ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਕਤਲ ਤਾਂ ਉਥੇ SGPC ਚੋਣਾਂ ਲਈ ਧਾਮੀ ਹੋਣਗੇ ਮੁੜ ਉਮੀਦਵਾਰ, ਪੜ੍ਹੋ TOP 10

Friday, Nov 04, 2022 - 08:48 PM (IST)

ਜਲੰਧਰ (ਬਿਊਰੋ) : ਅੱਜ ਅੰਮ੍ਰਿਤਸਰ ਵਿਖੇ ਪ੍ਰਦਰਸ਼ਨ ਕਰ ਰਹੇ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਸੁਧੀਰ ਸੂਰੀ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਦੇ ਵਿਰੋਧ 'ਚ ਸ਼ਨੀਵਾਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਉਥੇ ਹੀ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਐੱਸ. ਜੀ. ਪੀ. ਸੀ. ਪ੍ਰਧਾਨ ਦੀ ਚੋਣ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ-

ਅੰਮ੍ਰਿਤਸਰ ਤੋਂ ਵੱਡੀ ਖ਼ਬਰ, ਪ੍ਰਦਰਸ਼ਨ ਦੌਰਾਨ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਗੋਲ਼ੀਆਂ ਮਾਰ ਕੇ ਕਤਲ
ਅੰਮ੍ਰਿਤਸਰ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇਥੇ ਸ਼ਿਵ ਸੈਨਾ ਆਗੂ ਅਤੇ ਹਿੰਦੂ ਆਗੂ ਆਹਮੋ-ਸਾਹਮਣੇ ਹੋ ਗਏ। ਪ੍ਰਦਰਸ਼ਨ ਦੌਰਾਨ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਸੁਧੀਰ ਸੂਰੀ ’ਤੇ ਗੋਲ਼ੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਗੋਲ਼ੀਆਂ ਲੱਗਣ ਨਾਲ ਸੁਧੀਰ ਸੂਰੀ ਜ਼ਖ਼ਮੀ ਹੋ ਗਏ, ਜਿਨ੍ਹਾਂ ਜ਼ਖ਼ਮੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੇ ਵਿਰੋਧ ਵਿਚ ਕੱਲ੍ਹ ਪੰਜਾਬ ਬੰਦ ਦਾ ਐਲਾਨ
ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਸੁਧੀਰ ਸੂਰੀ ਦਾ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਵਿਖੇ ਪ੍ਰਦਰਸ਼ਨ ਦੌਰਾਨ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸ਼ਿਵ ਸੈਨਾ ਆਗੂ ਦੇ ਕਤਲ ਦੇ ਵਿਰੋਧ ਵਿਚ ਸ਼ਿਵ ਸੈਨਾ ਵਲੋਂ ਕੱਲ੍ਹ ਮਤਲਬ ਸ਼ਨੀਵਾਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ।

ਐੱਸ. ਜੀ. ਪੀ. ਸੀ. ਚੋਣਾਂ ਲਈ ਅਕਾਲੀ ਦਲ ਨੇ ਐਡਵੋਕੇਟ ਹਰਜਿੰਦਰ ਧਾਮੀ ਨੂੰ ਐਲਾਨਿਆ ਉਮੀਦਵਾਰ
ਬੀਬੀ ਜਗੀਰ ਕੌਰ ਨਾਲ ਵਿਵਾਦ ਵਿਚਾਲੇ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਐੱਸ. ਜੀ. ਪੀ. ਸੀ. ਪ੍ਰਧਾਨ ਦੀ ਚੋਣ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।

ਸੁਧੀਰ ਸੂਰੀ ਕਤਲਕਾਂਡ 'ਤੇ ਭਾਜਪਾ ਨੇ 'ਆਪ' 'ਤੇ ਵਿੰਨ੍ਹੇ ਨਿਸ਼ਾਨੇ, ਸਿਰਫ਼ ਬਿਆਨਬਾਜ਼ੀ ਕਰ ਰਹੀ ਮਾਨ ਸਰਕਾਰ
ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਸੁਧੀਰ ਸੂਰੀ ਦਾ ਅੰਮ੍ਰਿਤਸਰ ਵਿਖੇ ਪ੍ਰਦਰਸ਼ਨ ਦੌਰਾਨ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ 'ਤੇ ਪੰਜਾਬ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਵਿਗੜਦੀ ਜਾ ਰਹੀ ਹੈ ਪਰ ਸੂਬਾ ਸਰਕਾਰ ਇਸ 'ਤੇ ਕੁੱਝ ਨਹੀਂ ਕਰ ਪਾ ਰਹੀ।

ਨੂਰਪੁਰਬੇਦੀ 'ਚ ਵੱਡੀ ਘਟਨਾ, ਮਜ਼ਦੂਰ ਦੀ ਝੁੱਗੀ ਨੂੰ ਲੱਗੀ ਅੱਗ, ਜ਼ਿੰਦਾ ਸੜਿਆ 18 ਮਹੀਨਿਆਂ ਦਾ ਮਾਸੂਮ
ਥਾਣਾ ਨੂਰਪੁਰਬੇਦੀ ਅਧੀਨ ਪੈਂਦੀ ਪੁਲਸ ਚੌਂਕੀ ਕਲਵਾਂ ਨੇੜੇ ਸਥਿਤ ਪਿੰਡ ਸਵਾੜਾ ’ਚੋਂ ਹੋ ਕੇ ਲੰਘਦੀ ਸਵਾਂ ਨਦੀ ਦੇ ਕਿਨਾਰੇ ਰਹਿ ਰਹੇ ਇਕ ਮਜ਼ਦੂਰ ਪਰਿਵਾਰ ਦੀ ਝੁੱਗੀ ਅਚਾਨਕ ਅੱਗ ਦੀ ਭੇਟ ਚੜ੍ਹ ਗਈ। ਇਸ ਦੌਰਾਨ ਝੁੱਗੀ ’ਚ ਸੁੱਤਾ ਹੋਇਆ 18 ਮਹੀਨਿਆਂ ਦਾ ਇਕ ਮਾਸੂਮ ਬੱਚਾ ਜ਼ਿੰਦਾ ਸੜ ਗਿਆ ਜਦਕਿ ਇਕ 9 ਸਾਲਾ ਕੁੜੀ ਵੀ ਅੱਗ ’ਚ ਝੁਲਸ ਕੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ।

