ਵਪਾਰੀ ਨੂੰ ਬੰਧਕ ਬਣਾ ਕੇ ਪੁਲਸ ਵਰਦੀ ’ਚ ਲੁੱਟਣ ਵਾਲੇ ਗਿਰੋਹ ਦੇ 4 ਮੈਂਬਰ ਕਾਬੂ

Monday, Jun 19, 2023 - 06:20 PM (IST)

ਵਪਾਰੀ ਨੂੰ ਬੰਧਕ ਬਣਾ ਕੇ ਪੁਲਸ ਵਰਦੀ ’ਚ ਲੁੱਟਣ ਵਾਲੇ ਗਿਰੋਹ ਦੇ 4 ਮੈਂਬਰ ਕਾਬੂ

ਮੋਗਾ (ਆਜ਼ਾਦ) : ਮੋਗਾ ਪੁਲਸ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਪੁਲਸ ਦੀ ਵਰਦੀ ਵਿਚ ਲੁਟੇਰਿਆਂ ਵੱਲੋਂ ਮੋਗਾ ਦੇ ਇਕ ਪ੍ਰਸਿੱਧ ਕਰਿਆਨਾ ਵਪਾਰੀ ਸਤੀਸ਼ ਕੁਮਾਰ ਅਤੇ ਉਸਦੇ ਭਰਾ ਰਾਜ ਕੁਮਾਰ ਨੂੰ ਬੰਧਕ ਬਣਾ ਕੇ ਉਸਨੂੰ ਅਗਵਾ ਕਰਨ ਤੋਂ ਬਾਅਦ ਉਸ ਤੋਂ ਕਰੀਬ 5 ਲੱਖ ਰੁਪਏ ਦੀ ਨਕਦੀ ਲੁੱਟਣ ਵਾਲੇ 4 ਲੁਟੇਰਿਆਂ ਨੂੰ ਕਾਬੂ ਕੀਤਾ ਗਿਆ, ਜਦਕਿ ਉਕਤ ਮਾਮਲੇ ਦੇ ਸਰਗਨਾ ਜੋ ਫਰੀਦਕੋਟ ਜ਼ਿਲ੍ਹੇ ਵਿਚ ਬੰਦ ਹਨ, ਦੀ ਗ੍ਰਿਫਤਾਰੀ ਬਾਕੀ ਹੈ। ਪੁਲਸ ਨੇ ਵਾਰਦਾਤ ਵਿਚ ਵਰਤੀ ਗਈ ਇਨੋਵਾ ਗੱਡੀ, ਮੋਟਰਸਾਈਕਲ ਅਤੇ ਇਕ ਪੁਲਸ ਵਰਦੀ ਸਮੇਤ ਲੁੱਟ ਦੀ ਰਕਮ ਵਿਚੋਂ 53 ਹਜ਼ਾਰ ਰੁਪਏ ਨਕਦੀ ਵੀ ਬਰਾਮਦ ਕੀਤੀ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਸ ਮੁਖੀ ਜੇ. ਇਲਨਚੇਲੀਅਨ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਸਤੀਸ਼ ਕੁਮਾਰ ਨੇ ਕਿਹਾ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਭਰਾ ਰਾਜ ਕੁਮਾਰ ਸਮੇਤ ਐਕਟਿਵਾ ਸਕੂਟਰੀ ’ਤੇ ਆਪਣੇ ਘਰ ਪ੍ਰੇਮ ਨਗਰ ਜਾ ਰਹੇ ਸਨ, ਜਦ ਗਿੱਲ ਰੋਡ ’ਤੇ ਇਕ ਹਸਪਤਾਲ ਕੋਲ ਪੁੱਜੇ ਤਾਂ ਇਨੋਵਾ ਗੱਡੀ ਕੋਲ ਖੜ੍ਹੇ ਪੁਲਸ ਦੀ ਵਰਦੀ ਵਾਲੇ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕਿਆ ਅਤੇ ਦੋਹਾਂ ਨੂੰ ਗੱਡੀ ਵਿਚ ਬਿਠਾ ਕੇ ਬੰਧਕ ਬਣਾ ਲਿਆ ਅਤੇ ਉਨ੍ਹਾਂ ਤੋਂ ਪੈਸਿਆ ਵਾਲਾ ਬੈਗ ਅਤੇ ਇਕ ਸੋਨੇ ਦੀ ਚੈਨੀ ਉਤਾਰ ਕੇ ਦੋਹਾਂ ਨੂੰ ਪਿੰਡ ਦੁਸਾਂਝ ਦੇ ਬਾਈਪਾਸ ’ਤੇ ਬਣੇ ਪੈਟਰੋਲ ਪੰਪ ਦੇ ਕੋਲ ਖੇਤਾਂ ਵਿਚ ਸੁੱਟ ਕੇ ਫਰਾਰ ਹੋ ਗਏ।

