ਟੂਰਨਾਮੈਂਟ ਤੋਂ ਬਾਅਦ ਕਬੱਡੀ ਖਿਡਾਰੀ ’ਤੇ ਅਣਪਛਾਤੇ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ

Sunday, Aug 21, 2022 - 10:18 PM (IST)

ਟੂਰਨਾਮੈਂਟ ਤੋਂ ਬਾਅਦ ਕਬੱਡੀ ਖਿਡਾਰੀ ’ਤੇ ਅਣਪਛਾਤੇ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ

ਪਟਿਆਲਾ (ਬਲਜਿੰਦਰ)-ਪਟਿਆਲਾ ਦੇ ਨਜ਼ਦੀਕੀ ਪਿੰਡ ਨੈਣਾਂ ਅਕੌਤ ਵਿਖੇ ਸ਼੍ਰੀ ਗੁੱਗਾ ਨੌਮੀ ਮੌਕੇ ਭਰਨ ਵਾਲੇ ਇਤਿਹਾਸਕ ਮੇਲੇ ਦੌਰਾਨ ਕਬੱਡੀ ਟੂਰਨਾਮੈਂਟ ’ਚ ਮੈਚ ਖੇਡ ਕੇ ਆਏ ਖਿਡਾਰੀ ਨੂੰ ਅਣਪਛਾਤੇ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਪ੍ਰਬੰਧਕਾਂ ਅਤੇ ਹੋਰ ਲੋਕਾਂ ਨੇ ਇਸ ਜ਼ਖ਼ਮੀ ਖਿਡਾਰੀ ਸੁਖਵਿੰਦਰ ਸਿੰਘ ਉਰਫ ਮਰਦਾਨਾ ਵਾਸੀ ਪਿੰਡ ਦੇਧਨਾ ਨੂੰ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ, ਜਿਥੇ ਉਹ ਜ਼ੇਰੇ ਇਲਾਜ ਹੈ। ਫਿਲਹਾਲ ਉਸ ਦੀ ਤਬੀਅਤ ਠੀਕ ਦੱਸੀ ਜਾ ਰਹੀ ਹੈ। ਇਸ ਮਾਮਲੇ ’ਚ ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਜਲੰਧਰ ਦਿਹਾਤੀ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 3 ਸਮੱਗਲਰ ਗ੍ਰਿਫ਼ਤਾਰ ਤੇ 78 ਲੱਖ ਦੀ ਡਰੱਗ ਮਨੀ ਬਰਾਮਦ

ਹਸਪਤਾਲ ’ਚ ਦਾਖ਼ਲ ਸੁਖਵਿੰਦਰ ਸਿੰਘ ਉਰਫ ਮਰਦਾਨਾ ਨੇ ਦੱਸਿਆ ਕਿ ਉਹ ਆਪਣੇ ਪਿੰਡ ਵੱਲੋਂ ਟੂਰਨਾਮੈਂਟ ’ਚ 65 ਕਿਲੋਗ੍ਰਾਮ ਵਰਗ ’ਚ ਖੇਡਣ ਲਈ ਪਿੰਡ ਨੈਣਾਂ ਅਕੌਤ ਵਿਖੇ ਗਿਆ ਸੀ, ਜਿਥੇ ਸ਼ਾਮ ਨੂੰ ਉਹ ਫਾਈਨਲ ਮੈਚ ਖੇਡ ਕੇ ਬਾਹਰ ਆ ਰਿਹਾ ਸੀ। ਜਿਉਂ ਹੀ ਉਹ ਮੈਦਾਨ ਤੋਂ ਬਾਹਰ ਨਿਕਲਣ ਲੱਗਾ ਤਾਂ ਅਣਪਛਾਤੇ ਵਿਅਕਤੀ ਨੇ ਉਸ ’ਤੇ ਚਾਕੂ ਨਾਲ ਵਾਰ ਕਰ ਦਿੱਤਾ, ਜੋ ਉਸ ਦੀ ਛਾਤੀ ’ਤੇ ਲੱਗਾ ਤੇ ਉਹ ਲਹੂ-ਲੁਹਾਨ ਹੋ ਕੇ ਮੈਦਾਨ ’ਚ ਡਿਗ ਪਿਆ। ਇਕਦਮ ਹੋਏ ਵਾਰ ਕਾਰਨ ਉਸ ਨੂੰ ਪਤਾ ਨਹੀਂ ਲੱਗ ਸਕਿਆ ਕਿ ਆਖਿਰ ਹਮਲਾ ਕਰਨ ਵਾਲਾ ਕੌਣ ਹੈ ਤੇ ਹਮਲਾਵਰ ਇਕਦਮ ਉਥੋਂ ਗਾਇਬ ਹੋ ਗਿਆ। ਸੁਖਵਿੰਦਰ ਸਿੰਘ ਮਰਦਾਨਾ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਨਾ ਹੀ ਉਸ ਦੀ ਕੋਈ ਬਹਿਸ ਹੋਈ ਹੈ। ਪਤਾ ਨਹੀਂ, ਹਮਲਾਵਰ ਦੀ ਉਸ ਨਾਲ ਕੀ ਦੁਸ਼ਮਣੀ ਸੀ ਕਿ ਉਸ ’ਤੇ ਇਸ ਤਰ੍ਹਾਂ ਅਚਾਨਕ ਹਮਲਾ ਕੀਤਾ। ਮਰਦਾਨੇ ਦੀ ਮਾਂ ਨੇ ਕਿਹਾ ਕਿ ਪੁਲਸ ਨੂੰ ਹਮਲਾਵਰ ਨੂੰ ਲੱਭਣਾ ਚਾਹੀਦਾ ਹੈ ਤਾਂ ਕਿ ਸਾਰੀ ਸਥਿਤੀ ਪਤਾ ਲੱਗ ਸਕੇ, ਨਹੀਂ ਤਾਂ ਜਿਸ ਤਰ੍ਹਾਂ ਹੁਣ ਉਸ ਦੇ ਪੁੱਤ ’ਤੇ ਹਮਲਾ ਹੋਇਆ ਹੈ, ਹੋ ਸਕਦਾ ਹੈ ਕਿ ਭਵਿੱਖ ’ਚ ਫਿਰ ਤੋਂ ਹਮਲਾ ਕਰੇ। ਇਧਰ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
 


author

Manoj

Content Editor

Related News