ਟਰੈਕਟਰ ਸਮੇਤ ਚੋਰ ਕਾਬੂ

04/22/2018 5:11:19 AM

ਢਿਲਵਾਂ, (ਜਗਜੀਤ)– ਢਿਲਵਾਂ ਪੁਲਸ ਨੇ ਇਕ ਟਰੈਕਟਰ ਚੋਰ ਨੂੰ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਭੂਸ਼ਣ ਸੇਖੜੀ ਨੇ ਦੱਸਿਆ ਕਿ ਸੰਤੋਖ ਸਿੰਘ ਸਾਬਕਾ ਸਰਪੰਚ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਮਿਰਜਾਪੁਰ ਨੇ ਥਾਣਾ ਢਿਲਵਾਂ 'ਚ ਦਰਜ ਕਰਵਾਈ ਰਿਪੋਰਟ 'ਚ ਦੱਸਿਆ ਕਿ ਮੈਂ 24-25 ਕਿੱਲੇ ਖੇਤੀਬਾੜੀ ਦਾ ਕੰਮ ਕਰਦਾ ਹਾਂ ਤੇ ਆਪਣੇ ਪਰਿਵਾਰ ਸਮੇਤ ਪਿੰਡ ਮਿਰਜ਼ਾਪੁਰ ਵਿਖੇ ਹੀ ਰਹਿੰਦਾ ਹਾਂ। ਬੀਤੀ 21 ਫਰਵਰੀ ਨੂੰ ਮੈਂ ਸ਼ਾਮ ਸਮੇਂ ਪਸ਼ੂਆਂ ਵਾਸਤੇ ਹਵੇਲੀ ਗੈਰਿਜ 'ਚੋਂ ਰੱਖੀ ਤੂੜੀ ਲੈ ਕੇ ਆਇਆ ਸੀ , ਉਸ ਵਕਤ ਹਵੇਲੀ 'ਚ ਟਰਾਲੀ ਤੇ ਟਰੈਕਟਰ ਤੇ ਸਵਿਫਟ ਗੱਡੀ ਖੇਤੀ ਦੇ ਹੋਰ ਸੰਦ ਵੀ ਮੌਜੂਦ ਸਨ। ਅਗਲੇ ਦਿਨ ਜਦੋਂ ਮੈਂ ਸਵੇਰੇ ਖੇਤਾਂ ਨੂੰ ਗਿਆ ਤਾਂ ਮੈਂ ਦੇਖਿਆ ਕਿ ਹਵੇਲੀ ਗੈਰਿਜ ਦਾ ਲੋਹੇ ਦਾ ਗੇਟ ਖੁੱਲ੍ਹਾ ਪਿਆ ਸੀ , ਗੇਟ ਦਾ ਤਾਲਾ ਵੀ ਟੁੱਟਾ ਪਿਆ ਸੀ। 
ਉਸੀ ਸਮੇਂ ਅੰਦਰ ਜਾ ਕੇ ਦੇਖਿਆ ਕਿ ਮੇਰਾ ਅਰਜਨ ਟਰੈਕਟਰ ਨਹੀਂ ਸੀ ਖੜ੍ਹਾ। ਮੈਂ ਤੇ ਪਿੰਡ ਦੇ ਲੋਕਾਂ ਨੇ ਦੇਖਿਆ ਕਿ ਹਵੇਲੀ ਗੈਰਿਜ 'ਚੋਂ ਕੋਈ ਨਾ ਮਲੂਮ ਵਿਅਕਤੀ ਟਰੈਕਟਰ ਚੋਰੀ ਕਰਕੇ ਲੈ ਗਿਆ ਸੀ। ਇਸ ਸਬੰਧੀ ਥਾਣਾ ਢਿਲਵਾਂ 'ਚ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕਰ ਲਿਆ ਸੀ। ਥਾਣਾ ਮੁੱਖੀ ਭੂਸ਼ਣ ਸੇਖੜੀ ਨੇ ਦੱਸਿਆ ਕਿ ਉਨ੍ਹਾਂ ਏ. ਐੱਸ. ਆਈ. ਬਲਵਿੰਦਰ ਸਿੰਘ, ਏ. ਐੱਸ. ਆਈ. ਗੁਰਜਸਵੰਤ ਸਿੰਘ, ਐੱਚ. ਸੀ. ਗੁਰਨਾਮ ਸਿੰਘ ਸਮੇਤ ਪੁਲਸ ਪਾਰਟੀ ਮੁਖਬਰ ਦੀ ਸੂਚਨਾ ਮਿਲਣ 'ਤੇ ਟਰੈਕਟਰ ਚੋਰ ਓਂਕਾਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਖਾਨਪੁਰ, ਥਾਣਾ ਸੁਭਾਨਪੁਰ ਨੂੰ ਟਰੈਕਟਰ ਸਮੇਤ ਕਾਬੂ ਕਰ ਲਿਆ ਹੈ। ਥਾਣਾ ਮੁਖੀ ਭੂਸ਼ਣ ਸੇਖੜੀ ਨੇ ਦੱਸਿਆ ਕਿ ਉਕਤ ਦੋਸ਼ੀ ਨੇ ਟਰੈਕਟਰ ਦੇ ਬੋਨਟ ਦੇ ਪਾਰਟਸ ਤੇ ਟਰੈਕਟਰ ਦੀ ਛੱਤ ਉਤਾਰ ਕੇ ਟਰੈਕਟਰ ਨੂੰ ਬੇਪਛਾਣ ਕੀਤਾ ਹੋਇਆ ਸੀ।


Related News