ਪਟਿਆਲਾ ਜੇਲ੍ਹ 'ਚ ਬੰਦ ਨਵਜੋਤ ਸਿੱਧੂ ਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਅਦਾਲਤ 'ਚ ਹੋਈ ਪੇਸ਼ੀ
ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸੀ. ਐੱਲ. ਯੂ. ਮਾਮਲੇ 'ਚ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਜ਼ਿਲ੍ਹਾ ਅਦਾਲਤ 'ਚ ਪੇਸ਼ੀ ਹੋਈ। ਪਿਛਲੀ ਸੁਣਵਾਈ ਦੌਰਾਨ ਮੈਡੀਕਲ 'ਚ ਅਨਫਿੱਟ ਕਰਾਰ ਦਿੱਤੇ ਜਾਣ ਮਗਰੋਂ ਉਨ੍ਹਾਂ ਦਾ ਲੁਧਿਆਣਾ ਦੀ ਅਦਾਲਤ 'ਚ ਗਵਾਹੀ ਦੇਣ ਲਈ ਆਉਣ ਦਾ ਫ਼ੈਸਲਾ ਬਦਲ ਦਿੱਤਾ ਗਿਆ ਸੀ।

ਸੁਧੀਰ ਸੂਰੀ ਕਤਲਕਾਂਡ 'ਤੇ ਕੁੰਵਰ ਵਿਜੇ ਪ੍ਰਤਾਪ ਨੇ ਘੇਰੀ ਆਪਣੀ ਹੀ ਸਰਕਾਰ, ਕਿਹਾ - ਪੁਲਸ ਤੰਤਰ ਹੋਇਆ ਢਹਿ-ਢੇਰੀ
ਅੰਮ੍ਰਿਤਸਰ ਵਿਖੇ ਪ੍ਰਦਰਸ਼ਨ ਦੌਰਾਨ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਸੁਧੀਰ ਸੂਰੀ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਵਿਚ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਹੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਿੱਧੂ ਮੂਸੇਵਾਲਾ ਦਾ ਦਰਦਨਾਕ ਕਤਲ ਹੋਇਆ। ਇਹ ਸਰਕਾਰ ਲਈ ਬਹੁਤ ਸ਼ਰਮਨਾਕ ਸੀ।

ਬੀਬੀ ਜਗੀਰ ਕੌਰ ਨੂੰ ਕੱਢਣ ਤੋਂ ਪਹਿਲਾਂ ਪਾਰਟੀ ’ਚ ਬਗਾਵਤ ਦੇ ਆਸਾਰ! ਅਕਾਲੀ ਹਲਕਿਆਂ ’ਚ ਚਰਚਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਦੀ ਚੋਣ ਲੜਨ ਲਈ ਝੰਡਾ ਚੁੱਕਣ ਵਾਲੀ ਬੀਬੀ ਜਗੀਰ ਕੌਰ ਨੂੰ ਸਾਥੀਆਂ ਦੀ ਰਾਏ ਨਾਲ 48 ਘੰਟੇ ਲਈ ਮੁਅੱਤਲ ਕਰ ਦਿੱਤਾ ਸੀ ਅਤੇ ਅੱਜ 4 ਨਵੰਬਰ ਨੂੰ ਉਨ੍ਹਾਂ ਦਾ ਸਮਾਂ ਪੂਰਾ ਹੋ ਗਿਆ। 

ਕਿਸਾਨਾਂ ਵਲੋਂ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਦੇ ਵਿਰੋਧ ਦੇ ਐਲਾਨ ਖ਼ਿਲਾਫ਼ ਭਾਜਪਾ ਨੇ ਵੀ ਖੋਲ੍ਹਿਆ ਮੋਰਚਾ
ਪੰਜਾਬ ਦੇ ਕਿਸਾਨਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਨੂੰ ਲੈ ਕੇ ਐਲਾਨੇ ਗਏ ਵਿਰੋਧ ਦੇ ਪ੍ਰੋਗਰਾਮ ਦੇ ਖ਼ਿਲਾਫ ਭਾਜਪਾ ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਪ੍ਰਧਾਨ ਮਤੰਰੀ 5 ਨਵੰਬਰ ਨੂੰ ਡੇਰਾ ਬਿਆਸ ਵਿਖੇ ਆ ਰਹੇ ਹਨ।

ਪ੍ਰਦੂਸ਼ਣ 'ਤੇ ਦਿੱਲੀ ਸਰਕਾਰ ਦਾ ਵੱਡਾ ਫ਼ੈਸਲਾ, ਕੱਲ੍ਹ ਤੋਂ ਪ੍ਰਾਇਮਰੀ ਸਕੂਲ ਬੰਦ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਦੂਸ਼ਣ ਦੇ ਮੁੱਦੇ 'ਤੇ ਅੱਜ ਯਾਨੀ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਪ੍ਰਦੂਸ਼ਣ ਪੂਰੇ ਉੱਤਰ ਭਾਰਤ ਦੀ ਸਮੱਸਿਆ ਹੈ।


Mukesh

Content Editor

Related News