'ਭਾਰਤ ਜੋੜੋ ਯਾਤਰਾ' ਦੌਰਾਨ MP ਸੰਤੋਖ ਚੌਧਰੀ ਦਾ ਦਿਹਾਂਤ, ਗੈਂਗਸਟਰ ਜ਼ੋਰਾ ਦਾ ਐਨਕਾਊਂਟਰ, ਪੜ੍ਹੋ TOP 10

Saturday, Jan 14, 2023 - 08:56 PM (IST)

'ਭਾਰਤ ਜੋੜੋ ਯਾਤਰਾ' ਦੌਰਾਨ MP ਸੰਤੋਖ ਚੌਧਰੀ ਦਾ ਦਿਹਾਂਤ, ਗੈਂਗਸਟਰ ਜ਼ੋਰਾ ਦਾ ਐਨਕਾਊਂਟਰ, ਪੜ੍ਹੋ TOP 10

ਜਲੰਧਰ: ਅੱਜ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਦੌਰਾਨ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦਾ ਦਿਹਾਂਤ ਹੋ ਗਿਆ ਤਾਂ ਉੱਧਰ ਪੰਜਾਬ ਪੁਲਸ ਦੇ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦਾ ਗੋਲ਼ੀਆਂ ਮਾਰ ਕੇ ਕਤਲ ਕਰਨ ਵਾਲੇ ਗੈਂਗਸਟਰ ਯੁਵਰਾਜ ਸਿੰਘ ਉਰਫ ਜ਼ੋਰਾ ਨੂੰ ਪੁਲਸ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਪੜ੍ਹੋ ਅੱਜ ਦੀਆਂ 10 ਮੁੱਖ ਖ਼ਬਰਾਂ...

ਵੱਡੀ ਖ਼ਬਰ : ਪੰਜਾਬ 'ਚ 'ਭਾਰਤ ਜੋੜੋ ਯਾਤਰਾ' ਦੌਰਾਨ MP ਸੰਤੋਖ ਸਿੰਘ ਚੌਧਰੀ ਦਾ ਦਿਹਾਂਤ

ਜਲੰਧਰ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਦੌਰਾਨ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਯਾਤਰਾ ਦੌਰਾਨ ਦਿਲ ਦਾ ਦੌਰਾ ਪਿਆ। ਰਾਹੁਲ ਗਾਂਧੀ ਵੱਲੋਂ ਤੁਰੰਤ ਯਾਤਰਾ ਰੋਕੀ ਗਈ। ਜਲਦਬਾਜ਼ੀ 'ਚ ਸੰਤੋਖ ਸਿੰਘ ਚੌਧਰੀ ਨੂੰ ਹਸਪਤਾਲ ਲਿਜਾਇਆ ਗਿਆ।

ਕਾਂਸਟੇਬਲ ਕੁਲਦੀਪ ਬਾਜਵਾ ਦਾ ਕਤਲ ਕਰਨ ਵਾਲੇ ਗੈਂਗਸਟਰ ਜ਼ੋਰਾ ਦਾ ਪੁਲਸ ਨੇ ਕੀਤਾ ਐਨਕਾਊਂਟਰ

ਪੰਜਾਬ ਪੁਲਸ ਦੇ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦਾ ਗੋਲ਼ੀਆਂ ਮਾਰ ਕੇ ਕਤਲ ਕਰਨ ਵਾਲੇ ਗੈਂਗਸਟਰ ਯੁਵਰਾਜ ਸਿੰਘ ਉਰਫ ਜ਼ੋਰਾ ਨੂੰ ਪੁਲਸ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆਹੈ।ਇਹ ਮੁਠਭੇੜ ਜ਼ੀਰਕਪੁਰ ਦੇ ਨੇੜੇ ਪੀਰ ਮੁਛੱਲਾ ਇਲਾਕੇ ਵਿਚ ਹੋਈ ਦੱਸੀ ਜਾ ਰਹੀ ਹੈ। 

