾ ਬਾਈਪਾਸ ਸ਼ਹਿਰ ਦੇ ਚਾਰੇ ਪਾਸੇ ਬਣ ਜਾਵੇ ਤਾਂ ਸ਼ਹਿਰ ਨੂੰ ਇਸ ਵੱਡੀ ਮੁਸ਼ਕਲ ਤੋਂ ਮੁਕੰਮਲ ਰੂਪ 'ਚ ਨਿਜਾਤ ਮਿਲ ਸਕਦੀ ਹੈ।