ਤੜਫਦੀ ਰਹੀ ਗਰਭਵਤੀ ਮਹਿਲਾ, ਡਾਕਟਰ ਬੈਠੇ ਰਹੇ ਹੜਤਾਲ 'ਤੇ
Monday, Jun 17, 2019 - 09:12 PM (IST)

ਸਿਰਸਾ— ਪੱਛਮੀ ਬੰਗਾਲ ਵਿਚ ਇਕ ਡਾਕਟਰ 'ਤੇ ਮਰੀਜ਼ ਦੇ ਰਿਸ਼ਤੇਦਾਰਾਂ ਦੇ ਹਮਲੇ ਦੀ ਘਟਨਾ ਦੇ ਵਿਰੋਧ ਵਿਚ ਭਾਰਤੀ ਮੈਡੀਕਲ ਪ੍ਰੀਸ਼ਦ ਦੇ ਸੱਦੇ 'ਤੇ ਅੱਜ ਦੇਸ਼ ਪੱਧਰੀ ਹੜਤਾਲ ਦੌਰਾਨ ਹਰਿਆਣਾ ਵਿਚ ਸਿਰਸਾ ਦੇ ਸਿਵਲ ਹਸਪਤਾਲ ਵਿਚ ਇਕ ਗਰਭਵਤੀ ਲਹੂ-ਲੁਹਾਨ ਸਥਿਤੀ ਵਿਚ ਪਹੁੰਚੀ ਪਰ ਉਸ ਦੀ ਕਿਸੇ ਨੇ ਸੁੱਧ ਤੱਕ ਨਹੀਂ ਲਈ। ਜਵਾਬ ਇਕ ਹੀ ਸੀ ਡਾਕਟਰ ਛੁੱਟੀ 'ਤੇ ਹਨ।
ਏਲਨਾਬਾਦ ਨਿਵਾਸੀ ਧਰਮਿੰਦਰ ਨੇ ਦੱਸਿਆ ਕਿ ਉਹ ਜਦੋਂ ਆਪਣੀ ਲਹੂ-ਲੁਹਾਨ ਪਤਨੀ ਮਾਇਆ ਨੂੰ ਪ੍ਰਸੂਤੀ ਪੀੜ ਦੇ ਨਾਲ ਐਂਬੂਲੈਂਸ 'ਤੇ ਲੈ ਕੇ ਆਇਆ ਤਾਂ ਹਸਪਤਾਲ ਤੋਂ ਕੋਈ ਉਸ ਦੇ ਨੇੜੇ ਤੱਕ ਆਉਣ ਲਈ ਤਿਆਰ ਨਹੀਂ ਸੀ। ਆਖਿਰ ਕੁਝ ਔਰਤਾਂ ਨੇ ਹਿੰਮਤ ਜੁਟਾਈ ਅਤੇ ਮਾਇਆ ਨੂੰ ਸਟ੍ਰੈਚਰ 'ਤੇ ਪਾ ਕੇ ਮਹਿਲਾ ਵਾਰਡ ਵਲ ਵਧੀਆਂ। ਟੀ. ਵੀ. ਸਮਾਚਾਰ ਚੈਨਲਾਂ ਦੇ ਕੈਮਰੇ ਜਦੋਂ ਇਹ ਦ੍ਰਿਸ਼ ਕੈਦ ਕਰਨ ਲੱਗੇ ਤਾਂ ਇਕ ਨਰਸ ਅੱਗੇ ਆਈ ਅਤੇ ਸਟ੍ਰੈਚਰ ਨੂੰ ਸਹਾਰਾ ਦੇਣ ਲੱਗੀ।
ਧਰਮਿੰਦਰ ਨੇ ਦੱਸਿਆ ਕਿ ਉਹ ਮਾਇਆ ਨੂੰ ਇਸ ਹਾਲਤ ਵਿਚ ਇਕ ਨਿੱਜੀ ਐਂਬੂਲੈਂਸ ਰਾਹੀਂ ਲੈ ਕੇ ਆਇਆ ਸੀ, ਜਿਸ ਦਾ 800 ਰੁਪਏ ਕਿਰਾਇਆ ਵੀ ਉਸ ਨੇ ਸਹਿਣ ਕੀਤਾ। ਏਲਨਾਬਾਦ ਕਮਿਊਨਿਟੀ ਮੈਡੀਕਲ ਸੈਂਟਰ ਨੇ ਇਸ ਸਥਿਤੀ ਵਿਚ ਇਕ ਨਰਸ ਤੱਕ ਦਾ ਸਹਾਰਾ ਮਾਇਆ ਨੂੰ ਸੰਭਾਲਣ ਲਈ ਨਹੀਂ ਦਿੱਤਾ। ਮੀਡੀਆ ਦੇ ਸਿਰਸਾ ਸਿਵਲ ਹਸਪਤਾਲ ਦੇ ਚੀਫ ਮੈਡੀਕਲ ਅਧਿਕਾਰੀ ਗੋਬਿੰਦ ਗੁਪਤਾ ਨੂੰ ਘਟਨਾ ਦੀ ਜਾਣਕਾਰੀ ਦੇਣ 'ਤੇ ਉਨ੍ਹਾਂ ਨੇ ਏਲਨਾਬਾਦ ਸੀ. ਐੱਚ. ਸੀ. ਅਤੇ ਸਿਵਲ ਹਸਪਤਾਲ ਵਿਚ ਫੋਨ ਕਰ ਕੇ ਸਥਿਤੀ ਨੂੰ ਜਾਣਿਆ ਅਤੇ ਆਪਣੇ ਸਟਾਫ ਨੂੰ ਗਰਭਵਤੀ ਮਹਿਲਾ ਦੇ ਤੁਰੰਤ ਇਲਾਜ ਦੇ ਹੁਕਮ ਦਿੱਤੇ।