ਮਹਾਨਗਰ ਜਲੰਧਰ ’ਚ ਟ੍ਰੈਫਿਕ ਹੋਇਆ ''ਆਊਟ ਆਫ਼ ਕੰਟਰੋਲ'', ਹਰ ਰੋਜ਼ ਹਜ਼ਾਰਾਂ ਲੋਕ ਹੋ ਰਹੇ ਪ੍ਰੇਸ਼ਾਨ

Monday, Jan 06, 2025 - 06:01 PM (IST)

ਮਹਾਨਗਰ ਜਲੰਧਰ ’ਚ ਟ੍ਰੈਫਿਕ ਹੋਇਆ ''ਆਊਟ ਆਫ਼ ਕੰਟਰੋਲ'', ਹਰ ਰੋਜ਼ ਹਜ਼ਾਰਾਂ ਲੋਕ ਹੋ ਰਹੇ ਪ੍ਰੇਸ਼ਾਨ

ਜਲੰਧਰ (ਖੁਰਾਣਾ)–10 ਸਾਲ ਪਹਿਲਾਂ ਦੇਸ਼ ਦੇ ਸਮਾਰਟ ਬਣਨ ਜਾ ਰਹੇ 100 ਸ਼ਹਿਰਾਂ ਦੀ ਸੂਚੀ ’ਚ ਜਲੰਧਰ ਦਾ ਨਾਂ ਆ ਗਿਆ ਸੀ ਅਤੇ ਅੱਜ ਜਲੰਧਰ ’ਚ ਸਮਾਰਟ ਸਿਟੀ ਮਿਸ਼ਨ ਦਾ ਕੰਮ ਖ਼ਤਮ ਹੋਣ ਜਾ ਰਿਹਾ ਹੈ ਪਰ ਸਮਾਰਟ ਸਿਟੀ ਫੰਡ ਤੋਂ 900 ਕਰੋੜ ਰੁਪਏ ਤੋਂ ਵਧ ਖ਼ਰਚ ਕਰਨ ਦੇ ਬਾਵਜੂਦ ਸ਼ਹਿਰ ਦੀ ਟ੍ਰੈਫਿਕ ਵਿਵਸਥਾ ’ਚ ਕੋਈ ਸੁਧਾਰ ਨਹੀਂ ਆਇਆ, ਕਿਉਂਕਿ ਸਮਾਰਟ ਸਿਟੀ ਦਾ ਜ਼ਿਆਦਾਤਰ ਪੈਸਾ ਗਲੀਆਂ, ਨਾਲੀਆਂ, ਸੜਕਾਂ ਆਦਿ ’ਤੇ ਹੀ ਖ਼ਰਚ ਕਰ ਦਿੱਤਾ ਗਿਆ। ਸਮਾਰਟ ਸਿਟੀ ਮਿਸ਼ਨ ਦੇ ਤਹਿਤ ਸ਼ਹਿਰ ਦੇ ਟ੍ਰੈਫਿਕ ਨੂੰ ਸੁਧਾਰਨ ਲਈ ਕੋਈ ਨਾ ਕੋਈ ਪ੍ਰਾਜੈਕਟ ਲਿਆਉਣਾ ਚਾਹੀਦਾ ਸੀ ਪਰ ਕਿਸੇ ਅਧਿਕਾਰੀ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਸ਼ਹਿਰ ਦੇ ਕਿਸੇ ਰਾਜਨੇਤਾ ਨੇ ਅਜਿਹੇ ਪ੍ਰਾਜੈਕਟ ਦੀ ਲੋੜ ਸਮਝੀ। ਇਸ ਦਾ ਨਤੀਜਾ ਇਹ ਹੈ ਕਿ ਅੱਜ ਜਲੰਧਰ ਸ਼ਹਿਰ ਟ੍ਰੈਫਿਕ ਦੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ। ਹੁਣ ਤਾਂ ਸ਼ਹਿਰ ’ਚ ਟ੍ਰੈਫਿਕ ‘ਆਊਟ ਆਫ਼ ਕੰਟਰੋਲ’ਹੋ ਚੁੱਕਾ ਹੈ। ਦੱਸਣਯੋਗ ਹੈ ਕਿ ਸ਼ਹਿਰ ਦੇ ਕਈ ਪੁਆਇੰਟ ਅਜਿਹੇ ਹਨ, ਜਿੱਥੇ ਟ੍ਰੈਫਿਕ ਦੀ ਬਹੁਤ ਜ਼ਿਆਦਾ ਦਿੱਕਤ ਹੈ, ਇਨ੍ਹਾਂ ਪੁਆਇੰਟਸ ’ਤੇ ਰੋਜ਼ਾਨਾ ਹਜ਼ਾਰਾਂ ਲੋਕ ਪ੍ਰੇਸ਼ਾਨ ਹੁੰਦੇ ਹਨ ਅਤੇ ਲੰਬੇ-ਲੰਬੇ ਜਾਮ ਲੱਗਣਾ ਰੋਜ਼ਾਨਾ ਦੀ ਗੱਲ ਹੋ ਗਈ ਹੈ।

