ਮੁਕਤਸਰ ''ਚ NIA ਦੀ ਰੇਡ, ਲਤੀਫ਼ਪੁਰਾ ਮਾਮਲੇ ''ਚ ਵੱਡਾ ਖੁਲਾਸਾ, ਪੜ੍ਹੋ TOP 10 ਖ਼ਬਰਾਂ

01/20/2023 9:13:58 PM

ਜਲੰਧਰ: ਅੱਜ NIA ਦੀ ਟੀਮ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ 'ਤੇ ਇਕ ਥਾਂ ਛਾਪੇਮਾਰੀ ਕੀਤੀ ਜੋ 6 ਘੰਟੇ ਤਕ ਚੱਲੀ ਤਾਂ ਉੱਧਰ ਲਤੀਫ਼ਪੁਰਾ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ ਜਿਸ ਵਿਚ ਸੁਲਤਾਨਪੁਰ ਲੋਧੀ ਦੇ ਧੀਰ ਪਰਿਵਾਰ ਦਾ ਨਾਂ ਵੀ ਜੁੜ ਰਿਹਾ ਹੈ। ਪੜ੍ਹੋ ਅੱਜ ਦੀਆਂ 10 ਮੁੱਖ ਖ਼ਬਰਾਂ...

ਮੁਕਤਸਰ 'ਚ NIA ਦੀ ਰੇਡ, 6 ਘੰਟੇ ਚੱਲੀ ਛਾਪੇਮਾਰੀ, ਪਾਕਿਸਤਾਨ ਨਾਲ ਜੁੜੀਆਂ ਤਾਰਾਂ

ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਸਥਿਤ ਗੁਰੂ ਅੰਗਦ ਦੇਵ ਨਗਰ ਗਲੀ ਨੰਬਰ 13 ਵਿਚ NIA ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਅੱਜ ਸਵੇਰੇ ਕਰੀਬ ਛੇ ਵਜੇ ਇਹ ਛਾਪੇਮਾਰੀ ਕੀਤੀ ਗਈ। ਜਾਣਕਾਰੀ ਮੁਤਾਬਕ NIA ਵੱਲੋਂ ਇਹ ਅਚਨਚੇਤ ਛਾਪੇਮਾਰੀ ਜੁੱਤੀਆਂ ਦੇ ਹੋਲਸੇਲ ਵਪਾਰੀ ਸੋਨੂੰ ਦੇ ਘਰ ਕੀਤੀ ਗਈ। ਦੱਸ ਦੇਈਏ ਕਿ ਸੋਨੂੰ ਪੰਜਾਬੀ ਅਤੇ ਪਾਕਿਸਤਾਨੀ ਜੁੱਤੀਆਂ ਦਾ ਵਪਾਰ ਕਰਦਾ ਹੈ। 

ਲਤੀਫਪੁਰਾ ਮਾਮਲੇ 'ਚ ਵੱਡਾ ਖ਼ੁਲਾਸਾ, ਸੁਲਤਾਨਪੁਰ ਲੋਧੀ ਦੀ ਧੀਰ ਫੈਮਿਲੀ ਦਾ ਨਾਂ ਆਇਆ ਸਾਹਮਣੇ

ਜਲੰਧਰ ਦੇ ਲਤੀਫਪੁਰਾ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਲਤੀਫਪੁਰਾ ਵਿਚ ਵਿਵਾਦਿਤ ਜ਼ਮੀਨ ਨੂੰ ਲੈ ਕੇ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਇੰਪੂਰਵਮੈਂਟ ਟਰੱਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਨੇ ਟਰੱਸਟ ਦੀ ਵਿਕਾਸ ਸਕੀਮ 110 ਏਕੜ ਮੁਹੱਲਾ ਲਤੀਫਪੁਰਾ, ਗੁਰੂ ਤੇਗ ਬਹਾਦਰ ਨਗਰ ਵਿਚ ਬਿਨਾਂ ਖ਼ਸਰਾ ਨੰਬਰ ਦੇ ਟਰੱਸਟ ਦੀ ਮਾਲਕੀ ਵਾਲੀ ਜ਼ਮੀਨ ਨੂੰ ਧੋਖਾਧੜੀ ਅਤੇ ਸਾਜ਼ਿਸ਼ ਤਹਿਤ ਦਰਜ ਕਰਵਾਉਣ ਨੂੰ ਲੈ ਕੇ ਦਿਨੇਸ਼ ਧੀਰ ਅਤੇ ਹੋਰਨਾਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਸਬੰਧੀ ਇਕ ਚਿੱਠੀ ਲਿਖੀ। 

