ਟੋਲ ਪਲਾਜ਼ਾ 'ਤੇ ਹੋ ਰਹੀ ਲੁੱਟ ਤੋਂ ਦੁੱਖੀ ਵਾਹਨ ਚਾਲਕ, ਦਿੱਤੀ ਸੰਘਰਸ਼ ਦੀ ਚਿਤਾਵਨੀ

07/07/2020 2:53:51 PM

ਟਾਂਡਾ ਉੜਮੁੜ(ਪਰਮਜੀਤ ਸਿੰਘ ਮੋਮੀ) - ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਵੱਲੋਂ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਅੱਡਾ ਚੌਲਾਂਗ ਨਜ਼ਦੀਕ ਚਲਾਏ ਜਾ ਰਹੇ ਟੋਲ ਪਲਾਜ਼ਾ 'ਤੇ ਟੈਕਸੀ ਚਾਲਕਾਂ ਅਤੇ ਆਮ ਜਨਤਾ ਨਾਲ ਹੋ ਰਹੀ ਲੁੱਟ-ਖਸੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਲੁੱਟ-ਖਸੁੱਟ ਦੇ ਖਿਲਾਫ਼  A TO Z ਗਰੁੱਪ ਨਾਰਥ ਇੰਡੀਆ ਟੂਰਿਜ਼ਮ ਯੂਨੀਅਨ ਅਤੇ ਮਾਝਾ,ਮਾਲਵਾ ਦੁਆਬਾ ਰੋਡ ਵੈੱਲਫੇਅਰ ਸੁਸਾਇਟੀ ਨੇ ਆਵਾਜ਼ ਬੁਲੰਦ ਕੀਤੀ ਹੈ। ਇਸ ਸਬੰਧੀ ਯੂਨੀਅਨ ਦੇ ਸੰਸਥਾਪਕ ਪ੍ਰਧਾਨ ਚਰਨਜੀਤ ਸਿੰਘ ਹਰਸੀ ਪਿੰਡ ਅਤੇ ਐੱਮ.ਐੱਮ.ਡੀ ਦੇ ਪ੍ਰਧਾਨ ਮਨਦੀਪ ਸਿੰਘ ਜਹੂਰਾ ਨੇ ਟੋਲ ਪਲਾਜ਼ਾ ਦੇ ਮੈਨੇਜਰ ਸ਼ਿਵਰਾਜ ਸਿੰਘ ਯਾਦਵ ਨੂੰ ਮੰਗ ਪੱਤਰ ਭੇਟ ਕਰਦਿਆਂ ਟੋਲ ਪਲਾਜਾ 'ਤੇ ਹੋ ਰਹੀ ਲੁੱਟ-ਖਸੁੱਟ ਸਬੰਧੀ ਦੱਸਿਆ ਕਿ ਕਈ ਗੱਡੀਆਂ 'ਤੇ ਫਾਸਟ ਟੈਗ ਲੱਗੇ ਹੋਣ ਦੇ ਬਾਵਜੂਦ ਵੀ ਗੱਡੀਆਂ ਨੂੰ ਬਲੈਕਲਿਸਟ ਦੱਸ ਕੇ ਉਨ੍ਹਾਂ ਦੀ ਪਰਚੀ ਕੱਟੀ ਜਾ ਰਹੀ ਹੈ ਅਤੇ ਪਰਚੀ ਕੱਟਣ ਤੋਂ ਬਾਅਦ ਵੀ ਫਾਸਟੈਗ ਵਿਚੋਂ ਪੈਸੇ ਕੱਟੇ ਜਾ ਰਹੇ ਹਨ ਜਿਸ ਕਾਰਨ ਟੈਕਸੀ ਚਾਲਕਾਂ ਨੂੰ ਦੋਹਰੀ ਲੁੱਟ-ਖਸੁੱਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਚਰਨਜੀਤ ਸਿੰਘ ਲਾਡੀ ਨੇ ਟੋਲ ਮੈਨੇਜਰ ਨੂੰ ਮੰਗ ਪੱਤਰ ਭੇਟ ਕਰਦਿਆਂ ਇਸ ਲੁੱਟ ਖਸੁੱਟ ਨੂੰ ਬੰਦ ਕਰਨ ਦੀ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਉਹ ਇਹ ਲੁੱਟ-ਖਸੁੱਟ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ ਅਤੇ ਜੇਕਰ ਟੋਲ ਪਲਾਜ਼ਾ ਨੇ ਇਹ ਸਭ ਬੰਦ ਨਾ ਕੀਤਾ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਐੱਮ.ਐੱਮ.ਡੀ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਜਹੂਰਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਲਾਗ ਕਾਰਨ ਲਾਗੂ ਤਾਲਾਬੰਦੀ ਕਾਰਨ ਟੈਕਸੀ ਚਾਲਕਾਂ ਦਾ ਧੰਦਾ ਪਹਿਲਾਂ ਤੋਂ ਹੀ ਠੱਪ ਹੋ ਕੇ ਰਹਿ ਗਿਆ ਹੈ। ਉੱਪਰੋਂ ਸਰਕਾਰ ਵੱਲੋਂ ਨਿੱਤ ਦਿਨ ਹੀ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕੀਤਾ ਜਾ ਰਿਹਾ ਹੈ ਅਤੇ ਉਪਰੋਂ ਟੋਲ ਪਲਾਜ਼ਾ ਵੱਲੋਂ ਟੈਕਸੀ ਚਾਲਕਾਂ ਨੂੰ ਦੋਨੋਂ ਹੱਥਾਂ ਨਾਲ ਲੁੱਟਿਆ ਜਾ ਰਿਹਾ ਹੈ। ਜੋ ਕਿ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਜਦੋਂ ਟੋਲ ਮੈਨੇਜਰ ਸ਼ਿਵਰਾਜ ਸਿੰਘ ਯਾਦਵ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਫਾਸਟੈਗ ਵਿਚ ਵਾਇਲੇਂਸ ਦੀ ਕਮੀ ਕਾਰਨ ਇਹ ਸਮੱਸਿਆ ਉਤਪੰਨ ਹੋਈ ਸੀ ਜਿਸ ਨੂੰ ਛੇਤੀ ਹੀ ਹੱਲ ਕਰ ਲਿਆ ਜਾਵੇਗਾ। ਇਸ ਮੌਕੇ ਮੰਗ ਪੱਤਰ ਦੇਣ ਵਾਲਿਆਂ ਵਿਚ ਬਲਵਿੰਦਰ ਸਿੰਘ,ਅਜੀਤ ਸਿੰਘ,ਦੀਪਇੰਦਰ ਸਿੰਘ,ਗੁਰਜੀਤ ਸਿੰਘ,ਅਸ਼ੋਕ ਸੈਣੀ,ਨਵਦੀਪ ਸਿੰਘ,ਸੁਖਵਿੰਦਰ ਸਿੰਘ,ਜਸਵੰਤ ਸਿੰਘ,ਜਸਪਾਲ ਸਿੰਘ,ਸੋਨੂੰ ਪਚਰੰਗਾ,ਜਸਵੀਰ ਸਿੰਘ ਮਿੱਠਾ,ਚਰਨਜੀਤ ਸਿੰਘ,ਹਰਦੀਪ ਸਿੰਘ,ਸੁੱਚਾ ਸਿੰਘ, ਅਸ਼ੋਕ ਕੁਮਾਰ,ਜਸਵੰਤ ਸਿੰਘ ਆਦਿ ਵੀ ਹਾਜ਼ਰ ਸਨ

 


Harinder Kaur

Content Editor

Related News