ਤਰਨਤਾਰਨ ਜ਼ਿਲ੍ਹੇ ''ਚ ਜ਼ਹਿਰੀਲੀ ਸ਼ਰਾਬ ਦਾ ਕਹਿਰ ਜਾਰੀ, 12 ਹੋਰ ਲੋਕਾਂ ਦੀ ਮੌਤ
Sunday, Aug 02, 2020 - 06:39 PM (IST)

ਤਰਨਤਾਰਨ (ਰਮਨ) : ਤਰਨਤਾਰਨ ਜ਼ਿਲ੍ਹੇ ਵਿਚ ਜ਼ਹਿਰੀਲੀ ਸ਼ਰਾਬ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਐਤਵਾਰ ਨੂੰ ਜ਼ਿਲ੍ਹੇ ਵਿਚ 12 ਹੋਰ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ ਹੈ। ਇਸ ਸਬੰੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਤਰਨਤਾਰਨ ਵਿਚ ਕੁੱਲ 75 ਲੋਕ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਰੇ ਗਏ ਹਨ। ਜਿਨ੍ਹਾਂ ਵਿਚੋਂ ਬਹੁਤੇ ਵਿਅਕਤੀਆਂ ਦਾ ਪਰਿਵਾਰਕ ਮੈਂਬਰਾਂ ਨੇ ਅੰਤਿਮ ਸੰਸਕਾਰ ਕਰ ਦਿੱਤਾ ਹੈ, ਜਦਕਿ ਬਾਕੀ ਵਿਅਕਤੀਆਂ ਦਾ ਸਰਕਾਰੀ ਹਸਪਤਾਲ ਤਰਨਤਾਰਨ ਵਿਖੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਿਨ੍ਹਾਂ ਦਾ ਬਾਅਦ ਵਿਚ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦੇ ਪੁਲਸ ਵਲੋਂ ਲਗਾਤਾਰ ਛਾਪੇਮਾਰੇ ਜਾ ਰਹੇ ਹਨ।
ਇਹ ਵੀ ਪੜ੍ਹੋ : ਜ਼ਹਿਰੀਲੀ ਸ਼ਰਾਬ ਨੇ ਪੂਰੀ ਤਰ੍ਹਾਂ ਉਜਾੜ ਛੱਡਿਆ ਘਰ, ਪਤੀ ਦੀ ਮੌਤ ਦੇ ਗਮ 'ਚ ਪਤਨੀ ਨੇ ਵੀ ਤੋੜਿਆ ਦਮ
ਜ਼ਹਿਰੀਲੀ ਸ਼ਰਾਬ ਨਾਲ ਹੁਣ ਤਕ 99 ਮੌਤਾਂ
ਮਾਝੇ ਦੇ ਅੰਮ੍ਰਿਤਸਰ, ਤਰਨਤਾਰਨ ਅਤੇ ਬਟਾਲਾ ਵਿਚ ਸ਼ਨੀਵਾਰ ਨੂੰ ਜ਼ਹਿਰੀਲੀ ਸ਼ਰਾਬ ਨਾਲ 46 ਹੋਰ ਲੋਕਾਂ ਦੀ ਮੌਤ ਹੋ ਗਈ। ਜਦਕਿ ਐਤਵਾਰ ਨੂੰ ਜ਼ਿਲ੍ਹਾ ਤਰਨਤਾਰਨ ਵਿਚ ਇਸ ਜ਼ਹਿਰੀਲੀ ਸ਼ਰਾਬ ਦਾ ਸੇਵਨ ਕਰਨ ਵਾਲੇ 12 ਹੋਰ ਵਿਅਕਤੀਆਂ ਨੇ ਦਮ ਤੋੜ ਦਿੱਤਾ। ਇਸ ਦੇ ਨਾਲ ਹੀ ਮਾਝੇ ਵਿਚ ਸ਼ਰਾਬ ਕਾਰਣ ਹੋਈਆਂ ਮੌਤਾਂ ਦਾ ਅੰਕੜਾ 99 ਹੋ ਗਿਆ ਹੈ। ਸਭ ਤੋਂ ਵੱਧ 75 ਮੌਤਾਂ ਇਕੱਲੇ ਤਰਨਤਾਰਨ ਵਿਚ ਹੋਈਆਂ ਹਨ, ਜਦਕਿ ਅੰਮ੍ਰਿਤਸਰ ਦੇਹਾਤੀ ਵਿਚ 12 ਅਤੇ ਬਟਾਲਾ ਵਿਚ 11 ਵਿਅਕਤੀਆਂ ਨੇ ਜਾਨ ਗੁਆਈ ਹੈ।
ਇਹ ਵੀ ਪੜ੍ਹੋ : 87 ਲੋਕਾਂ ਨੂੰ ਨਿਗਲਣ ਵਾਲੀ ਜ਼ਹਿਰੀਲੀ ਸ਼ਰਾਬ ਦੇ ਮਾਮਲੇ 'ਚ ਇਹ ਵੱਡੀ ਗੱਲ ਆਈ ਸਾਹਮਣੇ