ਅਹਿਮ ਖ਼ਬਰ : ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਖੰਨਾ ਲਿਆਉਣ ਦੀ ਤਿਆਰੀ

ਖੰਨਾ ਪੁਲਸ ਵੱਲੋਂ ਬੀਤੇ ਦਿਨੀਂ ਬੱਬਰ ਖ਼ਾਲਸਾ ਨਾਲ ਜੁੜੇ 13 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ 'ਚ ਇਕ ਕੁੜੀ ਵੀ ਸ਼ਾਮਲ ਸੀ। ਹੁਣ ਇਸ ਮਾਮਲੇ 'ਚ ਨਾਮਜ਼ਦ ਕੀਤੇ ਗਏ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਖੰਨਾ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜੱਗੂ ਭਗਵਾਨਪੁਰੀਆ ਇਸ ਵੇਲੇ ਬਠਿੰਡਾ ਜੇਲ੍ਹ 'ਚ ਬੰਦ ਹੈ।

ਦਿਨ ਚੜ੍ਹਦਿਆਂ ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਦੀ ਹੋਈ ਮੌਤ

ਇਟਲੀ ਵਿੱਚ ਇੱਕ ਹੋਰ ਪੰਜਾਬੀ ਦੀ ਮੌਤ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। 34 ਸਾਲਾ ਚਰਨਜੀਤ ਸਪੁੱਤਰ ਸ਼੍ਰੀ ਸਤਪਾਲ ਦੇਵ ਜੈਨੀਵੋਲਤਾ (ਸੋਨਚੀਨੋ) ਵਿੱਚ ਰਹਿੰਦਾ ਸੀ ਅਤੇ ਡੇਅਰੀ ਫਾਰਮ ਵਿੱਚ ਕੰਮ ਕਰਦਾ ਸੀ। ਹਾਲਾਂਕਿ ਤਿੰਨ ਮਹੀਨੇ ਪਹਿਲਾਂ ਇੰਗਲੈਂਡ ਦੀ ਧਰਤੀ ਤੇ ਚਲਾ ਗਿਆ ਸੀ ਅਤੇ 26 ਦਸੰਬਰ ਨੂੰ ਵਾਪਸ ਇਟਲੀ ਆਇਆ ਸੀ ਪਰ ਪਿਛਲੇ ਦਿਨੀਂ ਉਸ ਦੀ ਮੌਤ ਹੋ ਗਈ।

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ, 6 ਮਹੀਨੇ ਦੇ ਪੁੱਤ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ

ਪੰਜਾਬ 'ਚ ਨਸ਼ਿਆ ਨਾਲ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸੇ ਤਰਾਂ ਬੀਤੇ ਕੱਲ੍ਹ ਥਾਣਾ ਝਬਾਲ ਅਧੀਨ ਆਉਂਦੇ ਪਿੰਡ ਕੋਟ ਧਰਮੂ ਚੰਦ ਕਲਾ ਦੇ ਇਕ ਨੌਜਵਾਨ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। 

 

ਪਾਕਿਸਤਾਨ 'ਚ ਕਾਨੂੰਨ ਦੀ ਕਿਤਾਬ ਛੱਡ ਵਕੀਲਾਂ ਨੇ ਫੜੀ AK-47, ਕੀਤੀ ਤਾਬੜਤੋੜ ਫਾਇਰਿੰਗ, ਦੇਖੋ ਵੀਡੀਓ

