ਪੰਜਾਬ ਕੈਬਨਿਟ ਮੰਤਰੀ ਮੰਡਲ ''ਚ ਫੇਰਬਦਲ, ਪਿਤਾ ਦਾ ਸਸਕਾਰ ਕਰ ਰਹੇ SP Singh ਗ੍ਰਿਫ਼ਤਾਰ, ਪੜ੍ਹੋ Top 10

01/07/2023 9:26:58 PM

ਜਲੰਧਰ: ਅੱਜ ਪੰਜਾਬ ਕੈਬਨਿਟ ਮੰਤਰੀ ਮੰਡਲ ਦੇ ਵਿਚ ਵੱਡਾ ਫੇਰਬਦਲ ਕੀਤਾ ਗਿਆ ਤਾਂ ਉੱਧਰ ਵਿਜੀਲੈਂਸ ਬਿਊਰੋ ਨੇ ਪਿਤਾ ਦਾ ਸਸਕਾਰ ਕਰ ਰਹੇ PSIEC ਦੇ ਕਾਰਜਕਾਰੀ ਡਾਇਰੈਕਟਰ ਐੱਸ.ਪੀ. ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੜ੍ਹੋ ਅੱਜ ਦੀਆਂ 10 ਮੁੱਖ ਖ਼ਬਰਾਂ...

ਵੱਡੀ ਖ਼ਬਰ: ਪਿਤਾ ਦਾ ਸਸਕਾਰ ਕਰ ਰਹੇ PSIEC ਦੇ ਕਾਰਜਕਾਰੀ ਡਾਇਰੈਕਟਰ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ਨਿੱਚਰਵਾਰ ਨੂੰ ਪੰਜਾਬ ਰਾਜ ਸਨਅਤੀ ਬਰਾਮਦ ਨਿਗਮ (ਪੀ.ਐੱਸ.ਆਈ.ਈ.ਸੀ.) ਦੇ ਕਾਰਜਕਾਰੀ ਡਾਇਰੈਕਟਰ ਐੱਸ.ਪੀ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸ.ਪੀ. ਸਿੰਘ ਨੂੰ ਉਸ ਵੇਲੇ ਸ਼ਮਸ਼ਾਨਘਾਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਆਪਣੇ ਪਿਤਾ ਐੱਨ.ਐੱਸ. ਪਰਵਾਨਾ ਦਾ ਅੰਤਿਮ ਸਸਕਾਰ ਕਰ ਰਹੇ ਸਨ। ਉਸ ਦੇ ਖ਼ਿਲਾਫ਼ ਕਾਰਪੋਰੇਸ਼ਨ ਦੇ ਹੋਰ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਰੀਅਲਟਰ ਫਰਮ ‘ਗੁਲਮੋਹਰ ਟਾਊਨਸ਼ਿਪ ਪ੍ਰਾਈਵੇਟ ਲਿਮਟਿਡ ’ ਨੂੰ ਇੱਕ ਉਦਯੋਗਿਕ ਪਲਾਟ ਦੇ ਤਬਾਦਲੇ/ਵੰਡ ਕਰਨ ਸਬੰਧੀ ਬੇਲੋੜੇ ਲਾਭ ਪਹੁੰਚਾਉਣ ਅਤੇ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਮੁਕੱਦਮਾ ਦਰਜ ਹੈ। ਉਸ ਨੂੰ ਭਲਕੇ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਪੰਜਾਬ ਮੰਤਰੀ ਮੰਡਲ ਵਿਚ ਵੱਡਾ ਫੇਰਬਦਲ, ਇਨ੍ਹਾਂ ਮੰਤਰੀਆਂ ਦੇ ਵਿਭਾਗ ਬਦਲੇ

ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ਨੂੰ ਪੰਜਾਬ ਕੈਬਨਿਟ ਵਿਚ ਸ਼ਾਮਲ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਵਿਭਾਗਾਂ ਵਿਚ ਵੱਡਾ ਫੇਰਬਦਲ ਵੀ ਕੀਤਾ ਗਿਆ ਹੈ। ਸਿਹਤ ਵਿਭਾਗ ਜੋ ਕਿ ਚੇਤਨ ਸਿੰਘ ਜੌੜਾਮਾਜਰਾ ਕੋਲ ਸੀ, ਜੋ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੂੰ ਗੰਦੇ ਗੱਦੇ ’ਤੇ ਲਿਟਾ ਕੇ ਚਰਚਾ ਵਿਚ ਆਏ ਸਨ। ਉਨ੍ਹਾਂ ਤੋਂ ਲਗਭਗ 6 ਮਹੀਨਿਆਂ ਵਿਚ ਹੀ ਵਿਭਾਗ ਵਾਪਸ ਲੈ ਲਿਆ ਗਿਆ ਹੈ।

