ਭਾਖੜਾ ’ਚ ਡਿੱਗੀ ਟਰੈਕਟਰ-ਟਰਾਲੀ, ਇਕ ਕੁੜੀ ਸਮੇਤ 2 ਔਰਤਾਂ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹੀਆਂ
Friday, Jun 23, 2023 - 03:41 PM (IST)
ਖਨੌਰੀ/ ਲਹਿਰਾਗਾਗਾ (ਗਰਗ) : ਹਲਕਾ ਲਹਿਰਾ ਦੇ ਕਸਬਾ ਖਨੌਰੀ ’ਚੋਂ ਗੁਜ਼ਰਦੀ ਭਾਖੜਾ ਨਹਿਰ ’ਚ ਇਕ ਟਰੈਕਟਰ-ਟਰਾਲੀ ਦੇ ਡਿੱਗਣ ਦੇ ਕਾਰਨ ਦੋ ਔਰਤਾਂ ਅਤੇ ਇਕ ਕੁੜੀ ਪਾਣੀ ਦੇ ਤੇਜ਼ ਵਹਾਅ ’ਚ ਰੁੜ ਗਈਆਂ। ਟਰੈਕਟਰ ਡਰਾਈਵਰ ਸਮੇਤ ਕੁਝ ਔਰਤਾਂ ਨੂੰ ਬਚਾ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਨਿਆਣਾ ਦੀਆਂ ਮਜ਼ਦੂਰ ਔਰਤਾਂ ਝੋਨੇ ਦੇ ਚੱਲ ਰਹੇ ਸੀਜ਼ਨ ਦੇ ਚਲਦੇ ਇਕ ਵਿਅਕਤੀ ਦੇ ਖੇਤਾਂ ’ਚ ਝੋਨਾ ਲਾਉਣ ਲਈ ਟਰੈਕਟਰ-ਟਰਾਲੀ ’ਚ ਝੋਨੇ ਦੀ ਪਨੀਰੀ ਲੈ ਕੇ ਪਿੰਡ ਹਰੀਗੜ੍ਹ ਗੇਹਲਾਂ ਤੋਂ ਖੋਖਰ ਦੇ ਵਿਚਕਾਰੋਂ ਗੁਜ਼ਰਦੀ ਭਾਖੜਾ ਨਹਿਰ ਦੀ ਭਾਖੜਾ ਦੀ ਪਟੜੀ ਪਟੜੀ ਜਾ ਰਹੇ ਸਨ। ਕੁਝ ਦੂਰੀ ’ਤੇ ਜਾ ਕੇ ਇੱਕ ਮੋੜ ਆ ਜਾਣ ਦੇ ਕਾਰਨ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਅਤੇ ਟਰੈਕਟਰ-ਟਰਾਲੀ ਭਾਖੜਾ ’ਚ ਡਿੱਗ ਗਿਆ। ਮੌਕੇ ’ਤੇ ਰੌਲਾ ਪੈਣ ਦੇ ਚੱਲਦੇ ਪਿੰਡ ਦੇ ਲੋਕਾਂ ਨੇ ਕੁਝ ਔਰਤਾਂ ਅਤੇ ਟਰੈਕਟਰ ਦੇ ਡਰਾਈਵਰ ਨੂੰ ਤਾਂ ਬਚਾ ਲਿਆ ਗਿਆ ਪਰ 2 ਔਰਤਾਂ ਸਮੇਤ ਇਕ ਕੁੜੀ ਪਾਣੀ ਦੇ ਤੇਜ਼ ਵਹਾਅ ’ਚ ਵਹਿ ਗਈਆਂ।
ਪਤਾ ਚੱਲਦੇ ਹੀ ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਡੀ.ਐੱਸ.ਪੀ. ਮਨੋਜ ਗੋਰਸੀ, ਥਾਣਾ ਮੁਖੀ ਸੌਰਵ ਸੱਵਰਵਾਲ ਸਮੁੱਚੇ ਪ੍ਰਸ਼ਾਸਨ ਨੂੰ ਮੌਕੇ ’ਤੇ ਪਹੁੰਚ ਕੇ ਤੁਰੰਤ ਹਰ ਮਦਦ ਕਰਨ ਲਈ ਕਿਹਾ। ਡੀ. ਐੱਸ. ਪੀ. ਅਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜਾਂ ’ਚ ਜੁਟ ਗਏ ਅਤੇ ਭਾਖੜਾ ਦੇ ਤੇਜ਼ ਵਹਾਅ ’ਚ ਰੁੜੀਆਂ ਔਰਤਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ, ਅੱਜ ਤੋਂ ਖੁੱਲ੍ਹੇ ਸਬ-ਰਜਿਸਟਰਾਰ ਦਫਤਰ
ਬਚਾਅ ਕਾਰਜ ’ਚ ਜੁਟੇ ਪੁਲਸ ਅਤੇ ਪ੍ਰਸ਼ਾਸ਼ਨ ਦੇ ਅਧਿਕਾਰੀ : ਵਿਧਾਇਕ ਗੋਇਲ
ਵਿਧਾਇਕ ਗੋਇਲ ਨੇ ਕਿਹਾ ਕਿ ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ’ਤੇ ਪੁਲਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਹਰ ਸੰਭਵ ਬਚਾਅ ਕਾਰਜ ਕਰਨ ਲਈ ਭੇਜਿਆ ਗਿਆ ਹੈ। ਗੋਤਾਖੋਰਾਂ ਦੇ ਨਾਲ-ਨਾਲ ਹੋਰ ਸਭ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਬਚਾਅ ਕਾਰਜਾਂ ’ਚ ਕੋਈ ਕਮੀ ਨਾ ਰਹੇ। ਬਚਾਅ ਕਾਰਜਾਂ ’ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਘਟਨਾ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਸਰਕਾਰ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ ਅਤੇ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਔਖੀ ਘੜੀ ’ਚ ਮਦਦ ਕਰਨ ਵਾਲੇ ਪਿੰਡ ਵਾਸੀਆਂ ਦਾ ਵਿਧਾਇਕ ਗੋਇਲ ਨੇ ਧੰਨਵਾਦ ਵੀ ਕੀਤਾ, ਜਿਨ੍ਹਾਂ ਨੇ ਕਈ ਕੀਮਤੀ ਜਾਨਾਂ ਬਚਾਈਆਂ ਹਨ।
ਇਹ ਵੀ ਪੜ੍ਹੋ : 8.49 ਕਰੋੜ ਦੀ ਲੁੱਟ ਦੇ ਮਾਮਲੇ ’ਚ ਪੁਲਸ ਕਮਿਸ਼ਨਰ ਵਲੋਂ ਕੀਤਾ ਨਵਾਂ ਖੁਲਾਸਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।