 

ਪਾਕਿਸਤਾਨ 'ਚ ਅੱਤਵਾਦੀ ਹਮਲਿਆਂ ਅਤੇ ਧਮਾਕਿਆਂ ਦੀਆਂ ਖ਼ਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ ਪਰ ਇਸ ਦੌਰਾਨ ਸੋਸ਼ਲ ਮੀਡੀਆ 'ਤੇ ਪਾਕਿਸਤਾਨ ਦੀ ਲਾਹੌਰ ਬਾਰ ਐਸੋਸੀਏਸ਼ਨ ਦੇ ਕੁਝ ਵਕੀਲ ਬਾਰ ਚੋਣਾਂ 'ਚ ਆਪਣੇ ਉਮੀਦਵਾਰਾਂ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਹਵਾ ਵਿੱਚ ਗੋਲੀਬਾਰੀ ਕਰਦੇ ਦੇਖੇ ਗਏ। AK-47 ਤੋਂ ਕਈ ਰਾਊਂਡ ਫਾਇਰਿੰਗ ਦੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਮਨਮੋਹਨ ਸਿੰਘ ਬਾਰੇ ਪ੍ਰਤਾਪ ਬਾਜਵਾ ਦੇ ਬਿਆਨ ਤੋਂ ਭੜਕਿਆ ਅਕਾਲੀ ਦਲ, ਕਿਹਾ - ਸਿੱਖਾਂ ਦੀਆਂ ਭਾਵਨਾਵਾਂ ਨੂੰ ਵੱਜੀ ਸੱਟ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਜਿਸ ਤਰੀਕੇ ਪੰਜਾਬ ਕਾਂਗਰਸ ਦੇ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਫਰਜ਼ੀ ਪ੍ਰਧਾਨ ਮੰਤਰੀ ਕਹਿ ਕੇ ਉਨ੍ਹਾਂ ਦਾ ਅਪਮਾਨ ਕੀਤਾ ਹੈ, ਉਸ ਨਾਲ ਸਿੱਖ ਕੌਮ ਤੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ।

ਗੱਡੀਆਂ ਦੀ ਆਹਮੋ-ਸਾਹਮਣੀ ਟੱਕਰ 'ਚ ਪ੍ਰਿੰਸੀਪਲ ਦੀ ਮੌਤ, ਬੱਚੇ ਦੀ ਦਵਾਈ ਲੈਣ ਜਾ ਰਹੇ ਪਰਿਵਾਰਕ ਮੈਂਬਰ ਵੀ ਹੋਏ ਜ਼ਖ਼ਮੀ

ਨੈਸ਼ਨਲ ਹਾਈਵੇ ’ਤੇ ਦੋ ਕਾਰਾਂ ਦੇ ਆਪਸ ਵਿਚ ਟਕਰਾਉਣ ਨਾਲ ਇਕ ਵਿਅਕਤੀ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ ਅਤੇ ਦੋਵੇਂ ਪਰਿਵਾਰਾਂ ਦੇ 7 ਜੀਅ ਜ਼ਖ਼ਮੀ ਹੋ ਗਏ। ਇਸ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਦੇ ਮੁਤਾਬਕ ਅੱਜ ਬਾਅਦ ਦੁਪਹਿਰ ਦੋ ਕਾਰਾਂ ਪਠਾਨਕੋਟ ਸਾਈਡ ਤੋਂ ਬਟਾਲਾ ਵੱਲ ਨੂੰ ਆ ਰਹੀਆਂ ਸਨ। ਜਦੋਂ ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਸਥਿਤ ਅੱਡਾ ਨੌਸ਼ਹਿਰਾ ਮੱਝਾ ਸਿੰਘ ਕੋਲ ਪਹੁੰਚੀਆਂ ਤਾਂ ਇਥੇ ਬਣੇ ਫਲਾਈਓਵਰ ਤੋਂ ਹੇਠਾਂ ਉੱਤਰਦਿਆਂ ਅਚਾਨਕ ਉਕਤ ਦੋਵੇਂ ਕਾਰਾਂ ਆਪਸ ਵਿਚ ਟਕਰਾਅ ਗਈਆਂ।