ਇਹ ਵੀ ਪੜ੍ਹੋ-  ਜਲੰਧਰ ਵਿਖੇ 14 ਸਾਲਾ ਮੁੰਡੇ ਦੀ ਸ਼ੱਕੀ ਹਾਲਾਤ 'ਚ ਮੌਤ, ਹੁਣ ਭਖਣ ਲੱਗੀ ਸਿਆਸਤ, ਸ਼ੀਤਲ ਨੇ ਲਾਏ ਗੰਭੀਰ ਦੋਸ਼

ਪੁਲਸ ਕਮਿਸ਼ਨਰ ਵੱਲੋਂ ਕੀਤੀ ਸਾਰੀ ਮਿਹਨਤ ਗਈ ਬੇਕਾਰ, ਹੁਣ ਪਹਿਲਾਂ ਨਾਲ ਵੀ ਬੁਰਾ ਹਾਲ
ਅੱਜ ਤੋਂ ਕਈ ਮਹੀਨੇ ਪਹਿਲਾਂ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਦਾ ਜ਼ਿੰਮਾ ਚੁੱਕਦੇ ਹੋਏ ਖੋਖਾ, ਰੇਹੜੀ ਅਤੇ ਫੜ੍ਹੀ ਵਾਲਿਆਂ ’ਤੇ ਸਖ਼ਤ ਕਾਰਵਾਈ ਕੀਤੀ ਸੀ, ਜਿਸ ਤੋਂ ਬਾਅਦ ਸ਼ਹਿਰ ਖੁੱਲ੍ਹਾ-ਖੁੱਲ੍ਹਾ ਨਜ਼ਰ ਆਉਣ ਲੱਗ ਪਿਆ ਸੀ। ਉਕਤ ਮੁਹਿੰਮ ਤੋਂ ਬਾਅਦ ਸ਼ਹਿਰ ’ਚ ਕੁਝ ਚੋਣਾਂ ਇੰਝ ਹੋਈਆਂ, ਜਿਸ ਦੌਰਾਨ ਇਹ ਮੁਹਿੰਮ ਢਿੱਲੀ ਪੈ ਗਈ ਪਰ ਅੱਜ ਇਸ ਮੁਹਿੰਮ ਦਾ ਕੋਈ ਅਸਰ ਸ਼ਹਿਰ ’ਤੇ ਵਿਖਾਈ ਨਹੀਂ ਦਿੰਦਾ। ਸੀ. ਪੀ. ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਜਿਸ-ਜਿਸ ਰੇਹੜੀ ਨੂੰ ਸੜਕ ਤੋਂ ਚੁੱਕਿਆ ਗਿਆ ਸੀ, ਹੁਣ ਉੱਥੇ 2-4 ਰੇਹੜੀਆਂ ਹੋਰ ਲੱਗ ਚੁੱਕੀਆਂ ਹਨ ਅਤੇ ਕਿਸੇ ਨੂੰ ਕਿਸੇ ਦਾ ਕੋਈ ਡਰ ਨਹੀਂ ਰਿਹਾ। ਨਗਰ ਨਿਗਮ ਨੇ ਵੀ ਹੁਣ ਸੜਕਾਂ ਕੰਢੇ ਹੋਏ ਕਬਜ਼ਿਆਂ ’ਤੇ ਕਾਰਵਾਈ ਕਰਨੀ ਛੱਡ ਦਿੱਤੀ ਹੈ। ਹਾਲਾਤ ਇਹ ਹੈ ਕਿ ਟ੍ਰੈਫਿਕ ਜਾਮ ਕਾਰਨ ਲੋਕਾਂ ਨੂੰ ਆਉਂਦੀਆਂ ਪ੍ਰੇਸ਼ਾਨੀਆਂ ਵੱਲ ਨਾ ਤਾਂ ਪੁਲਸ ਅਤੇ ਨਾ ਹੀ ਨਗਰ ਨਿਗਮ ਦਾ ਕੋਈ ਧਿਆਨ ਹੈ। ਇਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ-  ਨਸ਼ੇ ਨੇ ਉਜਾੜ 'ਤਾ ਹੱਸਦਾ-ਵੱਸਦਾ ਘਰ, ਜਵਾਨ ਪੁੱਤ ਦੀ ਟੈਂਕੀ ਨੇੜਿਓਂ ਮਿਲੀ ਲਾਸ਼ ਵੇਖ ਪਰਿਵਾਰ ਦੇ ਉੱਡੇ ਹੋਸ਼

