ਖਿਡਾਰਨਾਂ ਨੂੰ ਜਾਣਬੁੱਝ ਕੇ ਛੂੰਹਦੇ ਹਨ ਕੋਚ ਤੇ ਖਿਡਾਰੀ
Thursday, Apr 05, 2018 - 07:41 AM (IST)

ਚੰਡੀਗੜ੍ਹ (ਸਾਜਨ) - ਕੋਚ ਤੇ ਸਾਥੀ ਖਿਡਾਰੀ ਖਿਡਾਰਨਾਂ ਨੂੰ ਜਾਣਬੁੱਝ ਕੇ ਅਜਿਹੀ ਜਗ੍ਹਾ ਤੋਂ ਛੂੰਹਦੇ ਹਨ ਜਿਸ ਨਾਲ ਉਹ ਅਸਹਿਜ ਮਹਿਸੂਸ ਕਰਦੀਆਂ ਹਨ। ਉਨ੍ਹਾਂ ਦੀ ਫਿੱਗਰ ਸਬੰਧੀ ਤਰ੍ਹਾਂ-ਤਰ੍ਹਾਂ ਦੀਆਂ ਭੱਦੀਆਂ ਟਿੱਪਣੀਆਂ ਕਰਦੇ ਹਨ। ਜੋ ਡਰੈੱਸ ਪਾ ਕੇ ਉਹ ਖੇਡਦੀਆਂ ਹੈ, ਉਸ ਸਬੰਧੀ ਵੀ ਫਿਕਰੇ ਕੱਸਦੇ ਹਨ। ਉਨ੍ਹਾਂ ਦੇ ਸਾਹਮਣੇ ਗਾਲ੍ਹਾਂ ਨਾਲ ਗੱਲਬਾਤ ਕਰਦੇ ਹਨ। 'ਡਬਲ ਮੀਨਿੰਗ' ਗੱਲਾਂ ਕਹੀਆਂ ਜਾਂਦੀਆਂ ਹਨ ਜੋ ਕਈ ਵਾਰ ਤਾਂ ਸਾਰੀਆਂ ਹੱਦਾਂ ਪਾਰ ਕਰ ਜਾਂਦੀਆਂ ਹਨ। ਇਹ ਖੁਲਾਸਾ ਕੀਤਾ ਹੈ ਐੱਮ. ਸੀ. ਐੱਮ. ਕਾਲਜ ਚੰਡੀਗੜ੍ਹ ਦੀ ਰੈਗੂਲਰ ਅਧਿਆਪਕ ਵੀਨਾ ਨੇ, ਜੋ 210 ਖਿਡਾਰਨਾਂ ਨਾਲ ਗੱਲਬਾਤ ਕਰਕੇ ਇਸ ਸਿੱਟੇ 'ਤੇ ਪਹੁੰਚੇ ਹਨ ਕਿ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਕਾਰਨ ਹਨ ਜੋ ਵਿਦਿਆਰਥਣਾਂ ਨੂੰ ਖੇਡਾਂ 'ਚ ਸ਼ਿਰਕਤ ਕਰਨ ਤੋਂ ਰੋਕਦੇ ਹਨ। ਵਿਦਿਆਰਥਣਾਂ ਦੇ ਮਾਪੇ ਨਹੀਂ ਚਾਹੁੰਦੇ ਕਿ ਉਨ੍ਹਾਂ ਦੀਆਂ ਬੇਟੀਆਂ ਇਸ ਤਰ੍ਹਾਂ ਦੇ ਮਾਹੌਲ 'ਚ ਰਹਿਣ। ਇਹੀ ਵੱਡਾ ਕਾਰਨ ਹੈ ਜੋ ਔਰਤਾਂ ਨੂੰ ਖੇਡਾਂ 'ਚ ਅੱਗੇ ਵਧਣ ਤੋਂ ਰੋਕ ਰਿਹਾ ਹੈ। ਜਾਂਚ ਦੌਰਾਨ ਜਿਨ੍ਹਾਂ ਖਿਡਾਰਨਾਂ ਤੋਂ ਸਵਾਲ ਪੁੱਛੇ ਗਏ, ਉਹ ਸਾਰੀਆਂ ਕੌਮੀ ਪੱਧਰ ਦੀਆਂ ਖਿਡਾਰਨਾਂ ਰਹੀਆਂ ਹਨ।
ਦਰਸ਼ਕ ਵੀ ਖੂਬ ਕਰਦੇ ਹਨ ਖਿਡਾਰਨਾਂ 'ਤੇ ਗੰਦੀਆਂ ਟਿੱਪਣੀਆਂ
ਹਾਲ ਹੀ 'ਚ ਵੱਖ-ਵੱਖ ਖੇਡਾਂ 'ਚ ਸ਼ਿਰਕਤ ਕਰਨ ਵਾਲੀਆਂ ਔਰਤਾਂ ਸਾਹਮਣੇ ਆਉਣ ਵਾਲੀਆਂ ਦਿੱਕਤਾਂ ਦੀ ਵੀਨਾ ਨੇ ਜਾਂਚ ਕੀਤੀ। ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ 70-70 ਵਿਦਿਆਰਥਣਾਂ, ਜੋ ਖੇਡਾਂ 'ਚ ਹਿੱਸਾ ਲੈ ਰਹੀਆਂ ਹਨ, ਨੂੰ ਇਸ ਜਾਂਚ 'ਚ ਸ਼ਾਮਲ ਕੀਤਾ। ਜਾਂਚ ਦੌਰਾਨ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਕੀ ਖਿਡਾਰਨਾਂ ਸੈਕਸੂਅਲ ਹਿਰਾਸਮੈਂਟ ਦਾ ਸ਼ਿਕਾਰ ਹੁੰਦੀਆਂ ਹਨ?
ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਇਸ ਸਭ ਪਿੱਛੇ ਕਾਰਨ ਕੀ ਹਨ। ਸੈਕਸੂਅਲ ਹਿਰਾਸਮੈਂਟ ਦੇ ਨਾਲ ਮਾਨਸਿਕ ਹਿਰਾਸਮੈਂਟ, ਸੋਸ਼ਲ ਕੰਸਟਰੈਂਟ ਫਰਾਮ ਪੇਰੈਂਟਸ ਤੇ ਰਸਤੇ 'ਚ ਆਉਣ ਵਾਲੀਆਂ ਹੋਰ ਦਿੱਕਤਾਂ ਨੂੰ ਵੀ 96 ਸਵਾਲਾਂ 'ਚ ਸ਼ਾਮਲ ਕੀਤਾ ਗਿਆ। ਤਿੰਨ ਸਾਲ ਤਕ ਚੱਲੀ ਜਾਂਚ ਦੇ ਹੈਰਤੰਗੇਜ ਨਤੀਜੇ ਸਾਹਮਣੇ ਆਏ। ਖਿਡਾਰਨਾਂ ਨੇ ਦੱਸਿਆ ਕਿ ਸਿਰਫ ਕੋਚ ਤੇ ਖਿਡਾਰੀ ਹੀ ਨਹੀਂ, ਬਲਕਿ ਬਾਹਰ ਬੈਠੇ ਦਰਸ਼ਕ ਵੀ ਉਨ੍ਹਾਂ 'ਤੇ ਤਰ੍ਹਾਂ-ਤਰ੍ਹਾਂ ਦੇ ਗੰਦੇ ਫਿਕਰੇ ਕੱਸਦੇ ਹਨ। ਉਨ੍ਹਾਂ ਦੀ ਡਰੈੱਸ 'ਤੇ ਭੱਦੀਆਂ ਟਿੱਪਣੀਆਂ ਕਰਦੇ ਹਨ। ਦਿੱਖ ਸਬੰਧੀ ਵੀ ਗੰਦੇ ਸ਼ਬਦ ਵਰਤੇ ਜਾਂਦੇ ਹਨ। ਕੋਚ ਤੇ ਖਿਡਾਰੀਆਂ ਦੀ ਤਾਂ ਇੱਛਾ ਰਹਿੰਦੀ ਹੈ ਕਿ ਕਿਸੇ ਵੀ ਤਰ੍ਹਾਂ ਖਿਡਾਰਨ ਨੂੰ ਵੱਖ-ਵੱਖ ਜਗ੍ਹਾ ਤੋਂ ਛੂਹ ਲਿਆ ਜਾਵੇ। 'ਫਿਜ਼ੀਕਲ ਐਬਿਊਜ਼' ਤੋਂ ਇਲਾਵਾ ਵਰਬਲ ਤੇ ਨਾਨ-ਵਰਬਲ ਐਬਿਊਜ਼ ਵੀ ਸਹਿਣਾ ਪੈਂਦਾ ਹੈ। ਪੁਰਸ਼ ਐਥਲੀਟ ਮਹਿਲਾ ਐਥਲੀਟਾਂ ਨੂੰ ਪ੍ਰੇਸ਼ਾਨ ਕਰਨ 'ਚ ਸਭ ਤੋਂ ਅੱਵਲ ਹਨ।
ਲੜਕੀਆਂ ਦੇ ਖੇਡਾਂ 'ਚ ਅੱਗੇ ਨਾ ਆਉਣ ਦਾ ਇਹ ਸਭ ਤੋਂ ਵੱਡਾ ਕਾਰਨ ਹੈ। ਉਨ੍ਹਾਂ ਦੇ ਮਾਪੇ ਪ੍ਰੇਸ਼ਾਨ ਰਹਿੰਦੇ ਹਨ ਕਿ ਕਿਤੇ ਟੂਰਨਾਮੈਂਟ ਜਾਂ ਖੇਡਾਂ 'ਚ ਸ਼ਿਰਕਤ ਦੌਰਾਨ ਕੁਝ ਅਜਿਹੀਆਂ ਅਣਹੋਣੀਆਂ ਨਾ ਹੋ ਜਾਣ, ਜਿਸ ਨਾਲ ਸਾਰੀ ਜ਼ਿੰਦਗੀ ਉਹ ਮੂੰਹ ਵਿਖਾਉਣ ਦੇ ਯੋਗ ਨਾ ਰਹਿਣ। ਖੇਡਣ ਜਾਣ ਜਾਂ ਪ੍ਰੈਕਟਿਸ ਦੌਰਾਨ ਆਉਣ-ਜਾਣ ਦੀ ਸਮੱਸਿਆ ਲੜਕੀਆਂ ਲਈ ਵੱਡੀ ਮੁਸ਼ਕਲ ਹੈ।
ਵੀਨਾ ਨੇ ਦੱਸਿਆ ਕਿ ਫਿਲਹਾਲ ਇਹ ਉਨ੍ਹਾਂ ਦੀ ਜਾਂਚ ਦਾ ਪਹਿਲਾ ਪੜਾਅ ਸੀ। ਜਾਂਚ ਦੇ ਅਗਲੇ ਪੜਾਅ 'ਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕਿਹੜੀ ਖੇਡ 'ਚ ਸਭ ਤੋਂ ਜ਼ਿਆਦਾ ਔਰਤਾਂ ਦਾ ਸ਼ੋਸ਼ਣ ਹੁੰਦਾ ਹੈ। ਕਿਹੜੇ ਸੂਬੇ ਤੋਂ ਇਸ ਤਰ੍ਹਾਂ ਦੇ ਜ਼ਿਆਦਾ ਮਾਮਲੇ ਸਾਹਮਣੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਜਾਂਚ 'ਚ ਇਹ ਪੱਖ ਵੀ ਸ਼ਾਮਲ ਕੀਤਾ ਜਾਵੇਗਾ ਕਿ ਖਿਡਾਰਨਾਂ ਟੀਮ 'ਚ ਚੁਣੇ ਜਾਣ ਲਈ ਕੋਚ, ਅਧਿਕਾਰੀਆਂ ਆਦਿ ਤੋਂ ਕਿਸ ਤਰ੍ਹਾਂ ਦੇ ਲਾਭ ਲੈਂਦੀਆਂ ਹਨ।
ਕੋਚ ਫਿਰ ਵੀ ਨਿਕਲੇ ਥੋੜ੍ਹੇ ਸ਼ਰੀਫ
ਇਸ ਜਾਂਚ 'ਚ ਕੋਚ ਹੋਰਨਾਂ ਦੀ ਤੁਲਨਾ 'ਚ ਫਿਰ ਵੀ ਥੋੜ੍ਹੇ ਸ਼ਰੀਫ ਮਿਲੇ। 30 ਫੀਸਦੀ ਖਿਡਾਰੀ ਤੇ 30 ਫੀਸਦੀ ਦਰਸ਼ਕ ਔਰਤਾਂ ਦੇ ਸ਼ੋਸ਼ਣ 'ਚ ਸ਼ਾਮਲ ਮਿਲੇ, ਜਦੋਂਕਿ 10 ਫੀਸਦੀ ਕੋਚ ਹੀ ਇਸ ਕੈਟਾਗਰੀ ਦੇ ਨਿਕਲੇ। ਜਿਵੇਂ ਹੀ ਇਹ ਪੜਾਅ ਅਨੁਸਾਰ ਜਾਂਚ ਪੂਰੀ ਹੋਵੇਗੀ, ਇਸਦੀ ਪੂਰੀ ਕਿਤਾਬ ਰਿਲੀਜ਼ ਕੀਤੀ ਜਾਵੇਗੀ।