ਇਕ ਹਫ਼ਤੇ 'ਚ ਤੀਜਾ ਸ਼ਰਮਨਾਕ ਕਾਰਾ: ਹੁਣ Go-First ਦੀ ਫਲਾਈਟ 'ਚ ਅਟੈਂਡੈਂਟ ਨਾਲ ਹੋਈ ਅਸ਼ਲੀਲਤਾ

ਦਿੱਲੀ-ਗੋਆ ਰੂਟ 'ਤੇ ਇਕ ਫਲਾਈਟ 'ਚ ਇਕ ਹੋਰ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਤੋਂ ਗੋਆ ਜਾ ਰਹੀ Go-First ਫਲਾਈਟ 'ਚ ਇਕ ਵਿਦੇਸ਼ੀ ਸੈਲਾਨੀ ਨੇ ਫਲਾਈਟ ਅਟੈਂਡੈਂਟ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਉਸ ਨੂੰ ਕੋਲ ਬੈਠਣ ਲਈ ਕਿਹਾ। ਏਵੀਏਸ਼ਨ ਰੈਗੂਲੇਟਰ (ਏ.ਆਰ.) ਨੇ ਇਹ ਜਾਣਕਾਰੀ ਦਿੱਤੀ। ਪਿਛਲੇ 1 ਹਫਤੇ 'ਚ ਇਹ ਤੀਜਾ ਮਾਮਲਾ ਹੈ। 

ਜੰਗ ਦਾ ਮੈਦਾਨ ਬਣੀ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ, ਗੈਂਗਸਟਰਾਂ ਵਿਚਾਲੇ ਹੋਈ ਖ਼ੂਨੀ ਝੜਪ

ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਅੱਜ ਗੈਂਗਸਟਰਾਂ ਵਿਚਾਲੇ ਖ਼ੂਨੀ ਝੜਪ ਹੋ ਗਈ। ਇਸ ਦੌਰਾਨ ਕੁਝ ਵਿਅਕਤੀ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਇਕ ਜ਼ਖ਼ਮੀ ਗੈਂਗਸਟਰ ਰਜਨੀਸ਼ ਦੀ ਹਾਲਤ ਨੂੰ ਵੇਖਦੇ ਹੋਏ ਨੂੰ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਭੇਜ ਦਿੱਤਾ ਗਿਆ ਹੈ। 

SYL ਵਿਵਾਦ : ਪੰਜਾਬ ਨੂੰ ਸੁਪਰੀਮ ਕੋਰਟ 'ਚ ਘੇਰਨ ਦੀ ਤਿਆਰੀ 'ਚ ਹਰਿਆਣਾ ਸਰਕਾਰ

ਸਤਲੁਜ-ਯਮੁਨਾ ਲਿੰਕ (ਐੱਸ.ਵਾਈ.ਐੱਲ.) ਨਹਿਰ ਨਿਰਮਾਣ ਨੂੰ ਲੈ ਕੇ ਹਰਿਆਣਾ ਸਰਕਾਰ ਸੁਪਰੀਮ ਕੋਰਟ 'ਚ ਪੰਜਾਬ ਨੂੰ ਘੇਰਨ ਦੀ ਰਣਨੀਤੀ 'ਚ ਜੁਟੀ ਹੈ। 17 ਜਨਵਰੀ ਨੂੰ ਸੁਪਰੀਮ ਕੋਰਟ 'ਚ ਹੋਣ ਵਾਲੀ ਸੁਣਵਾਈ ਦੌਰਾਨ ਹਰਿਆਣਾ ਕੇਂਦਰ ਸਰਕਾਰ ਦੀ ਵਿਚੋਲਗੀ ਹੇਠ ਚਾਰ ਜਨਵਰੀ ਨੂੰ ਹੋਈ ਬੈਠਕ 'ਚ ਪੰਜਾਬ ਦੇ ਰੁਖ ਨੂੰ ਮਜ਼ਬੂਤੀ ਨਾਲ ਰਖੇਗਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਕਹਿਣਾ ਹੈ ਕਿ ਪੰਜਾਬ ਅਸਲ ਮੁੱਦੇ ਦੀ ਬਜਾਏ ਪਾਣੀ ਦੀ ਵੰਡ 'ਤੇ ਚਰਚਾ ਸ਼ੁਰੂ ਕਰ ਦਿੰਦਾ ਹੈ, ਜਦੋਂ ਕਿ ਕੇਂਦਰ ਦੀ ਵਿਚੋਲਗੀ ਸਿਰਫ਼ ਐੱਸ.ਵਾਈ.ਐੱਲ. ਨਹਿਰ ਨਿਰਮਾਣ 'ਤੇ ਸਹਿਮਤੀ ਬਣਾਉਣ ਨੂੰ ਹੈ।