ਅੰਦਰੂਨੀ ਬਾਜ਼ਾਰਾਂ ’ਚ ਤਾਂ ਰੱਬ ਹੀ ਰਾਖਾ, ਪੈਦਲ ਚਲਣਾ ਵੀ ਮੁਸ਼ਕਿਲ
ਇਕ ਸਮਾਂ ਸੀ, ਜਦੋਂ ਰੈਨਕ ਬਾਜ਼ਾਰ, ਸ਼ੇਖਾਂ ਬਾਜ਼ਾਰ, ਅਟਾਰੀ ਬਾਜ਼ਾਰ ਵਰਗੇ ਕਮਰਸ਼ੀਅਲ ਖੇਤਰ ਗਾਹਕਾਂ ਦੀ ਪਹਿਲੀ ਪਸੰਦ ਹੋਇਆ ਕਰਦੇ ਸਨ ਅਤੇ ਵੱਡੀ ਗਿਣਤੀ ’ਚ ਐੱਨ. ਆਰ. ਆਈ. ਗਾਹਕ ਇਨ੍ਹਾਂ ਬਾਜ਼ਾਰਾਂ ’ਚ ਖਰੀਦਦਾਰੀ ਕਰਦੇ ਦੇਖੇ ਜਾਂਦੇ ਸਨ ਪਰ ਸਮਾਂ ਬੀਤਣ ਦੇ ਨਾਲ-ਨਾਲ ਇਨ੍ਹਾਂ ਬਾਜ਼ਾਰਾਂ ’ਚ ਚੱਲ ਰਿਹਾ ਕਾਰੋਬਾਰ ਦੂਸਰੇ ਸਥਾਨਾਂ ’ਤੇ ਸ਼ਿਫ਼ਟ ਹੋਣਾ ਸ਼ੁਰੂ ਹੋ ਗਿਆ ਹੈ। ਸ਼ਹਿਰ ਦੇ ਤਮਾਮ ਅੰਦਰੂਨੀ ਬਾਜ਼ਾਰ ਖ਼ੁਦ ਦੁਕਾਨਦਾਰਾਂ ਵੱਲੋਂ ਹੀ ਕੀਤੇ ਗਏ ਪੱਕੇ ਅਤੇ ਕੱਚੇ ਕਬਜ਼ਿਆਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ।
ਖ਼ੁਦ ਦੁਕਾਨਾਂ ਦਾ ਹੀ ਮੰਨਣਾ ਸੀ ਕਿ ਕਈ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਅੱਗੇ ਸਾਮਾਨ ਆਦਿ ਲਾ ਕੇ ਜੋ ਸੜਕਾਂ ਨੂੰ ਤੰਗ ਕੀਤਾ ਹੋਇਆ ਹੈ, ਉਸ ਕਾਰਨ ਵੀ ਗਾਹਕਾਂ ਨੂੰ ਆਉਣ-ਜਾਣ ’ਚ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਾਰੇ ਦੁਕਾਨਦਾਰ ਆਪਸ ’ਚ ਏਕਤਾ ਕਰ ਕੇ ਬਾਜ਼ਾਰ ਵਲ ਕਾਰੋਬਾਰ ਦੀ ਭਲਾਈ ਲਈ ਆਪਣਾ ਸਾਰਾ ਸਾਮਾਨ ਦੁਕਾਨਾਂ ਦੇ ਅੰਦਰ ਰੱਖਣ ਤਾਂ ਇਨ੍ਹਾਂ ਬਾਜ਼ਾਰਾਂ ਦੀ ਰੌਣਕ ਦੋਬਾਰਾ ਪਰਤ ਸਕਦੀ ਹੈ। ਇਹ ਵੀ ਸਭ ਨੂੰ ਪਤਾ ਹੈ ਕਿ ਕਈ ਦੁਕਾਨਦਾਰ ਆਪਣੀ ਦੁਕਾਨ ਅੱਗੇ ਸਾਰਾ ਸਾਮਾਨ ਰੱਖ ਕੇ ਸੜਕ ਜਾਮ ਕਰ ਦਿੰਦੇ ਹਨ ਅਤੇ ਬਾਅਦ ’ਚ ਝਗੜਾ ਕਰਨ ਤਕ ਉਤਾਰੂ ਹੋ ਜਾਂਦੇ ਹਨ। ਅਜਿਹੇ ਦੁਕਾਨਦਾਰਾਂ ਕਾਰਨ ਕਾਰੋਬਾਰ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ।
ਇਹ ਵੀ ਪੜ੍ਹੋ- ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲੇ ’ਚ ਨਵਾਂ ਮੋੜ, ਮੁਅੱਤਲ SHO ਨਵਦੀਪ ਤੇ ਹੋਰ ਮੁਲਾਜ਼ਮਾਂ ਨੂੰ ਹੁਕਮ ਜਾਰੀ

