ਜ਼ਹਿਰੀਲੀ ਸ਼ਰਾਬ ਮਾਮਲੇ ''ਚ ਨਾਮਜ਼ਦ 120 ਮੁਲਜ਼ਮਾਂ ਖਿਲਾਫ ਅਦਾਲਤ ''ਚ ਪੇਸ਼ ਹੋਇਆ ਚਲਾਨ

Tuesday, Oct 27, 2020 - 08:47 PM (IST)

ਤਰਨਤਾਰਨ,(ਰਮਨ)-ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਕਾਂਡ ਦੌਰਾਨ ਕਰੀਬ 104 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 8 ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਇਸ ਸਬੰਧੀ ਥਾਣਾ ਸਿਟੀ ਅਤੇ ਸਦਰ ਤਰਨਤਾਰਨ ਦੀ ਪੁਲਸ ਵੱਲੋਂ ਕਰੀਬ 120 ਮੁਲਜ਼ਮਾਂ ਖਿਲਾਫ ਧਾਰਾ ਐਕਸਾਈਜ਼ ਐਕਟ, 302, 304, 307, 328 ਆਈ. ਪੀ. ਸੀ. ਤਹਿਤ ਮਾਮਲੇ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਇਸ ਸਬੰਧੀ ਜ਼ਿਲ੍ਹਾ ਪੁਲਸ ਵੱਲੋਂ ਮਾਣਯੋਗ ਅਦਾਲਤ 'ਚ ਚਲਾਨ ਪੇਸ਼ ਕਰ ਦਿੱਤੇ ਗਏ ਹਨ।

ਜਾਣਕਾਰੀ ਮੁਤਾਬਕ ਜ਼ਿਲ੍ਹੇ ਵੱਖ-ਵੱਖ ਪਿੰਡਾਂ 'ਚ ਜੁਲਾਈ ਅਤੇ ਅਗਸਤ ਮਹੀਨੇ ਦਰਮਿਆਨ ਜ਼ਹਿਰੀਲੀ ਸ਼ਰਾਬ ਦੀ ਵਰਤੋਂ ਕੀਤੇ ਜਾਣ ਕਾਰਣ 104 ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਦਕਿ 8 ਵਿਅਤਕੀਆਂ ਦੀ ਅੱਖਾਂ ਦੀ ਰੌਸ਼ਨੀ ਸਦਾ ਲਈ ਚਲੀ ਗਈ ਸੀ। ਜਿਸ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਰਾਬ ਮਾਫੀਆ ਖਿਲਾਫ ਸਖਤੀ ਨਾਲ ਨਜਿੱਠਣ ਦੇ ਮਿਲੇ ਹੁਕਮਾਂ ਤਹਿਤ ਥਾਣਾ ਸਦਰ ਅਤੇ ਸਿਟੀ ਦੀ ਪੁਲਸ ਵੱਲੋਂ ਕਰੀਬ 120 ਵਿਅਕਤੀਆਂ ਖਿਲਾਫ ਐਕਸਾਈਜ਼ ਐਕਟ, 6 ਪੋਆਇਜ਼ਨ ਐਕਟ ਤੋਂ ਇਲਾਵਾ ਧਾਰਾ 302, 304,307, 328 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਮਾਮਲੇ 'ਚ ਬਰਾਮਦ ਕੀਤੀ ਗਈ ਜ਼ਹਿਰੀਲੀ ਸ਼ਰਾਬ ਦੀ ਲੈਬਾਰਟਰੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਜ਼ਹਿਰੀਲੀ ਸ਼ਰਾਬ ਨੂੰ ਮੀਥਾਨੋਲ ਵਰਗੇ ਜਾਨਲੇਵਾ ਕੈਮੀਕਲ ਨਾਲ ਤਿਆਰ ਕੀਤਾ ਗਿਆ ਸੀ, ਜਿਸ ਕਾਰਣ ਮੌਤਾਂ ਦੀ ਗਿਣਤੀ ਜ਼ਿਆਦਾ ਜਾ ਪੁੱਜੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਧਰੁੱਮਨ ਐੱਚ. ਨਿੰਬਾਲੇ ਨੇ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਨਾਮਜ਼ਦ ਮੁਲਜ਼ਮਾਂ ਨੂੰ ਸਖਤ ਸਜ਼ਾ ਦਿਵਾਉਣ ਲਈ ਪੁਲਸ ਪੂਰੀ ਮਿਹਨਤ ਨਾਲ ਸਬੂਤਾਂ ਦੇ ਆਧਾਰ 'ਤੇ ਕੰਮ ਕਰ ਰਹੀ ਹੈ ਤਾਂ ਜੋ ਪੀੜਤ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ।



 


Deepak Kumar

Content Editor

Related News