ਧੋਖੇਬਾਜ਼ਾਂ ਤੋਂ ਵਪਾਰੀ ਦੁਖੀ, 23 ਜ਼ਿਲ੍ਹਿਆਂ ਦੇ ਵਪਾਰੀਆਂ ਨੇ ਅੰਮ੍ਰਿਤਸਰ ਪਹੁੰਚ ਕੇ ਮੀਟਿੰਗ ’ਚ ਚੁੱਕੇ ਸਵਾਲ

Monday, Nov 18, 2024 - 03:07 PM (IST)

ਅੰਮ੍ਰਿਤਸਰ (ਇੰਦਰਜੀਤ)-ਪੰਜਾਬ ਭਰ ਦੇ ਵਪਾਰੀਆਂ ਦੀਆਂ ਮੁਸ਼ਕਲਾਂ ਸਿਰਫ਼ ਜੀ. ਐੱਸ. ਟੀ. ਕਾਨੂੰਨ ਅਤੇ ਮੰਦੀ ਤੱਕ ਹੀ ਸੀਮਤ ਨਹੀਂ ਹਨ, ਸਗੋਂ ਪੰਜਾਬ ਦੇ ਵਪਾਰੀਆਂ ਦੇ ਪੈਸੇ ਵੀ ਡੁੱਬ ਰਹੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਪੰਜਾਬ ਤੋਂ ਇਲਾਵਾ ਚਾਰ ਹੋਰ ਸੂਬੇ ਅਜਿਹੇ ਹਨ, ਜਿੱਥੇ ਕਾਰੋਬਾਰੀਆਂ ਨਾਲ ਠੱਗੀ ਮਾਰਨ ਵਾਲਿਆਂ ਖ਼ਿਲਾਫ਼ ਪੁਲਸ ਕਾਰਵਾਈ ਕਰਦੀ ਹੈ ਪਰ ਪੰਜਾਬ ’ਚ ਅਜਿਹਾ ਨਹੀਂ ਹੈ। ਇਸ ਕਾਰਨ ਪੰਜਾਬ ਦੇ ਵਪਾਰੀ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਰਕਮ ਦੀ ਮਾਰ ਪੈਣ ਤੋਂ ਬਾਅਦ ਪ੍ਰਸ਼ਾਸਨ ਉਨ੍ਹਾਂ ਦੀ ਸੁਣਵਾਈ ਨਹੀਂ ਕਰਦਾ ਅਤੇ ਕਾਨੂੰਨੀ ਰਸਤਾ ਕਈ-ਕਈ ਸਾਲਾਂ ਤੱਕ ਲੰਮਾ ਹੋ ਜਾਂਦਾ ਹੈ। ਜ਼ਿਕਰਯੋਗ ਹੈ ਕਿ 23 ਜ਼ਿਲ੍ਹਿਆਂ ਦੇ ਵਪਾਰੀਆਂ ਨੇ ਅੰਮ੍ਰਿਤਸਰ ਪਹੁੰਚ ਕੇ ਸੂਬਾ ਪੱਧਰੀ ਮੀਟਿੰਗ ’ਚ ਕਈ ਸਵਾਲ ਉਠਾਏ।

ਅੱਜ ਦੀ ਮੀਟਿੰਗ ਦੌਰਾਨ ਵਪਾਰੀ ਆਗੂ ਅਤੇ ਪੰਜਾਬ ਸਟੇਟ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ, ਉਦਯੋਗਪਤੀ ਰੰਜਨ ਅਗਰਵਾਲ, ਟੀ-ਟ੍ਰੇਡ ਐਸੋਸੀਏਸ਼ਨ ਦੇ ਰਾਜਿੰਦਰ ਗੋਇਲ, ਸੀਨੀਅਰ ਮੀਤ ਪ੍ਰਧਾਨ ਮਧੂਕਰ ਤਲਵਾੜ ਅਤੇ ਦੀਪਕ ਰਾਏ ਮਹਿਰਾ ਨੇ ਸਾਂਝੇ ਤੌਰ ’ਤੇ ਕਿਹਾ ਕਿ ਪੰਜਾਬ ਵਿਚ ਮਹਾਰਾਸ਼ਟਰ, ਕਰਨਾਟਕ ਅਤੇ ਗੁਜਰਾਤ ਅੰਦਰ ਵਪਾਰੀਆਂ ਦੀ ਲੱਗੀ ਹੋਈ ਰਕਮ ਨੂੰ ਸੁਰੱਖਿਅਤ ਕਰਨ ਲਈ ਸਰਕਾਰ ਵੱਲੋਂ ਕਮਿਸ਼ਨਰੇਟ ਵਿੰਗ ਬਣਾਏ ਗਏ ਹਨ। ਇਸ ਤਹਿਤ ਜੇਕਰ ਕੋਈ ਮਾਲ ਮੰਗਵਾ ਕੇ ਪੈਸੇ ਨਹੀਂ ਦਿੰਦਾ ਤਾਂ ਡੁੱਬੀ ਹੋਈ ਰਕਮ ਨੂੰ ਪੁਲਸ ਆਪਣੇ ਜ਼ੋਰ ’ਤੇ ਦਿਵਾ ਦਿੰਦੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਪੁਲ ਤੋਂ ਹੇਠਾਂ ਡਿੱਗੇ ਐਕਟਿਵਾ ਸਵਾਰ ਕੁੜੀ-ਮੁੰਡਾ

