ਸਿੱਧੂ ਮੂਸੇਵਾਲਾ ਦੇ ਪਿਤਾ ਦੀ ਤਬੀਅਤ ਵਿਗੜੀ, ਕਪੂਰਥਲਾ ਦੇ ਨੌਜਵਾਨ ਦੀ ਇਟਲੀ 'ਚ ਹੋਈ ਮੌਤ, ਪੜ੍ਹੋ TOP 10

Saturday, Jan 21, 2023 - 09:29 PM (IST)

ਸਿੱਧੂ ਮੂਸੇਵਾਲਾ ਦੇ ਪਿਤਾ ਦੀ ਤਬੀਅਤ ਵਿਗੜੀ, ਕਪੂਰਥਲਾ ਦੇ ਨੌਜਵਾਨ ਦੀ ਇਟਲੀ 'ਚ ਹੋਈ ਮੌਤ, ਪੜ੍ਹੋ TOP 10

ਜਲੰਧਰ: ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਤਬੀਅਤ ਵਿਗੜ ਗਈ ਤਾਂ ਉੱਧਰ ਇਟਲੀ ਵਿਚ ਇਕ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਕਾਰਨ ਮੌਤ ਹੋ ਗਈ। ਪੜ੍ਹੋ ਅੱਜ ਦੀਆਂ 10 ਮੁੱਖ ਖ਼ਬਰਾਂ...

ਅਹਿਮ ਖ਼ਬਰ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਤਬੀਅਤ ਵਿਗੜੀ, PGI 'ਚ ਦਾਖ਼ਲ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸ਼ਨੀਵਾਰ ਸ਼ਾਮ ਨੂੰ ਅਚਾਨਕ ਬਿਮਾਰ ਹੋ ਗਏ। ਉਸ ਤੋਂ ਬਾਅਦ ਉਨ੍ਹਾਂ ਨੂੰ ਪੀ.ਜੀ.ਆਈ. ਚੰਡੀਗੜ੍ਹ 'ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੇ ਦਿਲ 'ਚ ਪਏ ਸਟੰਟ ਵਿਚ ਕੁਝ ਸਮੱਸਿਆ ਆਈ ਹੈ। ਫਿਲਹਾਲ ਡਾਕਟਰਾਂ ਦੀ ਟੀਮ ਉਨ੍ਹਾਂ ਦੇ ਇਲਾਜ 'ਚ ਜੁਟੀ ਹੋਈ ਹੈ।

ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਕਪੂਰਥਲਾ ਦੇ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ

ਵਿਦੇਸ਼ਾਂ ਤੋਂ ਆਏ ਦਿਨ ਭਾਰਤੀਆਂ ਦੀਆਂ ਹਾਰਟ ਅਟੈਕ ਨਾਲ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਜਿਸ ਨਾਲ ਭਾਰਤੀ ਭਾਈਚਾਰੇ ਵਿੱਚ ਬਹੁਤ ਸਹਿਮ ਪਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਹੁਣ ਇਟਲੀ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪਿਛਲੇ 15 ਸਾਲਾਂ ਤੋਂ ਆਪਣੇ ਪਰਿਵਾਰ ਨਾਲ ਇਟਲੀ ਵਿਚ ਰਹਿ ਰਹੇ ਦਵਿੰਦਰ ਸਿੰਘ ਹੈਪੀ (ਉਮਰ 40) ਦੀ ਹਾਰਟ ਅਟੈਕ ਆਉਣ ਕਾਰਨ ਮੌਤ ਹੋ ਗਈ ਹੈ। 

