ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

Sunday, May 15, 2022 - 10:06 PM (IST)

ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਜਲੰਧਰ : ਪਾਕਿਸਤਾਨ 'ਚ ਅੱਜ ਅਣਪਛਾਤੇ ਬੰਦੂਕਧਾਰੀਆਂ ਨੇ 2 ਸਿੱਖ ਵਿਅਕਤੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ, ਜਿਸ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਪ੍ਰਗਟ ਕਰਦਿਆਂ ਨਿਖੇਧੀ ਕੀਤੀ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ-

ਪਾਕਿ ’ਚ 2 ਸਿੱਖਾਂ ਦੇ ਕਤਲ ’ਤੇ CM ਮਾਨ ਨੇ ਪ੍ਰਗਟਾਇਆ ਦੁੱਖ, ਵਿਦੇਸ਼ ਮੰਤਰੀ ਨੂੰ ਕੀਤੀ ਇਹ ਅਪੀਲ
ਪਾਕਿਸਤਾਨ ’ਚ 2 ਸਿੱਖ ਵਿਅਕਤੀਆਂ ਦੇ ਕਤਲ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਪ੍ਰਗਟਾਇਆ ਹੈ। ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਗੁਆਂਢੀ ਦੇਸ਼ ਪਾਕਿਸਤਾਨ ਦੇ ਪੇਸ਼ਾਵਰ ’ਚ 2 ਸਿੱਖ ਵਿਅਕਤੀਆਂ ਦੇ ਗੋਲੀ ਮਾਰ ਕੇ ਕੀਤੇ ਗਏ ਕਤਲ ਦੀ ਨਿਖੇਧੀ ਕਰਦਾ ਹਾਂ।

ਪਾਕਿਸਤਾਨ 'ਚ 2 ਸਿੱਖਾਂ ਦੇ ਕਤਲ ਮਾਮਲੇ 'ਚ 'ਸੁਖਬੀਰ ਬਾਦਲ' ਦਾ ਟਵੀਟ, ਵਿਦੇਸ਼ ਮੰਤਰੀ ਨੂੰ ਕੀਤੀ ਅਪੀਲ
ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਖੇਤਰ ਦੇ ਉਪਨਗਰੀ ਇਲਾਕੇ ਸਰਬੰਦ 'ਚ 2 ਸਿੱਖ ਵਿਅਕਤੀਆਂ ਦੇ ਕਤਲ ਮਾਮਲੇ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਪਾਕਿਸਤਾਨ 'ਚ ਦੋ ਸਿੱਖਾਂ ਦਾ ਗੋਲੀਆਂ ਮਾਰ ਕੇ ਕਤਲ (ਵੀਡੀਓ)
ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਖੇਤਰ ਦੇ ਉਪਨਗਰੀ ਇਲਾਕੇ ਸਰਬੰਦ ਇਲਾਕੇ 'ਚ ਐਤਵਾਰ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਸਿੱਖ ਭਾਈਚਾਰੇ ਨਾਲ ਸਬੰਧਤ ਦੋ ਵਿਅਕਤੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਕਣਕ ਦੀ ਬਰਾਮਦ ’ਤੇ ਪਾਬੰਦੀ ਨੂੰ ਲੈ ਕੇ ਸੁੁਖਬੀਰ ਬਾਦਲ ਵੱਲੋਂ ਕੇਂਦਰ ਦੀ ਨਿਖੇਧੀ, ਕਿਸਾਨਾਂ ਲਈ ਕੀਤੀ ਇਹ ਮੰਗ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰ ਸਰਕਾਰ ਵੱਲੋਂ ਕਣਕ ਦੀ ਬਰਾਮਦ ਉਪਰ ਪਾਬੰਦੀ ਲਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਗਰਮੀ ਕਾਰਨ ਕਣਕ ਦਾ ਘੱਟ ਝਾੜ ਨਿਕਲਣ ਕਾਰਨ ਕਿਸਾਨਾਂ ਨੂੰ ਘੱਟ ਤੋਂ ਘੱਟ 500 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਮਿਲਣਾ ਚਾਹੀਦਾ ਹੈ। 