ਆਸਟ੍ਰੇਲੀਆ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਨਾਲ ਸਬੰਧਤ 4 ਨੌਜਵਾਨਾਂ ਦੀ ਮੌਤ

ਵਿਕਟੋਰੀਆ ਸੂਬੇ ਦੇ ਖੇਤਰੀ ਸ਼ਹਿਰ ਸ਼ੈਪਰਟਨ ਨੇੜੇ ਬੀਤੇ ਦਿਨੀਂ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ 4 ਪੰਜਾਬੀਆਂ ਮੌਤ ਹੋ ਗਈ ਅਤੇ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਇਹ ਸਾਰੇ ਵਿਅਕਤੀ ਖੇਤਾਂ ਵਿੱਚ ਕੰਮ ਮੁਕਾ ਕੇ ਕਾਰ ਵਿੱਚ ਘਰਾਂ ਨੂੰ ਪਰਤ ਰਹੇ ਸਨ। ਇਹਨਾਂ ਦੀ ਕਾਰ ਤੇਜ਼ ਰਫ਼ਤਾਰ ਵਿੱਚ ਆ ਰਹੇ ਇੱਕ ਵਾਹਨ ਨਾਲ ਜਾ ਟਕਰਾਈ।

ਕੈਨੇਡਾ 'ਚ ਸਿੱਖ ਔਰਤ ਦਾ ਸ਼ਲਾਘਾਯੋਗ ਕਦਮ, ਬੱਚਿਆਂ ਲਈ ਡਿਜ਼ਾਈਨ ਕੀਤੇ ਸਪੈਸ਼ਲ Sikh Helmets

 

ਟੋਰਾਂਟੋ ਦੀ ਰਹਿਣ ਵਾਲੀ ਟੀਨਾ ਸਿੰਘ ਨੇ ਇਕ ਅਜਿਹਾ ਸ਼ਲਾਘਾਯੋਗ ਕੰਮ ਕੀਤਾ ਹੈ, ਜਿਸ ਨਾਲ ਸਿੱਖ ਬੱਚੇ ਆਸਾਨੀ ਨਾਲ ਸਾਈਕਲਿੰਗ ਕਰ ਸਕਦੇ ਹਨ। ਦਰਅਸਲ ਟੀਨਾ ਸਿੰਘ ਦੇ ਬੱਚੇ ਸਾਈਕਲਿੰਗ ਕਰਦੇ ਹਨ ਅਤੇ ਉਨ੍ਹਾਂ ਨੇ ਆਪਣੇ ਬੱਚਿਆਂ ਲਈ ਕਈ ਤਰ੍ਹਾਂ ਦੇ ਹੈਲਮੇਟ ਟਰਾਈ ਕੀਤੇ ਪਰ ਕੋਈ ਵੀ ਹੈਲਮੇਟ ਉਨ੍ਹਾਂ ਦੇ ਸਿਰਾਂ ‘ਤੇ ਸੁਰੱਖਿਅਤ ਢੰਗ ਨਾਲ ਫਿੱਟ ਨਹੀਂ ਹੁੰਦਾ ਸੀ। 3 ਬੱਚਿਆਂ ਦੀ ਮਾਂ ਟੀਨਾ ਸਿੰਘ ਨੇ ਸੀਬੀਸੀ ਟੋਰਾਂਟੋ ਨੂੰ ਦੱਸਿਆ ਕਿ ਮੇਰੇ ਬੱਚਿਆ ਨੇ ਜੂੜਾ ਰੱਖਿਆ ਹੋਇਆ ਹੈ। 

ਪਾਕਿਸਤਾਨ 'ਚ 8 ਮਹੀਨਿਆਂ ਤੱਕ 13 ਸਾਲਾ ਕੁੜੀ ਨਾਲ ਸਮੂਹਿਕ ਬਲਾਤਕਾਰ

ਪਾਕਿਸਤਾਨ ਦੇ ਮੁਜ਼ੱਫਰਗੜ੍ਹ ਜ਼ਿਲ੍ਹੇ ਵਿੱਚ ਇੱਕ 13 ਸਾਲਾ ਕੁੜੀ ਨਾਲ ਕਥਿਤ ਤੌਰ ’ਤੇ 3 ਲੋਕਾਂ ਵੱਲੋਂ 8 ਮਹੀਨਿਆਂ ਤੱਕ ਸਮੂਹਿਕ ਬਲਾਤਕਾਰ ਕੀਤਾ ਗਿਆ ਅਤੇ ਉਸ ਦੀਆਂ ਨਗਨ ਫੋਟੋਆਂ ਅਤੇ ਵੀਡੀਓਜ਼ ਨੂੰ ਬਲੈਕਮੇਲ ਵਜੋਂ ਵਰਤਿਆ ਗਿਆ। ਡਾਨ ਨਿਊਜ਼ ਮੁਤਾਬਕ ਇਹ ਘਟਨਾ ਜਟੋਈ ਤਹਿਸੀਲ ਦੇ ਕੋਟਲਾ ਰਹਿਮ ਸ਼ਾਹ ਇਲਾਕੇ 'ਚ ਵਾਪਰੀ।