ਬੰਬ ਧਮਾਕਿਆਂ ਨਾਲ ਦਹਿਲਿਆ ਜੰਮੂ, 7 ਲੋਕ ਜ਼ਖ਼ਮੀ

ਜੰਮੂ 'ਚ ਸ਼ਨੀਵਾਰ ਨੂੰ 15 ਮਿੰਟਾਂ ਅੰਦਰ ਹੋਏ 2 ਬੰਬ ਧਮਾਕਿਆਂ 'ਚ 7 ਲੋਕ ਜ਼ਖ਼ਮੀ ਹੋ ਗਏ। ਐਡੀਸ਼ਨਲ ਪੁਲਸ ਡਾਇਰੈਕਟਰ ਜਨਰਲ (ਜੰਮੂ) ਨੇ ਧਮਾਕਿਆਂ ਅਤੇ 6 ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ। ਹਸਪਤਾਲ ਸੂਤਰਾਂ ਨੇ ਹਾਲਾਂਕਿ ਕਿਹਾ ਕਿ ਛਰਰੇ ਲੱਗਣ ਨਾਲ 7 ਲੋਕਾਂ ਨੂੰ ਦਾਖ਼ਲ ਕਰਵਾਇਆ ਗਿਆ ਅਤੇ ਸਾਰਿਆਂ ਦੀ ਹਾਲਤ ਸਥਿਰ ਹੈ। 

ਮਾਸਕੋ-ਗੋਆ ਫਲਾਈਟ ਨੂੰ ਬੰਬ ਨਾਲ ਉਡਾਣ ਦੀ ਧਮਕੀ, ਉਜ਼ਬੇਕਿਸਤਾਨ ਵੱਲ ਮੋੜਿਆ ਗਿਆ ਜਹਾਜ਼

ਰੂਸ ਦੀ ਰਾਜਧਾਨੀ ਮਾਸਕੋ ਤੋਂ 240 ਯਾਤਰੀਆਂ ਨੂੰ ਲੈ ਕੇ ਗੋਆ ਆ ਰਹੇ ਇਕ ਜਹਾਜ਼ ਨੂੰ ਬੰਬ ਦੀ ਧਮਕੀ ਮਗਰੋਂ ਸ਼ਨੀਵਾਰ ਨੂੰ ਉਜ਼ਬੇਕਿਸਤਾਨ ਵੱਲ ਮੋੜ ਦਿੱਤਾ ਗਿਆ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਅਜੁਰ ਏਅਰ ਵਲੋਂ ਸੰਚਾਲਤ ਫਲਾਈਟ ਨੰਬਰ-AZV 2463 ਨੂੰ ਸਵੇਰੇ ਕਰੀਬ ਸਵਾ 4 ਵਜੇ ਦੱਖਣੀ ਗੋਆ ਦੇ ਡਾਬੋਲਿਮ ਹਵਾਈ ਅੱਡੇ 'ਤੇ ਉਤਰਨਾ ਸੀ ਪਰ ਇਸ ਦੇ ਭਾਰਤੀ ਹਵਾਈ ਖੇਤਰ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਇਸ ਨੂੰ ਉਜ਼ਬੇਕਿਸਤਾਨ ਵੱਲ ਮੋੜ ਦਿੱਤਾ ਗਿਆ।

ਮੋਹਾਲੀ 'ਚ CM ਮਾਨ ਵੱਲੋਂ 'ਸਕੂਲ ਆਫ ਐਮੀਨੈਂਸ' ਦੀ ਸ਼ੁਰੂਆਤ, ਸਟੇਜ 'ਤੇ ਆਖ਼ੀਆਂ ਇਹ ਗੱਲਾਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ 'ਚ ਬਣਾਏ ਜਾ ਰਹੇ ਪਹਿਲੇ 'ਸਕੂਲ ਆਫ ਐਮੀਨੈਂਸ' ਦਾ ਇੱਥੇ ਉਦਘਾਟਨ ਕੀਤਾ ਗਿਆ। ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਅੱਜ ਸਿੱਖਿਆ ਦੇ ਖੇਤਰ 'ਚ ਪੰਜਾਬ ਲਈ ਇਕ ਇਤਿਹਾਸਕ ਦਿਨ ਹੈ ਅਤੇ ਅੱਜ ਪੰਜਾਬ ਦੇ 117 'ਚੋਂ ਪਹਿਲੇ 'ਸਕੂਲ ਆਫ ਐਮੀਨੈਂਸ' ਦਾ ਉਦਘਾਟਨ ਕੀਤਾ ਗਿਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਇਤਿਹਾਸਕ ਹੈ ਅਤੇ ਅੱਜ ਅਸੀਂ ਉਹ ਕੰਮ ਸ਼ੁਰੂ ਕਰਨ ਲੱਗੇ ਹਾਂ, ਜੋ ਪਹਿਲਾਂ ਕਾਗਜ਼ਾਂ ਜਾਂ ਸੁਫ਼ਨਿਆਂ 'ਚ ਹੀ ਹੁੰਦਾ ਸੀ।