ਭਾਰਤੀ ਕਿਸਾਨ ਯੂਨੀਅਨ ’ਚੋਂ ਰਾਕੇਸ਼ ਟਿਕੈਤ ਬਰਖ਼ਾਸਤ, ਨਰੇਸ਼ ਟਿਕੈਤ ਨੂੰ ਵੀ ਕੌਮੀ ਪ੍ਰਧਾਨ ਅਹੁਦੇ ਤੋਂ ਹਟਾਇਆ
ਐਤਵਾਰ ਯਾਨੀ ਕਿ ਅੱਜ ਭਾਰਤੀ ਕਿਸਾਨ ਯੂਨੀਅਨ (ਬੀ. ਕੇ. ਯੂ.) ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦਾ ਮੁੱਖ ਚਿਹਰਾ ਰਹੇ ਰਾਕੇਸ਼ ਟਿਕੈਤ ਨੂੰ ਬੀ. ਕੇ. ਯੂ. ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ ਯਾਨੀ ਕਿ ਬਾਹਰ ਕਰ ਦਿੱਤਾ ਗਿਆ ਹੈ।

ਪੰਜਾਬ 'ਚ ਨਸ਼ੇ, ਡਰੋਨ ਤੇ ਹਥਿਆਰਾਂ ਨੂੰ ਲੈ ਕੇ ਜੇਲ੍ਹ ਮੰਤਰੀ ਦਾ ਵੱਡਾ ਬਿਆਨ, ਜਾਣੋ ਕੀ ਬੋਲੇ
ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਥੇ ਪਹੁੰਚੇ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਪੁਲਸ ਦੀ ਇੰਟੈਲੀਜੈਂਸ ਦੇ ਚੱਲਦਿਆਂ ਹੀ ਹਰਿਆਣਾ 'ਚ ਅੱਤਵਾਦੀਆਂ ਦੀ ਗ੍ਰਿਫ਼ਤਾਰੀ ਹੋਈ ਹੈ।

ਕਾਂਗਰਸ ਛੱਡਣ ਦੇ ਐਲਾਨ ਤੋਂ ਬਾਅਦ ਸੁਨੀਲ ਜਾਖੜ ਦੇ ਹੱਕ ’ਚ ਆਏ ਨਵਜੋਤ ਸਿੱਧੂ, ਦਿੱਤਾ ਵੱਡਾ ਬਿਆਨ
ਸੁਨੀਲ ਜਾਖੜ ਵਲੋਂ ਕਾਂਗਰਸ ਛੱਡਣ ਦੇ ਐਲਾਨ ਤੋਂ ਬਾਅਦ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਹਾਈਕਮਾਨ ਨੂੰ ਸਲਾਹ ਦਿੱਤੀ ਹੈ। ਸੁਨੀਲ ਜਾਖੜ ਨੂੰ ਸੋਨੇ ਵਰਗੀ ਸੰਪਤੀ ਦੱਸਦੇ ਹੋਏ ਕਾਂਗਸ ਹਾਈਕਮਾਨ ਨੂੰ ਜਾਖੜ ਵਰਗੇ ਆਗੂ ਨੂੰ ਨਾ ਗੁਆਉਣ ਦੀ ਨਸੀਹਤ ਦਿੱਤੀ ਹੈ।

ਜਾਖੜ ਦੇ ਬਿਆਨ ਤੋਂ ਬਾਅਦ ਗੁੱਸੇ ਨਾਲ ‘ਲਾਲ’ ਹੋਏ ਰਾਜਾ ਵੜਿੰਗ, ਦਿੱਤੀ ਤਿੱਖੀ ਪ੍ਰਤੀਕਿਰਿਆ
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਨੀਲ ਜਾਖੜ ਦੀ ਪਾਰਟੀ ਅਤੇ ਉਸਦੀ ਲੀਡਰਸ਼ਿਪ ਪ੍ਰਤੀ ਗਲਤ ਅਤੇ ਅਣਉਚਿਤ ਭੜਾਸ ਦੀ ਨਿੰਦਾ ਕੀਤੀ ਹੈ।