ਇਸ ਸਬੰਧ ਵਿਚ ਥਾਣਾ ਸਟੀ ਸਾਊਥ ਪੁਲਸ ਵੱਲੋਂ 9 ਜੂਨ ਨੂੰ ਅਣਪਛਾਤੇ ਲੁਟੇਰਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਲੁਟੇਰਿਆਂ ਦੀ ਫੁਟੇਜ ਵਾਇਰਲ ਕੀਤੀ ਗਈ ਅਤੇ ਐੱਸ. ਪੀ. ਆਈ. ਅਜੇ ਰਾਜ ਸਿੰਘ, ਹਰਿੰਦਰ ਸਿੰਘ ਡੋਡ ਡੀ. ਐੱਸ. ਪੀ. ਆਈ., ਇੰਸਪੈਕਟਰ ਕਿੱਕਰ ਸਿੰਘ, ਥਾਣਾ ਸਿਟੀ ਸਾਊਥ ਦੇ ਇੰਚਾਰਜ ਅਮਨਦੀਪ ਕੰਬੋਜ ਦੇ ਆਧਾਰਿਤ ਵੱਖ-ਵੱਖ ਟੀਮਾਂ ਗਠਿਤ ਕਰ ਕੇ ਲੁਟੇਰਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ।

ਪੁਲਸ ਵੱਲੋਂ ਟੈਕਨੀਕਲ ਢੰਗ ਨਾਲ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਵੀ ਖੰਗਾਲਿਆ ਗਿਆ ਤਾਂ ਪੁਲਸ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ, ਜਿਸ ਨੇ ਪੁਲਸ ਨੂੰ ਦੱਸਿਆ ਕਿ ਉਹ ਲੁਟੇਰਿਆਂ ਨੂੰ ਪਛਾਣਦਾ ਹੈ ਅਤੇ ਸਾਰੇ 4 ਲੁਟੇਰੇ ਬੱਧਨੀ ਕਲਾਂ ਮੇਨ ਰੋਡ ’ਤੇ ਖੜ੍ਹੇ ਹਨ, ਜਿਸ ’ਤੇ ਪੁਲਸ ਪਾਰਟੀ ਨੇ ਤੁਰੰਤ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਜਾ ਦਬੋਚਿਆ। ਪੁੱਛਗਿੱਛ ਕਰਨ ’ਤੇ ਉਨ੍ਹਾਂ ਆਪਣਾ ਨਾਂ ਅਰਸ਼ਦੀਪ ਸਿੰਘ ਉਰਫ ਗੋਰਾ ਉਰਫ ਬਿੱਲਾ ਨਿਵਾਸੀ ਪਿੰਡ ਰਣੀਆਂ, ਤੇਜਿੰਦਰ ਸਿੰਘ ਉਰਫ ਅਰਮਾਨ ਨਿਵਾਸੀ ਪਿੰਡ ਕਾਉਂਕੇ ਖੁਰਦ ਹਾਲ ਨੇੜੇ ਬਾਜਾਜ ਏਜੰਸੀ ਬੱਧਨੀ ਕਲਾਂ, ਕੁਲਦੀਪ ਸਿੰਘ ਉਰਫ ਲੱਲੂ ਨਿਵਾਸੀ ਮੋਗਾ ਬਰਨਾਲਾ ਰੋਡ ਮਾਛੀਕੇ, ਦੇਵਰਾਜ ਉਰਫ਼ ਸੁੱਖਾ ਨਿਵਾਸੀ ਪਿੰਡ ਜੰਡ ਵਾਲੀ ਗਲੀ ਪਿੰਡ ਰਣੀਆਂ ਦੱਸਿਆ।


author

Gurminder Singh

Content Editor

Related News