ਗ਼ਰੀਬ ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਪਹਿਲਾਂ ਦੋ ਬੱਚਿਆਂ ਦੀ ਹੋਈ ਮੌਤ, ਹੁਣ ਤੀਜੇ ਨੇ ਵੀ ਤੋੜਿਆ ਦਮ

ਪਿੰਡ ਮੰਡ‌ਿਆਣੀ ਵਿਖੇ 8 ਜਨਵਰੀ ਦੀ ਰਾਤ ਨੂੰ ਝੁੱਗੀ ਨੂੰ ਲੱਗੀ ਅੱਗ ਦੌਰਾਨ ਝੁਲਸੇ 4 ਬੱਚਿਆਂ ਨੂੰ ਪੀ. ਜੀ. ਆਈ. ਹਸਪਤਾਲ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਸੀ ਜਿਸ ਵਿਚੋਂ ਪ੍ਰਵੀਨ ਕੁਮਾਰ (11 ਸਾਲ) ਲੜਕੇ ਦੀ ਬੀਤੀ ਰਾਤ ਮੌਤ ਹੋ ਗਈ। ਏ.ਐੱਸ.ਆਈ. ਪਰਮਜੀਤ ਸਿੰਘ ਨੇ ਮ੍ਰਿਤਕ ਦੇ ਚਾਚਾ ਰਾਜ ਕੁਮਾਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਅਮਲ ਵਿਚ ਲਿਆ ਕੇ ਚੰਡੀਗੜ੍ਹ ਵਿਖੇ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

ਆਸਟ੍ਰੇਲੀਆ ਤੋਂ ਆਈ ਮੰਦਭਾਗੀ ਖ਼ਬਰ, 21 ਸਾਲਾ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਚੰਗੇ ਭਵਿੱਖ ਲਈ ਆਸਟ੍ਰੇਲੀਆ ਗਏ ਡਾ: ਸਾਧੂ ਚੰਦ ਚੌਂਕ ਫਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲੇ 21 ਸਾਲ ਦੇ ਕੁਨਾਲ ਚੋਪੜਾ ਪੁੱਤਰ ਹਰੀਸ਼ ਚੰਦਰ ਦੀ ਆਸਟ੍ਰੇਲੀਆ ਦੇ ਸ਼ਹਿਰ ਕੈਨਬਰਾ ਵਿਖੇ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਇਸ ਨੌਜਵਾਨ ਦੀ ਮੌਤ ਦੀ ਖ਼ਬਰ ਨਾਲ ਜਿੱਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ, ਉੱਥੇ ਹੀ ਪੂਰੇ ਫਿਰੋਜ਼ਪੁਰ 'ਚ ਸੋਗ ਦਾ ਮਾਹੌਲ ਹੈ।

ਰਿਸ਼ਭ ਪੰਤ ਦੀ ਸਿਹਤ ਨੂੰ ਲੈ ਕੇ ਵੱਡੀ ਖ਼ਬਰ, 2023 ਵਿਸ਼ਵ ਕੱਪ 'ਚ ਖੇਡਣ ਬਾਰੇ ਸਾਹਮਣੇ ਆਈ ਇਹ ਗੱਲ

ਇਸ ਸਾਲ ਦੇ ਅਖੀਰ ਵਿਚ ਹੋਣ ਵਾਲੇ ਆਈ.ਸੀ.ਸੀ. ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਲੈ ਕੇ ਨਿਰਾਸ਼ਾਜਨਕ ਖ਼ਬਰ ਸਾਹਮਣੇ ਆਈ ਹੈ। ਇਕ ਰਿਪੋਰਟ ਮੁਤਾਬਕ, ਭਾਰਤ ਦੇ ਸਟਾਰ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਦੇ 2023 ਵਿਚ ਪੂਰੀ ਤਰ੍ਹਾਂ ਨਾਲ ਨਾ ਖੇਡਣ ਦੀ ਸੰਭਾਵਨਾ ਹੈ। ਇਸ ਦੇ ਮਤਲਬ ਉਹ ਇਸ ਸਾਲ ਦੇ ਇੰਡੀਅਨ ਪ੍ਰੀਮੀਅਰ ਲੀਗ ਦੇ ਨਾਲ-ਨਾਲ ਇਸ ਸਾਲ ਦੇ ਅਖੀਰ ਵਿਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਵਿਚ ਸ਼ਾਮਲ ਨਹੀਂ ਹੋ ਸਕਣਗੇ। 