ਪਿਸ਼ਾਬ ਕਾਂਡ ਲਈ Air India ਖ਼ਿਲਾਫ਼ ਸਖ਼ਤ ਕਾਰਵਾਈ,30 ਲੱਖ ਜੁਰਮਾਨਾ, ਪਾਇਲਟ ਦਾ ਲਾਇਸੈਂਸ ਰੱਦ

ਨਿਊਯਾਰਕ-ਦਿੱਲੀ ਉਡਾਣ ਦੌਰਾਨ ਇਕ ਯਾਤਰੀ ਵਲੋਂ ਮਹਿਲਾ ਸਹਿ-ਯਾਤਰੀ 'ਤੇ ਕਥਿਤ ਤੌਰ 'ਤੇ ਪਿਸ਼ਾਬ ਕਰਨ ਵਾਲੀ ਘਟਨਾ ਦੇ ਸਬੰਧ ਵਿਚ ਡੀਜੀਸੀਏ ਨੇ ਏਅਰਲਾਈਨ ਨੂੰ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ ਵਿਚ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਉਸ ਜਹਾਜ਼ ਦੇ ਪਾਇਲਟ-ਇਨ-ਕਮਾਂਡ ਦਾ ਲਾਇਸੈਂਸ ਵੀ ਮੁਅੱਤਲ ਕਰ ਦਿੱਤਾ ਗਿਆ ਹੈ। 

ਮਲੋਟ 'ਚ ਵੱਡੀ ਵਾਰਦਾਤ, ਦੁਬਈ ਤੋਂ ਪਰਤੇ ਜਵਾਈ ਨੇ ਸਹੁਰੇ ਤੇ ਸਾਲੇ ਦਾ ਕੀਤਾ ਕਿਰਚ ਮਾਰ ਕੇ ਕਤਲ

ਮਲੋਟ ਉਪ ਮੰਡਲ ਦੇ ਪਿੰਡ ਪੰਨੀਵਾਲਾ ਵਿਖੇ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ, ਜਦੋਂ ਦੁਬਈ ਤੋਂ ਵਾਪਸ ਮੁੜੇ ਇਕ ਵਿਅਕਤੀ ਨੇ ਸਹੁਰੇ ਘਰ ਪੁੱਜ ਕੇ ਸਹੁਰੇ ਅਤੇ ਸਾਲੇ ਦੀ ਕਤਲ ਕਰ ਦਿੱਤੀ ਅਤੇ ਪਰਿਵਾਰ ਦੇ ਤਿੰਨ ਹੋਰ ਮੈਂਬਰਾਂ ਨੂੰ ਜ਼ਖ਼ਮੀ ਕਰ ਦਿੱਤਾ। ਕਬਰਵਾਲਾ ਪੁਲਸ ਵੱਲੋਂ ਦੋਸ਼ੀਆਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪ੍ਰੇਮ ਸਿੰਘ ਪੁੱਤਰ ਸ਼ਬੇਗ ਸਿੰਘ ਵਾਸੀ ਪੰਨੀਵਾਲਾ ਨੇ ਦੱਸਿਆ ਕਿ ਉਹ ਆਪਣੇ ਦੋ ਭਰਾਵਾਂ ਤਰਸੇਮ ਸਿੰਘ ਅਤੇ ਗੁਰਪਾਲ ਸਿੰਘ ਨਾਲ ਇਕ ਘਰ ਇਕੱਠੇ ਰਹਿੰਦੇ ਹਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News