3 ਘੰਟੇ ਤਕ ਚਲਿਆ ਰਿਸ਼ਭ ਪੰਤ ਦਾ ਆਪਰੇਸ਼ਨ ਰਿਹਾ ਸਫਲ, ਜਾਣੋ ਕਦੋਂ ਕਰਨਗੇ ਕ੍ਰਿਕਟ ਦੇ ਮੈਦਾਨ 'ਤੇ ਵਾਪਸੀ

ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੇ ਗੋਡੇ ਦੀ ਮੁੰਬਈ ਦੇ ਇਕ ਹਸਪਤਾਲ 'ਚ ਸਫਲ ਸਰਜਰੀ ਹੋਈ। ਭਾਰਤੀ ਕ੍ਰਿਕਟ ਬੋਰਡ (BCCI) ਨਾਲ ਜੁੜੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਪੰਤ ਪਿਛਲੇ ਹਫ਼ਤੇ ਇੱਕ ਭਿਆਨਕ ਕਾਰ ਹਾਦਸੇ ਵਿੱਚ ਚਮਤਕਾਰੀ ਢੰਗ ਨਾਲ ਬਚ ਗਿਆ ਸੀ। ਬੀਸੀਸੀਆਈ ਦੇ ਇੱਕ ਸੂਤਰ ਨੇ ਪੀਟੀਆਈ ਨੂੰ ਦੱਸਿਆ, "ਰਿਸ਼ਭ ਪੰਤ ਦੇ ਗੋਡੇ ਦੇ ਲਿਗਾਮੈਂਟ ਦੀ ਸਰਜਰੀ ਸ਼ੁੱਕਰਵਾਰ ਨੂੰ ਕੀਤੀ ਗਈ। ਇਹ ਸਰਜਰੀ ਸਫਲ ਰਹੀ। ਉਹ ਡਾਕਟਰਾਂ ਦੀ ਨਿਗਰਾਨੀ ਵਿੱਚ ਰਹੇਗਾ।" ਇਹ ਸਰਜਰੀ ਮੁੰਬਈ ਦੇ ਅੰਧੇਰੀ ਵੈਸਟ ਸਥਿਤ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਸੈਂਟਰ ਫਾਰ ਸਪੋਰਟਸ ਮੈਡੀਸਨ ਦੇ ਮੁਖੀ ਅਤੇ 'ਆਰਥਰੋਸਕੋਪੀ ਐਂਡ ਸ਼ੋਲਡਰ ਸਰਵਿਸ' ਦੇ ਨਿਰਦੇਸ਼ਕ ਡਾ. ਪਰਦੀਵਾਲਾ ਦੀ ਨਿਗਰਾਨੀ ਹੇਠ ਕੀਤੀ ਗਈ।

ਸਾਨੀਆ ਮਿਰਜ਼ਾ ਨੇ ਟੈਨਿਸ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ, ਇਸ ਟੂਰਨਾਮੈਂਟ 'ਚ ਖੇਡੇਗੀ ਆਖ਼ਰੀ ਵਾਰ

 6 ਵਾਰ ਦੀ ਗ੍ਰੈਂਡ ਸਲੈਮ ਜੇਤੂ ਸਾਨੀਆ ਮਿਰਜ਼ਾ ਨੇ ਸ਼ਨੀਵਾਰ ਨੂੰ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਉਸ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਦੁਬਈ ਵਿੱਚ WTA 1000 ਈਵੈਂਟ ਉਸਦਾ ਆਖਰੀ ਟੂਰਨਾਮੈਂਟ ਹੋਵੇਗਾ। ਸਾਨੀਆ ਨੇ ਤਿੰਨ ਵਾਰ ਮਹਿਲਾ ਡਬਲਜ਼ ਗ੍ਰੈਂਡ ਸਲੈਮ ਅਤੇ ਤਿੰਨ ਵਾਰ ਮਿਕਸਡ ਡਬਲਜ਼ ਦੇ ਖਿਤਾਬ ਜਿੱਤੇ ਹਨ । ਉਹ ਇਸ ਮਹੀਨੇ ਆਸਟਰੇਲੀਆ ਓਪਨ ਦੇ ਡਬਲਜ਼ ਵਿੱਚ ਖੇਡੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News