ਆਪ੍ਰੇਸ਼ਨ ਈਗਲ: 424 ਥਾਵਾਂ 'ਤੇ ਨਾਕਾਬੰਦੀ, 300 ਪੈਟਰੋਲਿੰਗ ਟੀਮਾਂ ਤਾਇਨਾਤ; ਗੈਂਗਸਟਰ ਦਿਲਪ੍ਰੀਤ ਬਾਬਾ ਦਾ ਸਾਥੀ ਕਾਬੂ

ਅੱਜ ਪੰਜਾਬ 'ਚ ਪੁਲਸ ਵੱਲੋਂ ਆਪ੍ਰੇਸ਼ਨ ਈਗਲ ਤਹਿਤ 424 ਦੇ ਕਰੀਬ ਥਾਵਾਂ 'ਤੇ ਨਾਕਾਬੰਦੀ ਕੀਤੀ ਗਈ ਹੈ ਅਤੇ ਨਾਲ ਹੀ 300 ਦੇ ਕਰੀਬ ਪੈਟਰੋਲਿੰਗ ਟੀਮਾਂ ਵੀ ਤਾਇਨਾਤ ਹਨ। ਇਸ ਦੌਰਾਨ ਪੁਲਸ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਸਹਿਯੋਗੀ ਓਂਕਾਰ ਸਿੰਘ ਨੂੰ ਹੈਰੋਇਨ, ਪਿਸਤੌਲ ਅਤੇ ਜ਼ਿੰਦਾ ਕਾਰਤੂਸ ਸਣੇ ਗ੍ਰਿਫ਼ਤਾਰ ਕਰਨ ਵਿਚ ਵੀ ਸਫ਼ਲਤਾ ਹਾਸਲ ਕੀਤੀ ਹੈ। 

ਸੋਸ਼ਲ ਮੀਡੀਆ 'ਤੇ ਪ੍ਰਚਾਰ ਲਈ ਦਿਸ਼ਾ-ਨਿਰਦੇਸ਼ ਜਾਰੀ, ਉਲੰਘਣਾ ਕਰਨ 'ਤੇ 50 ਲੱਖ ਜੁਰਮਾਨੇ ਸਮੇਤ ਹੋ ਸਕਦੀ ਹੈ ਜੇਲ੍ਹ

ਸਰਕਾਰ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਇਫਲੂਐਂਸਰ' ਲਈ ਉਤਪਾਦਾਂ ਅਤੇ ਸੇਵਾਵਾਂ ਦਾ ਪ੍ਰਚਾਰ ਕਰਦੇ ਸਮੇਂ ਆਪਣੇ ਸਰੀਰਕ ਸਬੰਧਾਂ ਅਤੇ ਰੁਚੀਆਂ ਦਾ ਖੁਲਾਸਾ ਕਰਨਾ ਲਾਜ਼ਮੀ ਕਰ ਦਿੱਤਾ, ਅਜਿਹਾ ਨਾ ਕਰਨ 'ਤੇ ਇਸ਼ਤਿਹਾਰਾਂ 'ਤੇ ਪਾਬੰਦੀ ਲਗਾਉਣ ਵਰਗੇ ਸਖਤ ਕਾਨੂੰਨੀ ਉਪਾਅ ਕੀਤੇ ਜਾਣਗੇ। ਇਹ ਦਿਸ਼ਾ-ਨਿਰਦੇਸ਼ ਗੁੰਮਰਾਹਕੁੰਨ ਇਸ਼ਤਿਹਾਰਾਂ ਨੂੰ ਰੋਕਣ ਦੇ ਨਾਲ-ਨਾਲ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਲਈ ਜਾਰੀ ਯਤਨਾਂ ਦਾ ਹਿੱਸਾ ਹਨ। 