ਵਪਾਰੀਆਂ ਦਾ ਕਹਿਣਾ ਹੈ ਕਿ ਇੱਥੇ ਹਾਲਾਤ ਅਜਿਹੇ ਹਨ ਕਿ ਪੀੜਤ ਦੀ ਮਦਦ ਕਰਨ ਦੀ ਬਜਾਏ ਉਸ ਨੂੰ ਧਮਕਾਇਆ ਜਾਂਦਾ ਹੈ। ਜਦੋਂਕਿ ਪੈਸੇ ਕਢਵਾਉਣ ਦਾ ਕਾਨੂੰਨੀ ਰਸਤਾ ਬਹੁਤ ਲੰਬਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਇਸ ਵੇਲੇ ਪੰਜਾਬ ਵਿੱਚੋਂ 40 ਫੀਸਦੀ ਤੋਂ ਵੱਧ ਯੂਨਿਟ ਘੱਟ ਹੋ ਚੁੱਕੇ ਹਨ ਅਤੇ ਅੰਮ੍ਰਿਤਸਰ ਵਿਚ 70 ਫੀਸਦੀ ਸਟੀਲ ਸਕ੍ਰਿਊ ਦੇ ਕਾਰਖਾਨੇ ਬੰਦ ਹੋ ਗਏ ਹਨ। ਵਪਾਰੀ ਆਗੂਆਂ ਅਨੁਸਾਰ ਹੋਰਨਾਂ ਸੂਬਿਆਂ ਵਾਂਗ ਪੰਜਾਬ ਵਿਚ ਵੀ ਕਮਿਸ਼ਨਰੇਟ ਪੁਲਸ ਦੀ ਟੀਮ ਬਣਾਈ ਜਾਵੇ ਤਾਂ ਜੋ ਕਿਸੇ ਵੀ ਭੋਲੇ ਭਾਲੇ ਵਪਾਰੀ ਦਾ ਪੈਸਾ ਨਾ ਡੁੱਬੇ।

ਜੀ. ਐੱਸ. ਟੀ. ਵਿਭਾਗ ਦੀ ਘਰ-ਘਰ ਛਾਪੇਮਾਰੀ

ਵਪਾਰੀਆਂ ਨੇ ਦੱਸਿਆ ਕਿ ਪੰਜਾਬ ਵਿਚ ਜੀ. ਐੱਸ. ਟੀ. ਵਿਭਾਗ ਵੱਲੋਂ ਵਪਾਰਕ ਅਦਾਰਿਆਂ ’ਤੇ ਘਰ-ਘਰ ਛਾਪੇਮਾਰੀ ਕੀਤੀ ਜਾ ਰਹੀ ਹੈ। ਦੀਵਾਲੀ ਤੋਂ 45 ਦਿਨ ਪਹਿਲਾਂ ਵਪਾਰਕ ਅਦਾਰਿਆਂ ’ਤੇ ਛਾਪੇਮਾਰੀ ਕੀਤੀ ਗਈ। ਇਸ ਦੇ ਨਾਲ ਹੀ ਬਾਹਰੋਂ ਸਾਮਾਨ ਲੈ ਕੇ ਆਉਣ ਵਾਲੇ ਲੋਕਾਂ ਨੂੰ ਵੀ ਧਮਕਾਇਆ ਜਾਂਦਾ ਸੀ ਕਿ ਉਹ ਮਾਲ ਕਿੱਥੋਂ ਲਿਆ ਰਹੇ ਹਨ। ਇਸ ਦਾ ਅਸਰ ਇਹ ਹੋਇਆ ਕਿ ਦੀਵਾਲੀ ਮੌਕੇ ਵਪਾਰੀਆਂ ਨੇ 30 ਤੋਂ 40 ਫੀਸਦੀ ਘੱਟ ਖਰੀਦ ਕੀਤੀ ਅਤੇ ਕਾਰੋਬਾਰੀਆਂ ਦਾ ਦੀਵਾਲੀ ਦਾ ਸੀਜ਼ਨ ਵੀ ਡੁੱਬ ਗਿਆ ਸੀ।