ਇਹ ਪੁਆਇੰਟ ਹਨ ਜ਼ਿਆਦਾ ਦਿੱਕਤ ਦਾ ਕਾਰਨ
–ਚਿਕ-ਚਿਕ ਚੌਕ ਨੇੜੇ : ਉਂਝ ਤਾਂ ਪੂਰੇ ਮਹਾਵੀਰ ਮਾਰਗ ’ਤੇ ਬਣੇ ਚੌਰਸਤੇ ਟ੍ਰੈਫਿਕ ਦੀ ਦਿੱਕਤ ਦਾ ਕਾਰਨ ਬਣਦੇ ਹਨ ਪਰ ਸਭ ਤੋਂ ਵਧ ਪ੍ਰੇਸ਼ਾਨੀ ਚਿਕ-ਚਿਕ ਚੌਕ ਦੇ ਨੇੜੇ ਆਉਂਦੀ ਹੈ। ਇਥੇ ਟ੍ਰੈਫਿਕ ਲਾਈਟਾਂ ਦਾ ਸਮਾਂ ਇੰਨਾ ਗੜਬੜ ਵਾਲਾ ਹੈ ਕਿ ਚੌਕ ’ਤੇ ਹਮੇਸ਼ਾ ਟ੍ਰੈਫਿਕ ਅੱਧੀ ਸੜਕ ਤਕ ਆ ਜਾਂਦਾ ਹੈ ਅਤੇ ਮਹਾਲਕਸ਼ਮੀ ਮੰਦਰ ਵੱਲੋਂ ਆਉਣ ਵਾਲੇ ਟ੍ਰੈਫਿਕ ਦਾ ਵੀ ਇਹੀ ਹਾਲ ਹੁੰਦਾ ਹੈ, ਜਿਸ ਕਾਰਨ ਕਪੂਰਥਲਾ ਚੌਕ ਅਤੇ ਫੁਟਬਾਲ ਚੌਕ ਵਲ ਜਾਣ ਵਾਲੇ ਵਾਹਨਾਂ ਨੂੰ ਪ੍ਰੇਸ਼ਾਨੀ ਆਉਂਦੀ ਹੈ।