ਪੰਜਾਬ 'ਚ ਬਿਜਲੀ ਦੀ ਕਿੱਲਤ 'ਤੇ ਨਵਾਂ ਫ਼ਰਮਾਨ ਜਾਰੀ, ਹੁਣ ਹਫ਼ਤਾਵਾਰੀ ਸ਼ਡਿਊਲ ਤਹਿਤ ਬੰਦ ਹੋਵੇਗੀ ਇੰਡਸਟਰੀ
ਬਿਜਲੀ ਦੀ ਮੰਗ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਜਿਸ ਨਾਲ ਨਜਿੱਠਣ ਲਈ ਪਾਵਰਕਾਮ ਨੇ ਇੰਡਸਟਰੀ ਨੂੰ ਬੰਦ ਰੱਖਣ ਲਈ ਹਫ਼ਤਾਵਾਰੀ ਸ਼ਡਿਊਲ ਨਿਰਧਾਰਿਤ ਕੀਤਾ ਹੈ, ਜਿਸ ਤਹਿਤ ਪੰਜਾਬ ਵਿਚ ਵੱਖ-ਵੱਖ ਦਿਨ ਇੰਡਸਟਰੀ ਬੰਦ ਰੱਖਣੀ ਪਵੇਗੀ ਤਾਂ ਕਿ ਮੰਗ ਨੂੰ ਸੰਤੁਲਿਤ ਕੀਤਾ ਜਾ ਸਕੇ ਅਤੇ ਪਾਵਰਕੱਟਾਂ ਦਾ ਬੋਝ ਨਾ ਪਵੇ।

ਸੂਬੇ ਦੀਆਂ 232 ਮੰਡੀਆਂ 31 ਮਈ ਤੱਕ ਰਹਿਣਗੀਆਂ ਚਾਲੂ : ਕਟਾਰੂਚੱਕ
ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਸੂਬੇ ਦੀਆਂ 232 ਮੰਡੀਆਂ 'ਚ ਕਣਕ ਦੀ ਖਰੀਦ ਦਾ ਕੰਮ 31 ਮਈ ਤੱਕ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਨੂੰ ਪਿਆ ਬੂਰ, ਪੰਜਾਬ ’ਚ ਮੂੰਗੀ ਦੀ ਕਾਸ਼ਤ ਹੇਠ ਰਕਬਾ ਹੋਇਆ ਦੁੱਗਣਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੂੰਗੀ ਦੀ ਫ਼ਸਲ 'ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੇਣ ਦੇ ਭਰੋਸੇ ਨੂੰ ਸੂਬੇ ਦੇ ਕਿਸਾਨਾਂ ਨੇ ਇਸ ਸਾਲ ਮੂੰਗੀ ਦੀ ਕਾਸ਼ਤ ਹੇਠ ਰਕਬਾ ਦੁੱਗਣਾ ਕਰਕੇ ਭਰਵਾਂ ਹੁੰਗਾਰਾ ਦੇ ਦਿੱਤਾ ਹੈ।

ਉੱਤਰੀ ਕੋਰੀਆ 'ਚ ਕੋਵਿਡ-19 ਦਾ ਕਹਿਰ ਜਾਰੀ, 15 ਹੋਰ ਲੋਕਾਂ ਦੀ ਮੌਤ
ਉੱਤਰੀ ਕੋਰੀਆ ਨੇ ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ 15 ਹੋਰ ਮੌਤਾਂ ਅਤੇ ਬੁਖਾਰ ਦੇ ਸੈਂਕੜੇ ਮਰੀਜ਼ਾਂ ਦੀ ਪੁਸ਼ਟੀ ਕੀਤੀ ਹੈ। ਸਰਕਾਰ ਨੇ ਦੇਸ਼ ਵਿੱਚ ਕੋਵਿਡ-19 ਦੇ ਪ੍ਰਕੋਪ ਦੇ ਪਹਿਲੇ ਦੌਰ ਨੂੰ ਰੋਕਣ ਦੀ ਕੋਸ਼ਿਸ਼ ਵਿੱਚ 10 ਲੱਖ ਤੋਂ ਵੱਧ ਸਿਹਤ ਕਰਮਚਾਰੀਆਂ ਅਤੇ ਹੋਰ ਕਰਮਚਾਰੀਆਂ ਨੂੰ ਲਗਾਇਆ ਹੈ।


author

Mukesh

Content Editor

Related News