ਟੋਲ ਪਲਾਜ਼ਾ ਦੇ ਮੁਲਾਜ਼ਮ ਦੀ ਗੁੰਡਾਗਰਦੀ, ਸਵਾਰੀ ਨਾਲ ਕੀਤੀ ਕੁੱਟਮਾਰ

Thursday, Nov 22, 2018 - 04:29 PM (IST)

ਟੋਲ ਪਲਾਜ਼ਾ ਦੇ ਮੁਲਾਜ਼ਮ ਦੀ ਗੁੰਡਾਗਰਦੀ, ਸਵਾਰੀ ਨਾਲ ਕੀਤੀ ਕੁੱਟਮਾਰ

ਭਵਾਨੀਗੜ੍ਹ(ਵਿਕਾਸ, ਸੰਜੀਵ)— ਪਿੰਡ ਕਾਲਾਝਾੜ ਨੇੜੇ ਜ਼ੀਰਕਪੁਰ-ਬਠਿੰਡਾ ਕੌਮੀ ਮਾਰਗ 'ਤੇ ਲੱਗੇ ਟੋਲ ਪਲਾਜ਼ਾ 'ਤੇ ਅੱਜ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸਰਕਾਰੀ ਬੱਸ 'ਚ ਸਵਾਰ ਇਕ ਮੁਸਾਫ਼ਿਰ ਵਲੋਂ ਟੋਲ 'ਤੇ ਵੀਡੀਓ ਬਣਾਉਣ ਨਾਲ ਇਕ ਟੋਲ ਮੁਲਾਜ਼ਮ ਭੜਕ ਗਿਆ ਅਤੇ ਉਸ ਨੇ ਵਿਅਕਤੀ ਦੀ ਕੁੱਟਮਾਰ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਬੱਸ ਮੁਲਾਜ਼ਮਾਂ ਨੇ ਸਵਾਰੀ ਨਾਲ ਹੋਈ ਕੁੱਟਮਾਰ ਤੇ ਟੋਲ ਪਲਾਜ਼ਾ 'ਤੇ ਕਰਮਚਾਰੀਆ ਵਲੋਂ ਲੋਕਾਂ ਨਾਲ ਕੀਤੀ ਜਾਂਦੀ ਸ਼ਰੇਆਮ ਗੁੰਡਾਗਰਦੀ ਦੇ ਖਿਲਾਫ ਹੋਰ ਬੱਸਾਂ ਦੀ ਸਹਾਇਤਾ ਨਾਲ ਜਾਮ ਲਗਾ ਦਿੱਤਾ। ਇਸ ਪੂਰੇ ਹੰਗਾਮੇ ਦੌਰਾਨ ਮੁੱਖ ਸੜਕ ਤੋਂ ਲੰਘਣ ਵਾਲੇ ਰਾਹਗੀਰ ਕਰੀਬ ਇਕ ਘੰਟਾ ਖੱਜਲ-ਖੁਆਰ ਹੁੰਦੇ ਰਹੇ।

PunjabKesari

ਮੋਬਾਇਲ ਨਾਲ ਵੀਡੀਓ ਬਣਾਉਣ 'ਤੇ ਗੱਲ ਵਧੀ:
ਟੋਲ ਪਲਾਜ਼ਾ 'ਤੇ ਕਥਿਤ ਕੁੱਟਮਾਰ ਦਾ ਸ਼ਿਕਾਰ ਹੋਏ ਪਟਿਆਲਾ ਵਾਸੀ ਰਮੇਸ਼ ਕਪੂਰ ਨੇ ਮੌਕੇ 'ਤੇ ਪੱਤਰਕਾਰਾਂ ਨੂੰ ਦੱਸਿਆ ਕਿ ਜਿਸ ਬੱਸ ਵਿਚ ਉਹ ਬੈਠਾ ਸੀ ਉਸ ਦਾ ਚਾਲਕ ਕਾਲਾਝਾੜ ਟੋਲ ਪਲਾਜ਼ਾ 'ਤੇ ਬੱਸ ਨੂੰ ਵੀ.ਆਈ.ਪੀ. ਲੇਨ 'ਚੋਂ ਲਗਾਉਣਾ ਲੱਗਾ ਤਾਂ ਟੋਲ 'ਤੇ ਹਾਜ਼ਰ ਇਕ ਮੁਲਾਜ਼ਮ ਨੇ ਬੱਸ ਨੂੰ ਰੋਕ ਕੇ ਚਾਲਕ ਨੂੰ ਗਾਲ੍ਹਾ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੀ ਉਸ ਨੇ ਆਪਣੇ ਮੋਬਾਈਲ 'ਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਬਜ਼ੁਰਗ ਰਮੇਸ਼ ਕੁਮਾਰ ਨੇ ਅੱਗੇ ਦੋਸ਼ ਲਾਇਆ ਕਿ ਗਾਲ੍ਹਾ ਕੱਢਣ ਦੀ ਵੀਡੀਓ ਬਣਾਉਣ 'ਤੇ ਤੈਸ਼ 'ਚ ਆਏ ਟੋਲ ਦੇ ਮੁਲਾਜ਼ਮ ਨੇ ਗੁੰਡਾਗਰਦੀ ਦਾ ਸਬੂਤ ਦਿੰਦਿਆਂ ਉਸ ਨਾਲ ਕੁੱਟਮਾਰ ਕੀਤੀ ਤੇ ਉਸ ਦਾ ਮੋਬਾਇਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। ਟੋਲ ਮੁਲਾਜ਼ਮ ਦੀ ਇਸ ਹਰਕਤ ਦੇ ਵਿਰੋਧ 'ਚ ਗੁੱਸੇ ਵਿਚ ਆਏ ਬੱਸ ਮੁਲਾਜ਼ਮਾਂ ਨੇ ਕਾਰਵਾਈ ਦੀ ਮੰਗ ਨੂੰ ਲੈ ਕੇ ਹੋਰ ਬੱਸ ਵਾਲਿਆਂ ਦੀ ਮਦਦ ਨਾਲ ਮੁੱਖ ਸੜਕ ਨੂੰ ਜਾਮ ਕਰ ਦਿੱਤਾ। ਟੋਲ 'ਤੇ ਹੰਗਾਮੇ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੇ ਡੀ.ਐੱਸ.ਪੀ. ਭਵਾਨੀਗੜ੍ਹ ਵਰਿੰਦਰਜੀਤ ਸਿੰਘ ਥਿੰਦ ਤੇ ਪ੍ਰਿਤਪਾਲ ਸਿੰਘ ਥਾਣਾ ਮੁਖੀ ਭਵਾਨੀਗੜ੍ਹ ਨੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਵਾ ਕੇ ਜਾਮ ਖੁਲਵਾਇਆ ਤੇ ਨਾਲ ਹੀ ਕਿਹਾ ਕਿ ਕਾਨੂੰਨ ਨੂੰ ਹੱਥ 'ਚ ਲੈਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਡੀ.ਐੱਸ.ਪੀ. ਥਿੰਦ ਨੇ ਦੋਵਾਂ ਧਿਰਾਂ ਨੂੰ ਥਾਣੇ ਸੱਦ ਕੇ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ।

PunjabKesari


author

cherry

Content Editor

Related News