–ਓਲਡ ਜੀ. ਟੀ. ਰੋਡ : ਸ਼ਹਿਰ ਦੇ ਅੰਦਰੂਨੀ ਖੇਤਰ ’ਚ ਸਥਿਤ ਓਲਡ ਜੀ. ਟੀ. ਰੋਡ ਮੁੱਖ ਤੌਰ ’ਤੇ ਭਗਵਾਨ ਵਾਲਮੀਕਿ ਚੌਕ, ਪਲਾਜ਼ਾ ਚੌਕ ਅਤੇ ਜੇਲ ਚੌਕ (ਜਿਥੋਂ ਸੜਕ ਬਾਂਸਾ ਵਾਲਾ ਬਾਜ਼ਾਰ, ਦੂਸਰੀ ਸੜਕ ਹੋਟਲ ਡਾਲਫਿਨ ਅਤੇ ਤੀਸਰੀ ਸੜਕ ਮਹਾਲਕਸ਼ਮੀ ਮੰਦਰ ਵੱਲ ਆਉਂਦੀ ਹੈ) ਉੱਥੇ ਵੀ ਅਕਸਰ ਟ੍ਰੈਫਿਕ ਜਾਮ ਹੀ ਰਹਿੰਦਾ ਹੈ। ਭਾਵੇਂ ਟ੍ਰੈਫਿਕ ਪੁਲਸ ਨੇ ਹੋਟਲ ਡਾਲਫਿਨ ਦੇ ਸਾਹਮਣੇ ਵਾਲੀ ਸੜਕ ਨੂੰ ਵਨ ਵੇਅ ਐਲਾਨ ਕੀਤਾ ਹੋਇਆ ਹੈ ਪਰ ਫਿਰ ਵੀ ਇਸ ਖੇਤਰ ਦੇ ਦੁਕਾਨਦਾਰਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਅਾਂ ਕਾਰਨ ਟ੍ਰੈਫਿਕ ਨੂੰ ਦਿੱਕਤ ਆਉਂਦੀ ਹੈ ਅਤੇ ਲੋਕ ਪ੍ਰੇਸ਼ਾਨ ਹੁੰਦੇ ਹਨ।

ਇਹ ਵੀ ਪੜ੍ਹੋ- ਪ੍ਰਿੰਸੀਪਲ ਵੱਲੋਂ ਬੱਚੇ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਨਵਾਂ ਮੋੜ