ਲੰਡਨ: ਬੱਚਿਆਂ ਨਾਲ ਭਰੀ ਸਕੂਲ ਬੱਸ ਨੂੰ ਲੱਗੀ ਭਿਆਨਕ ਅੱਗ, 6 ਗੱਡੀਆਂ ਵੀ ਸੜ੍ਹ ਕੇ ਹੋਈਆਂ ਸੁਆਹ (ਵੀਡੀਓ)

ਪੂਰਬੀ ਲੰਡਨ ਵਿਚ ਸਕੂਲੀ ਬੱਚਿਆਂ ਨਾਲ ਭਰੀ ਇੱਕ ਬੱਸ ਨੂੰ ਅੱਗ ਦੀ ਘਟਨਾ ਸਾਹਮਣੇ ਆਈ ਹੈ। ਬੱਸ ਸ਼ੁੱਕਰਵਾਰ ਸਵੇਰੇ ਕਰੀਬ 8.15 ਵਜੇ ਹੈਕਨੀ ਵਿਚ ਬੱਚਿਆਂ ਨੂੰ ਸਕੂਲ ਲਿਜਾ ਰਹੀ ਸੀ, ਉਦੋਂ ਉਸ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨਾਲ 6 ਹੋਰ ਵਾਹਨ ਨੁਕਸਾਨੇ ਗਏ। ਹਾਲਾਂਕਿ ਜਿਵੇਂ ਹੀ ਬੱਸ ਨੂੰ ਅੱਗ ਲੱਗੀ ਉਸ ਵਿਚ ਸਵਾਰ ਸਾਰੇ ਬੱਚਿਆ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਵਿਜੀਲੈਂਸ ਬਿਊਰੋ ਨੇ 7 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਪੁਲਸ ਇੰਸਪੈਕਟਰ ਨੂੰ ਕੀਤਾ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਸੂਬੇ 'ਚ ਭ੍ਰਿਸ਼ਟਾਚਾਰ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ਇੱਕ ਪੁਲਸ ਇੰਸਪੈਕਟਰ ਬਲਜੀਤ ਸਿੰਘ ਨੂੰ 7 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਤਰਨਤਾਰਨ ਵਿਖੇ ਟ੍ਰੈਫਿਕ ਇੰਚਾਰਜ ਵਜੋਂ ਤਾਇਨਾਤ ਇੰਸਪੈਕਟਰ ਬਲਜੀਤ ਸਿੰਘ ਨੂੰ ਸ਼ਰਨਜੀਤ ਸਿੰਘ ਜਿੰਮੀ ਵਾਸੀ ਮਾਡਲ ਟਾਊਨ, ਖਰੜ, ਜ਼ਿਲ੍ਹਾ ਐੱਸ. ਏ. ਐੱਸ. ਨਗਰ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। 

ਜ਼ਮੀਨ ਦਾ ਇੰਤਕਾਲ ਕਰਨ ਲਈ ਪਟਵਾਰੀ ਨੇ ਮੰਗੇ 20 ਹਜ਼ਾਰ, ਹੈਲਪਲਾਈਨ ਰਾਹੀਂ ਸ਼ਿਕਾਇਤ ਮਿਲਣ 'ਤੇ ਮਾਮਲਾ ਦਰਜ

ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਮੋਗਾ ਜ਼ਿਲ੍ਹੇ ਦੇ ਪਟਵਾਰ ਹਲਕਾ ਨਿਹਾਲ ਸਿੰਘ ਵਾਲਾ ਵਿਖੇ ਤਾਇਨਾਤ ਮਾਲ ਪਟਵਾਰੀ ਰੇਸ਼ਮ ਸਿੰਘ ਵਿਰੁੱਧ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਥਾਣਾ ਵਿਜੀਲੈਂਸ ਫਿਰੋਜ਼ਪੁਰ ਵਿਖੇ ਕੇਸ ਦਰਜ ਕੀਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News