ਇਹ ਵੀ ਪੜ੍ਹੋ-ਪੰਜਾਬ 'ਚ 'ਆਪ' ਸਰਪੰਚ ਦਾ ਗੋਲੀਆਂ ਮਾਰ ਕੇ ਕਤਲ

ਵਪਾਰੀਆਂ ਮੁਤਾਬਿਕ ਵੱਡੀ ਗਿਣਤੀ ਵਿਚ ਕਾਰੋਬਾਰੀ ਅਜਿਹੇ ਹਨ, ਜਿਨ੍ਹਾਂ ਨੂੰ ਤਿਉਹਾਰੀ ਸੀਜ਼ਨ ਪੂਰੇ ਸਾਲ ਦੀ ਕਮਾਈ ਦਿੰਦਾ ਹੈ। ਇਸ ਪ੍ਰਕਾਰ ਕਾਰੋਬਾਰੀ ਆਪਣੇ ਪੂਰੇ ਸਾਲ ਦਾ ਨੁਕਸਾਨ ਕਰ ਬੈਠੇ। ਹਾਲਾਂਕਿ ਦੀਵਾਲੀ ਦੇ 5 ਦਿਨ ਪਹਿਲਾਂ ਜੀ. ਐੱਸ. ਟੀ. ਵਿਭਾਗ ਨੇ ਵਪਾਰੀਆਂ ਨੂੰ ਰਾਹਤ ਦਿੱਤੀ ਸੀ ਪਰ ਹੁਣ ਫਿਰ ਵਪਾਰੀਆਂ ਦੇ ਮਨ ਵਿਚ ਡਰ ਹੈ ਕਿਉਂਕਿ ਪਤਾ ਲੱਗਾ ਹੈ ਕਿ ਪ੍ਰਦੇਸ਼ ਜੀ. ਐੱਸ. ਟੀ. ਵਿਭਾਗ ਦਾ ਉੱਚ ਅਧਿਕਾਰੀ ਮੁੜ ਵਪਾਰੀਆਂ ’ਤੇ ਸ਼ਕਤੀ ਦਾ ਪ੍ਰਯੋਗ ਕਰ ਕੇ ਵਪਾਰੀਆਂ ਖਿਲਾਫ ਸਕੀਮ ਬਣਾ ਰਿਹਾ ਹੈ। ਇਸ ਨਾਲ ਸਹੀ ਕੰਮ ਕਰਨ ਵਾਲੇ ਕਾਰੋਬਾਰੀਆਂ 'ਤੇ ਬੇਲੋੜਾ ਮਾਨਸਿਕ ਦਬਾਅ ਪੈਦਾ ਹੋ ਰਿਹਾ ਹੈ, ਜੋ ਕਾਰੋਬਾਰ ਦੀ ਖੁਸ਼ਹਾਲੀ ਵਿਚ ਰੁਕਾਵਟ ਬਣਦਾ ਹੈ।

ਪੰਜਾਬ ਡਿਵੈਲਪਮੈਂਟ ਟੈਕਸ ’ਤੇ ਸੰਘਰਸ਼ ਦੀ ਚਿਤਾਵਨੀ

ਵਪਾਰ ਮੰਡਲ ਨੇ ਸੂਬੇ ਵਿਚ ਸੂਬੇ ਵਿਚ ਹੁਣੇ-ਹੁਣੇ ਲਾਗੂ 2400 ਰੁਪਏ ਸਾਲਾਨਾ ‘ਪੰਜਾਬ ਡਿਵੈਲਪਮੈਂਟ ਟੈਕਸ’ਨੂੰ ਤੁਰੰਤ ਖਤਮ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਪਹਿਲਾਂ ਹੀ ਜੀ. ਐੱਸ. ਟੀ. , ਇਨਕਮ ਟੈਕਸ, ਸੰਪਤੀ ਟੈਕਸ ਦੇ ਰੂਪ ਵਿਚ ਭਾਰੀ ਟੈਕਸ ਅਦਾ ਕੀਤੇ ਜਾ ਰਹੇ ਹਨ ਅਤੇ ਇਹ ਵਾਧੂ ਟੈਕਸ ਵਪਾਰੀਆਂ ’ਤੇ ਜ਼ਬਰੀ ਟੈਕਸ ਹੈ।

ਇਹ ਵੀ ਪੜ੍ਹੋ- ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਵੱਲੋਂ 'ਆਪ' ਉਮੀਦਵਾਰ ਦੀ ਹਮਾਇਤ ਦਾ ਐਲਾਨ