–ਗੁਲਾਬ ਦੇਵੀ ਰੋਡ ’ਤੇ ਪੈਂਦੀ ਨਹਿਰ ਦੀ ਪੁਲੀ : ਇਸ ਸਮੇਂ ਗੁਲਾਬ ਦੇਵੀ ਰੋਡ ਤੋਂ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਲ ਜਾਣ ਵਾਲੀ ਸੜਕ ਟ੍ਰੈਫਿਕ ਦੇ ਮਾਮਲੇ ’ਚ ਸਭ ਤੋਂ ਵਧ ਦਿੱਕਤ ਦੇਣ ਵਾਲੀ ਸਾਬਿਤ ਹੋ ਰਹੀ ਹੈ। ਮਹਾਵੀਰ ਮਾਰਗ, ਬਰਲਟਨ ਪਾਰਕ ਜਾਂ ਕਬੀਰ ਨਗਰ ਵੱਲੋਂ ਆਉਣ ਵਾਲਾ ਟ੍ਰੈਫਿਕ ਸਭ ਤੋਂ ਪਹਿਲਾਂ ਵਿੰਡਸਰ ਪਾਰਕ ਕਾਲੋਨੀ ਦੇ ਨੇੜੇ ਹੀ ਫਸ ਜਾਂਦਾ ਹੈ, ਜਿੱਥੇ ਇਕ ਦਰਜਨ ਦੇ ਕਰੀਬ ਦੁਕਾਨਾਂ ਦੇ ਬਾਹਰ ਵਾਹਨ ਖੜੇ ਰਹਿੰਦੇ ਹਨ ਅਤੇ ਇੱਥੇ ਸੜਕ ਵੀ ਤੰਗ ਹੈ।
ਦੂਸਰੀ ਦਿੱਕਤ ਨਹਿਰ ਦੀ ਪੁਲੀ ’ਤੇ ਆਉਂਦੀ ਹੈ, ਜਿੱਥੋਂ ਟ੍ਰੈਫਿਕ ਕਈ ਪਾਸੇ ਮੁੜਦਾ ਹੈ। ਪਿਛਲੇ ਕੁਝ ਸਮੇਂ ਤੋਂ ਇਸ ਖੇਤਰ ’ਚ ਟਾਈਲਾਂ ਦੇ ਵੱਡੇ-ਵੱਡੇ ਗੋਦਾਮ ਬਣ ਗਏ ਹਨ, ਜਿਸ ਕਾਰਨ ਅਕਸਰ ਹੈਵੀ ਟ੍ਰੈਫਿਕ ਵੀ ਇਧਰ ਆਉਂਦਾ ਹੈ। ਨਗਰ ਨਿਗਮ ਦੇ ਅਾਪਣੇ ਵਾਹਨ ਵਰਿਆਣਾ ਡੰਪ ਤਕ ਪਹੁੰਚਣ ਲਈ ਇਸ ਰਸਤੇ ਦੀ ਵਰਤੋਂ ਕਰਦੇ ਹਨ। ਇਸ ਕਾਰਨ ਗੁਲਾਬ ਦੇਵੀ ਰੋਡ ’ਤੇ ਪੈਂਦੀ ਨਹਿਰ ਦੀ ਪੁਲੀ ’ਤੇ ਹਮੇਸ਼ਾ ਟ੍ਰੈਫਿਕ ਜਾਮ ਹੀ ਰਹਿੰਦਾ ਹੈ। ਕਈ ਵਾਰ ਤਾਂ ਇਹ ਟ੍ਰੈਫਿਕ ਜਾਮ ਘੰਟਿਅਾਂ ਨਹੀਂ ਖੁੱਲ੍ਹਦਾ ਜਿਸ ਕਾਰਨ ਲੋਕ ਰੋਜ਼ਾਨਾ ਪ੍ਰੇਸ਼ਾਨ ਹੁੰਦੇ ਹਨ।

