ਅੰਮ੍ਰਿਤਪਾਲ ਖ਼ਿਲਾਫ਼ ਈਸਾਈ ਭਾਈਚਾਰੇ ਦਾ ਪ੍ਰਦਰਸ਼ਨ, ਆਟਾ-ਦਾਲ ਸਕੀਮ ’ਤੇ ਸਰਕਾਰ ਦਾ ਵੱਡਾ ਫ਼ੈਸਲਾ, ਪੜ੍ਹੋ Top 10
Monday, Oct 17, 2022 - 10:02 PM (IST)
ਜਲੰਧਰ (ਬਿਊਰੋ) : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਈਸਾਈ ਭਾਈਚਾਰੇ ਵੱਲੋਂ ਜਲੰਧਰ ਦੇ ਪੀ. ਏ. ਪੀ. ਚੌਂਕ ’ਚ ਧਰਨਾ ਦਿੱਤਾ ਗਿਆ ਅਤੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਗਈ। ਉੱਧਰ, ਪੰਜਾਬ ਸਰਕਾਰ ਨੇ ਘਰ-ਘਰ ਆਟਾ-ਦਾਲ ਸਕੀਮ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਹੈ। ਹੁਣ ਰਾਸ਼ਨ ਸਕੀਮ ’ਚ ਬਦਲਾਅ ਕਰ ਕੇ ਦੁਬਾਰਾ ਲਾਗੂ ਕੀਤਾ ਜਾਵੇਗਾ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ.......
ਅੰਮ੍ਰਿਤਪਾਲ ਖ਼ਿਲਾਫ਼ ਈਸਾਈ ਭਾਈਚਾਰੇ ਦਾ ਜਲੰਧਰ ਦੇ PAP ਚੌਂਕ ’ਚ ਧਰਨਾ, ਉੱਠੀ ਗ੍ਰਿਫ਼ਤਾਰੀ ਦੀ ਮੰਗ
ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਈਸਾਈ ਭਾਈਚਾਰੇ ਵੱਲੋਂ ਜਲੰਧਰ ਦੇ ਪੀ. ਏ. ਪੀ. ਚੌਂਕ ’ਚ ਧਰਨਾ ਦਿੱਤਾ ਗਿਆ ਅਤੇ ਅੰਮ੍ਰਿਤਪਾਲ ਸਿੰਘ ਦੀ ਗਿ੍ਰਫ਼ਤਾਰੀ ਦੀ ਮੰਗ ਉੱਠੀ ਹੈ। ਇਥੇ ਦੱਸਣਯੋਗ ਹੈ ਕਿ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਵੱਲੋਂ ਪ੍ਰਭੂ ਯਿਸੂ ਨੂੰ ਲੈ ਕੇ ਵਿਵਾਦਤ ਟਿੱਪਣੀ ਕਰਨ ਤੋਂ ਬਾਅਦ ਈਸਾਈ ਭਾਈਚਾਰੇ ਵੱਲੋਂ ਜਲੰਧਰ ’ਚ ਨੈਸ਼ਨਲ ਹਾਈਵੇਅ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ।
ਘਰ-ਘਰ ਆਟਾ-ਦਾਲ ਸਕੀਮ ਨੂੰ ਲੈ ਕੇ ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਪੰਜਾਬ ਸਰਕਾਰ ਨੇ ਘਰ-ਘਰ ਆਟਾ-ਦਾਲ ਸਕੀਮ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਹੁਣ ਰਾਸ਼ਨ ਸਕੀਮ ’ਚ ਬਦਲਾਅ ਹੋਵੇਗਾ। ਸਰਕਾਰ ਨੇ ਹਾਈਕੋਰਟ ’ਚ ਦਾਇਰ ਹਲਫ਼ਨਾਮੇ ’ਚ ਇਹ ਜਾਣਕਾਰੀ ਦਿੱਤੀ ਹੈ। ਸੋਧ ਤੋਂ ਬਾਅਦ ਇਹ ਸਕੀਮ ਮੁੜ ਲਾਗੂ ਕੀਤੀ ਜਾਵੇਗੀ। ਇਸ ਸਕੀਮ ’ਤੇ ਹਾਈਕੋਰਟ ਨੇ ਡਿੱਪੂ ਹੋਲਡਰਾਂ ਦੀ ਪਟੀਸ਼ਨ ’ਤੇ ਰੋਕ ਲਗਾ ਦਿੱਤੀ ਸੀ।
ਵੱਡੀ ਖ਼ਬਰ : ਜੰਮੂ-ਕਸ਼ਮੀਰ ਜਾ ਰਹੇ MP ਸਿਮਰਨਜੀਤ ਮਾਨ ਨੂੰ ਪੁਲਸ ਨੇ ਲਖਨਪੁਰ ਬਾਰਡਰ ’ਤੇ ਰੋਕਿਆ
ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੰਸਦ ਮੈਂਬਰ ਮਾਨ ਨੂੰ ਲਖਨਪੁਰ ਬਾਰਡਰ ’ਤੇ ਜੰਮੂ-ਕਸ਼ਮੀਰ ਜਾਣ ਤੋਂ ਕਠੂਆ ਪੁਲਸ ਨੇ ਰੋਕ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ’ਚ ਅਸੈਂਬਲੀ ਭੰਗ ਕਰਕੇ ਫ਼ੌਜ ਲਾ ਕੇ ਉਸ ਨੂੰ ਅਫਸਪਾ ਦੇ ਹੱਕ ਦਿੱਤੇ ਹੋਏ ਹਨ। ਇਸ ’ਤੇ ਹਾਈਕੋਰਟ ਤੇ ਸੁਪਰੀਮ ਕੋਰਟ ਆਪਣਾ ਕੋਈ ਐਕਸ਼ਨ ਨਹੀਂ ਲੈ ਰਹੇ।
ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਲੱਗੇ ਮੋਰਚੇ ’ਚ ਕਿਸਾਨ ਨਾਲ ਵਾਪਰਿਆ ਭਾਣਾ, ਪੈ ਗਈਆਂ ਭਾਜੜਾਂ
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਨੀਆ ਮੰਗਾਂ ਨੂੰ ਲਾਗੂ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਕੋਠੀ ਅੱਗੇ ਲੱਗੇ ਪੱਕੇ ਮੋਰਚੇ ’ਚ ਰਾਤ ਸਮੇਂ ਡਿਊਟੀ ਦੇ ਰਹੇ ਵਿਧਾਨ ਸਭਾ ਹਲਕਾ ਲਹਿਰਾ 99 ਦੇ ਪਿੰਡ ਬਖੋਰਾ ਕਲਾ ਦੇ ਕਿਸਾਨ ਗੁਰਚਰਨ ਸਿੰਘ (73) ਪੁੱਤਰ ਵਲੈਤੀ ਰਾਮ ਦੀ ਸੱਪ ਲੜਨ ਕਾਰਣ ਮੌਤ ਹੋ ਗਈ ਹੈ।
ਕਿਸਾਨੀ 'ਤੇ ਕਰਜ਼ੇ ਦਾ ਬੋਝ! ਮਾਨਸਾ ਜ਼ਿਲ੍ਹੇ 'ਚ ਕਿਸਾਨ ਅਤੇ ਮਜ਼ਦੂਰ ਨੇ ਸਪਰੇਅ ਨਿਗਲ ਕੇ ਕੀਤੀ ਖ਼ੁਦਕੁਸ਼ੀ
ਸਬ ਡਵੀਜ਼ਨ ਦੇ ਪਿੰਡ ਭੰਮੇ ਖੁਰਦ ਦੇ ਕਿਸਾਨ ਜਸਵੀਰ ਸਿੰਘ ਉਰਫ ਜੱਸੀ ਵੱਲੋਂ ਆਰਥਿਕ ਤੰਗੀ ਅਤੇ ਕਰਜ਼ੇ ਦੇ ਬੋਝ ਦੀ ਪ੍ਰੇਸ਼ਾਨੀ ਕਰ ਕੇ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਝੂਨੀਰ ਦੇ ਪ੍ਰਧਾਨ ਮਲਕੀਤ ਸਿੰਘ ਅਤੇ ਕਿਸਾਨ ਆਗੂ ਸਰਬਜੀਤ ਸਿੰਘ ਨੇ ਦੱਸਿਆ ਕਿ ਕਿਸਾਨ ਜਸਵੀਰ ਸਿੰਘ ਕੋਲ ਆਪਣੀ ਢਾਈ ਏਕੜ ਜ਼ਮੀਨ ਸੀ ਅਤੇ ਸੱਤ ਏਕੜ ਜ਼ਮੀਨ ਠੇਕੇ ’ਤੇ ਲੈ ਕੇ ਖੇਤੀਬਾੜੀ ਕਰਦਾ ਸੀ।
PM ਮੋਦੀ ਨੇ ਕਿਸਾਨਾਂ ਲਈ ਜਾਰੀ ਕੀਤੇ 16,000 ਕਰੋੜ ਰੁਪਏ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਭਾਰਤੀ ਖੇਤੀ ਖੋਜ ਸੰਸਥਾਨ ਦੇ ਪੂਸਾ ਮੇਲਾ ਮੈਦਾਨ ਵਿੱਚ ਦੋ ਰੋਜ਼ਾ "ਪ੍ਰਧਾਨ ਮੰਤਰੀ ਕਿਸਾਨ ਸਨਮਾਨ ਸੰਮੇਲਨ 2022" ਦਾ ਉਦਘਾਟਨ ਕੀਤਾ ਅਤੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐਮ-ਕਿਸਾਨ) ਦੇ ਤਹਿਤ 16,000 ਕਰੋੜ ਰੁਪਏ ਦੀ 12ਵੀਂ ਕਿਸ਼ਤ ਜਾਰੀ ਕੀਤੀ।
ਕਪੂਰਥਲਾ ਕੇਂਦਰੀ ਜੇਲ੍ਹ ’ਚ ਹਵਾਲਾਤੀ ਦੀ ਸਿਹਤ ਵਿਗੜਣ ਮਗਰੋਂ ਮੌਤ, ਪੁਲਸ 'ਤੇ ਲੱਗੇ ਟਾਰਚਰ ਕਰਨ ਦੇ ਦੋਸ਼
ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ ’ਚ ਬੀਤੀ ਰਾਤ ਇਕ ਹਵਾਲਾਤੀ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਮ੍ਰਿਤਕ ਹਵਾਲਾਤੀ ਨੂੰ ਜਲੰਧਰ ਪੁਲਸ ਨੇ ਕਿਸੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ। ਜਾਣਕਾਰੀ ਮੁਤਾਬਕ ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ ’ਚ ਬੰਦ ਹਵਾਲਾਤੀ ਗੁਰਪ੍ਰੀਤ ਸਿੰਘ ਪੁੱਤਰ ਜਗਦੀਪ ਸਿੰਘ ਨੂੰ ਬੀਮਾਰੀ ਦੀ ਹਾਲਤ ’ਚ ਸਿਵਲ ਹਸਪਤਾਲ ਕਪੂਰਥਲਾ ’ਚ ਭਰਤੀ ਕਰਵਾਇਆ ਗਿਆ ਸੀ, ਜਿਸ ਦੀ ਸ਼ਨੀਵਾਰ ਦੇਰ ਰਾਤ ਮੌਤ ਹੋ ਗਈ ਸੀ।
ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ ਨਵਨੀਤ ਕੌਰ ਦੀ ਮੌਤ
ਕੈਨੇਡਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਟੋਰਾਂਟੋ ਨੇੜਲੇ ਸ਼ਹਿਰ ਮਿਸੀਸਾਗਾ ਵਿਖੇ ਪੈਦਲ ਜਾ ਰਹੀ ਨਵਨੀਤ ਕੌਰ ਦੀ ਇਕ ਵਾਹਨ ਨਾਲ ਟੱਕਰ 'ਚ ਮੌਤ ਹੋ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪੀਲ ਰੀਜਨਲ ਪੁਲਸ ਦੇ ਅਨੁਸਾਰ ਵੀਰਵਾਰ ਸਵੇਰੇ ਮਿਸੀਸਾਗਾ ਵਿੱਚ ਇੱਕ ਹਿੱਟ ਐਂਡ ਰਨ ਹਾਦਸੇ ਵਿੱਚ ਨਵਨੀਤ ਕੌਰ ਬਿਲਿੰਗ (20) ਦੀ ਮੌਤ ਹੋ ਗਈ।
ਪਟਿਆਲਾ ’ਚ ਰਾਮਲੀਲਾ ਵਾਲੇ ਮੰਚ ’ਤੇ ਹੋਈ ਲੜਾਈ, ਬਰਫ ਵਾਲੇ ਸੂਏ ਮਾਰ-ਮਾਰ ਵਿੰਨ੍ਹ ਦਿੱਤੀ ਛਾਤੀ
ਪਟਿਆਲਾ ਦੇ ਜੌੜੀਆਂ ਭੱਠੀਆਂ ਇਲਾਕੇ ਦੀ ਇਕ ਦਿਲ ਕੰਬਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਸ ਵਿਚ ਇਕ ਵਿਅਕਤੀ ਦਾ ਬਰਫ ਵਾਲੇ ਸੂਏ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਸਤਿੰਦਰਪਾਲ ਨਾਮ ਦੇ ਵਿਅਕਤੀ ਦਾ ਸੂਆ ਮਾਰ ਕੇ ਕਤਲ ਕੀਤਾ ਗਿਆ ਹੈ।
ਤਿਉਹਾਰਾਂ ਦੇ ਸੀਜ਼ਨ ਦੌਰਾਨ ਰੇਲਵੇ ਨੇ ਰੱਦ ਕੀਤੀਆਂ 150 ਤੋਂ ਵੱਧ ਟਰੇਨਾਂ... ਦੇਖੋ ਸੂਚੀ
ਭਾਰਤੀ ਰੇਲਵੇ 'ਚ ਸਫਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਜੇਕਰ ਤੁਹਾਡੀ ਵੀ ਕਿਤੇ ਘੁੰਮਣ ਜਾਂ ਜ਼ਰੂਰੀ ਕੰਮ ਲਈ ਕਿਸੇ ਦੂਜੇ ਸ਼ਹਿਰ ਵਿਚ ਜਾਣ ਦੀ ਯੋਜਨਾ ਹੈ ਅਤੇ ਤੁਸੀਂ ਟਿਕਟ ਬੁੱਕ ਕੀਤੀ ਹੈ, ਤਾਂ ਇੱਕ ਵਾਰ ਆਪਣੀ ਟ੍ਰੇਨ ਦਾ ਸਟੇਟਸ ਜ਼ਰੂਰ ਦੇਖੋ। ਰੇਲਵੇ ਨੇ ਦੇਸ਼ ਭਰ ਵਿੱਚ 150 ਤੋਂ ਵੱਧ ਟਰੇਨਾਂ ਨੂੰ ਰੱਦ ਕਰ ਦਿੱਤੀਆਂ ਹਨ ਜੋ 17 ਅਕਤੂਬਰ 2022 ਨੂੰ ਰਵਾਨਾ ਹੋਣੀਆਂ ਸਨ।