ਪਾਕਿਸਤਾਨ ਦੇ ਸਰਬੰਦ ਪੁਲਸ ਸਟੇਸ਼ਨ ’ਤੇ ਅੱਤਵਾਦੀ ਹਮਲਾ, DSP ਸਣੇ 2 ਗਾਰਡਾਂ ਦੀ ਮੌਤ

ਪੇਸ਼ਾਵਰ ਦੇ ਬਾਹਰੀ ਇਲਾਕੇ ’ਚ ਦੇਰ ਰਾਤ ਪੁਲਸ ਸਟੇਸ਼ਨ 'ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਦਾ ਪਿੱਛਾ ਕਰ ਰਹੇ ਡੀ.ਐੱਸ.ਪੀ ਸਮੇਤ ਉਸ ਦੇ ਦੋ ਗਾਰਡ ਅੱਤਵਾਦੀਆਂ ਦੇ ਹੱਥੋਂ ਮਾਰੇ ਗਏ। ਅੱਤਵਾਦੀ ਅਫ਼ਗਾਨਿਸਤਾਨ ਤੋਂ ਪਾਕਿਸਤਾਨ ’ਚ ਦਾਖ਼ਲ ਹੋਏ ਸਨ ਅਤੇ ਬਾਅਦ 'ਚ ਵਾਪਸ ਅਫ਼ਗਾਨਿਸਤਾਨ ਭੱਜ ਗਏ।

ਪੰਜਾਬ ਸਰਕਾਰ ਵੱਲੋਂ ਦੋ ਜ਼ਿਲ੍ਹਿਆਂ ਦੇ DC ਸਣੇ 10 IAS ਤੇ 3 PCS ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਪੱਧਰ ’ਤੇ ਵੱਡਾ ਫ਼ੇਰਬਦਲ ਕੀਤਾ ਗਿਆ ਹੈ। ਸੂਬੇ ਵਿਚ 10 ਆਈ. ਏ. ਐੱਸ ਅਤੇ 3 ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਵਿਚ ਦੋ ਜ਼ਿਲ੍ਹੇ ਫਿਰੋਜ਼ਪੁਰ ਅਤੇ ਮੋਹਾਲੀ ਦੇ ਡਿਪਟੀ ਕਮਿਸ਼ਨਰ ਵੀ ਬਦਲੇ ਗਏ ਹਨ। ਏ. ਡੀ. ਸੀ. ਜਲੰਧਰ ਅੰਸ਼ਿਕਾ ਜੈਨ ਨੂੰ ਮੋਹਾਲੀ ਦਾ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ ਅਤੇ ਆਈ.ਏ.ਐੱਸ. ਰਾਜੇਸ਼ ਧੀਮਾਨ ਨੂੰ ਫਿਰੋਜ਼ਪੁਰ ਦਾ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ। 

ਦਿੱਲੀ : ਡਿਪਟੀ ਸੀ.ਐੱਮ. ਦੇ ਦਫਤਰ 'ਤੇ CBI ਦੀ ਛਾਪੇਮਾਰੀ, ਸਿਸੋਦੀਆ ਬੋਲੇ- 'ਸਵਾਗਤ ਹੈ'

ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਦਫਤਰ 'ਤੇ ਸੀ.ਬੀ.ਆਈ. ਨੇ ਸ਼ਨੀਵਾਰ ਨੂੰ ਛਾਪੇਮਾਰੀ ਕੀਤੀ। ਸਿਸੋਦੀਆ ਨੇ ਖੁਦ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਆਪਣੇ ਟਵੀਟ 'ਚ ਕਿਹਾ ਕਿ ਅੱਜ ਫਿਰ ਸੀ.ਬੀ.ਆਈ. ਮੇਰੇ ਦਫਤਰ ਪਹੁੰਚੀ ਹੈ। ਉਨ੍ਹਾਂ ਦਾ ਸਵਾਗਤ ਹੈ। ਉਨ੍ਹਾਂ ਨੇ ਮੇਰੇ ਘਰ 'ਤੇ ਰੇਡ ਕਰਵਾਈ, ਦਫਤਰ 'ਚ ਛਾਪਾ ਮਾਰਿਆ, ਲਾਕਰ ਦੀ ਤਲਾਸ਼ੀ ਲਈ, ਮੇਰੇ ਪਿੰਡ ਤਕ 'ਚ ਪੁੱਛਗਿੱਛ ਕਰ ਲਈ। 

ਟਾਪ 10 Highest Streamed Rappers ਦੀ ਲਿਸਟ 'ਚ ਸਿੱਧੂ ਨੇ ਡਰੇਕ ਨੂੰ ਪਛਾੜ ਹਾਸਲ ਕੀਤਾ ਵੱਡਾ ਮੁਕਾਮ

ਹਿਪ ਹੌਪ ਬਾਏ ਦਿ ਨੰਬਰਸ' ਦੇ ਟਵਿਟਰ ਹੈਂਡਲ ਨੇ ਹਾਲ ਹੀ 'ਚ ਇਕ ਟਵੀਟ ਸਾਂਝਾ ਕੀਤਾ ਹੈ। ਇਸ ਟਵੀਟ 'ਚ Highest Streamed Rappers In 2022 ਦੀ ਲਿਸਟ ਸਾਂਝੀ ਕੀਤੀ ਗਈ ਹੈ। ਟਾਪ 10 ਰੈਪਰਸ ਦੀ ਇਸ ਲਿਸਟ 'ਚ ਦੁਨੀਆ ਭਰ ਤੋਂ ਵੱਡੇ-ਵੱਡੇ ਰੈਪਰਸ ਦੇ ਨਾਂ ਹਨ। ਮਾਣ ਵਾਲੀ ਗੱਲ ਇਹ ਹੈ ਕਿ ਸਿੱਧੂ ਮੂਸੇ ਵਾਲਾ ਨੇ ਇਸ ਲਿਸਟ 'ਚ 5ਵਾਂ ਸਥਾਨ ਹਾਸਲ ਕੀਤਾ ਹੈ।

ਸ਼ਨੀਵਾਰ ਦੀ ਛੁੱਟੀ ਦੇ ਬਾਵਜੂਦ ਡਿਊਟੀ 'ਤੇ ਪੁੱਜੇ PCS ਅਫ਼ਸਰ, ਆਮ ਦਿਨਾਂ ਵਾਂਗ ਹੋ ਰਿਹੈ ਕੰਮ (ਤਸਵੀਰਾਂ)

ਅੱਜ ਸ਼ਨੀਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਪੀ. ਸੀ. ਐੱਸ. ਅਫ਼ਸਰਾਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਅੱਜ ਨਗਰ ਨਿਗਮ ਮੋਹਾਲੀ ਦਾ ਦਫ਼ਤਰ ਛੁੱਟੀ ਦੇ ਬਾਵਜੂਦ ਆਮ ਵਾਂਗ ਖੁੱਲ੍ਹਾ ਰਿਹਾ। ਵੱਡੀ ਗਿਣਤੀ 'ਚ ਲੋਕ ਆਪੋ-ਆਪਣੇ ਕੰਮ-ਕਾਜ ਕਰਵਾਉਣ ਲਈ ਨਿਗਮ ਦਫ਼ਤਰ ਵਿਖੇ ਪਹੁੰਚੇ। ਅੱਜ ਦਫ਼ਤਰ ਦੇ ਸਾਰੇ ਪੈਂਡਿੰਗ ਕੰਮ ਆਮ ਵਾਂਗ ਨਿਪਟਾਏ ਗਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News