–ਫਗਵਾੜਾ ਗੇਟ ਦੇ ਟੀ. ਪੁਆਇੰਟ ’ਤੇ : ਸ਼ਹਿਰ ਦੇ ਅੰਦਰੂਨੀ ਖੇਤਰ ’ਚ ਸਥਿਤ ਫਗਵਾੜਾ ਗੇਟ ਬਿਜਲੀ ਦੇ ਸਾਮਾਨ ਦੀ ਰਿਟੇਟ ਅਤੇ ਹੋਲਸੇਲ ਮਾਰਕੀਟ ਹੈ। ਇਸ ਖੇਤਰ ’ਚ ਵੀ ਟ੍ਰੈਫਿਕ ਨੂੰ ਬਹੁਤ ਦਿੱਕਤ ਪੇਸ਼ ਆਉਂਦੀ ਹੈ। ਯੂਨਾਈਟੇਡ ਇਲੈਕਟ੍ਰੀਕਲ ਅਤੇ ਬੇਦੀ ਇਲੈਕਟ੍ਰੀਕਲ ਦੇ ਨੇੜੇ ਤਾਂ ਟ੍ਰੈਫਿਕ ਕਾਫੀ ਦੇਰ ਤਕ ਫਸਿਆ ਰਹਿੰਦਾ ਹੈ।

ਇਹ ਵੀ ਪੜ੍ਹੋ- ਕਿਸਾਨੀ ਸੰਘਰਸ਼ ਦਰਮਿਆਨ ਭਾਜਪਾ ਦਾ ਵੱਡਾ ਬਿਆਨ

–ਬਾਬੂ ਜਗਜੀਵਨ ਰਾਮ ਚੌਕ ਦੇ ਨੇੜੇ : ਬਾਬੂ ਜਗਜੀਵਨ ਰਾਮ ਚੌਕ ਦੇ ਨੇੜੇ ਲੱਗਦੀ ਮੰਡੀ ਕਾਰਨ ਟ੍ਰੈਫਿਕ ਨੂੰ ਬਹੁਤ ਮੁਸ਼ਕਲ ਪੇਸ਼ ਆਉਂਦੀ ਹੈ। ਇੱਥੇ ਨਿਗਮ ਨੇ ਚੋਣਾਂ ਦੌਰਾਨ ਕੁਝ ਕਾਰਵਾਈ ਜ਼ਰੂਰ ਕੀਤੀ ਸੀ ਪਰ ਫਿਰ ਵੀ ਹਾਲਾਤ ਖਰਾਬ ਹੀ ਹਨ।

–ਆਦਰਸ਼ ਨਗਰ ਗੁਰਦੁਆਰਾ ਦੇ ਨੇੜੇ ਚੌਕ ’ਚ : ਆਦਰਸ਼ ਨਗਰ ਗੁਰਦੁਆਰਾ ਦੇ ਨੇੜੇ ਚੌਕ ’ਚ ਵੀ ਟ੍ਰੈਫਿਕ ਜਾਮ ਹੀ ਰਹਿੰਦਾ ਹੈ। ਸਭ ਤੋਂ ਵਧ ਦਿੱਕਤ ਬਸਤੀ ਬਾਵਾ ਖੇਲ ਨਹਿਰ ਦੀ ਪੁਲੀ ’ਤੇ ਆਉਂਦੀ ਹੈ, ਜਿੱਥੇ ਸੜਕ ਦੇ ਵਿਚੋ-ਵਿਚ ਹੀ ਰੇਹੜੀਅਾਂ ਲੱਗ ਜਾਂਦੀਅਾਂ ਹਨ। ਇੱਥੇ ਨਹਿਰ ਕੰਢੇ ਲੱਗਦੀ ਮੰਡੀ ਕਾਰਨ ਵੀ ਟ੍ਰੈਫਿਕ ਜਾਮ ਰਹਿੰਦਾ ਹੈ।

ਇਹ ਵੀ ਪੜ੍ਹੋ- 
ਸੁਖਬੀਰ ਬਾਦਲ ਦਾ ਸਭ ਤੋਂ ਵੱਡਾ ਬਿਆਨ, ਵਿਵਾਦਾਂ ਨੂੰ ਖ਼ਤਮ ਕਰਨ ਲਈ ਇਲਜ਼ਾਮ ਪੁਆਏ ਝੋਲੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News