ਮੰਡਲ ਨੇ ਇਸ ਬਿੱਲ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ ਹੈ। ਵਪਾਰੀਆਂ ਨੇ ਦੱਸਿਆ ਕਿ ਇਹ ਕਾਨੂੰਨ ਸਾਲ 2018 ਵਿਚ ਬਣਿਆ ਸੀ। ਪਰ ਇਸ ਨੂੰ ਲਾਗੂ ਨਹੀਂ ਕੀਤਾ ਗਿਆ। ਉੱਧਰ ਹੁਣ ਇਸ ਨੂੰ ਓਨਾਂ ਹਾਲਾਤਾਂ ਵਿਚ ਲਾਗੂ ਕੀਤਾ ਜਾ ਰਿਹਾ ਹੈ ਜਦੋਂਕਿ ਵਪਾਰੀਆਂ ਨੂੰ ਹੁਣ ਪਹਿਲਾਂ ਨਾਲੋਂ ਵੱਧ ਕਾਰੋਬਾਰੀ ਘਾਟਾ ਝੱਲਣਾ ਪੈ ਰਿਹਾ ਹੈ।

ਵਪਾਰੀ ਦਿਵਸ ਮਨਾਉਣ ’ਤੇ ਸਹਿਮਤੀ

ਮੀਟਿੰਗ ਵਿਚ ਸਾਬਕਾ ਮੰਡਲ ਪ੍ਰਧਾਨ ਸਵਰਗੀ ਅੰਮ੍ਰਿਤ ਲਾਲ ਜੈਨ ਦੇ ਜਨਮ ਦਿਨ ’ਤੇ ਉਨ੍ਹਾਂ ਦੀ ਯਾਦ ਵਿਚ ਹਰ ਸਾਲ 16 ਮਾਰਚ ਨੂੰ ਪੰਜਾਬ ਵਿਚ ਵਪਾਰੀ ਦਿਵਸ ਮਨਾਉਣ ’ਤੇ ਸਹਿਮਤੀ ਬਣੀ। ਅੰਮ੍ਰਿਤ ਲਾਲ ਜੈਨ ਇਕ ਸ਼ਕਤੀਸ਼ਾਲੀ ਨੇਤਾ ਸਨ, ਜਿਨ੍ਹਾਂ ਨੇ ਵਪਾਰੀ ਵਰਗ ਦੇ ਉਥਾਨ ਲਈ ਆਪਣੀ ਸਾਰੀ ਉਮਰ ਸੰਘਰਸ਼ ਕੀਤਾ।

ਇਹ ਵੀ ਪੜ੍ਹੋ- ਪੰਜਾਬ 'ਚ ਕਣਕ ਦੀ ਕਮੀ, ਮਹਿੰਗੀਆਂ ਸਬਜ਼ੀਆਂ ਤੋਂ ਬਾਅਦ ਹੁਣ ਆਟੇ ਦੀ ਮਾਰ ਹੇਠ ਆਮ ਜਨਤਾ

ਸੁਰਿੰਦਰ ਦੁੱਗਲ ਦੀ ਨਿਯੁਕਤੀ, ਬਣੇ ਉਪ ਪ੍ਰਧਾਨ

ਮੀਟਿੰਗ ਵਿਚ ਸੁਰਿੰਦਰ ਦੁੱਗਲ ਨੂੰ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦਾ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਮੰਡਲ ਮੈਂਬਰਾਂ ਨੇ ਇਸ ਨਿਯੁਕਤੀ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |

ਜੀ. ਐੱਸ. ਟੀ. ਮਾਹਿਰਾਂ ਨੇ ਵਪਾਰੀਆਂ ਦਾ ਮਾਰਗਦਰਸ਼ਨ ਕੀਤਾ

ਮੀਟਿੰਗ ਵਿਚ ਪ੍ਰਸਿੱਧ ਜੀ. ਐੱਸ. ਟੀ. ਵਕੀਲ ਪਵਨ ਪਾਹਵਾ ਨੇ ਜੀ. ਐੱਸ. ਟੀ./ਇਨਕਮ ਟੈਕਸ ਕਾਨੂੰਨ ਵਿਚ ਕੀਤੀਆਂ ਤਾਜ਼ਾ ਸੋਧਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਸੋਧਾਂ ਅਤੇ ਤਬਦੀਲੀਆਂ ਨਾਲ ਨਜਿੱਠਣ ਲਈ ਕਾਨੂੰਨੀ ਸੁਝਾਅ ਅਤੇ ਮਾਰਗਦਰਸ਼ਨ ਵੀ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News