ਪੰਜਾਬ ’ਚ ਵੱਡੇ ਅੱਤਵਾਦੀ ਹਮਲੇ ਦਾ ਖ਼ਤਰਾ, ਮੂਸੇਵਾਲਾ ਕਤਲਕਾਂਡ ’ਚ ਬੱਬੂ ਮਾਨ ਨੂੰ ਪੁਲਸ ਨੇ ਸੱਦਿਆ! ਪੜ੍ਹੋ Top 10
Tuesday, Dec 06, 2022 - 08:14 PM (IST)
ਜਲੰਧਰ (ਬਿਊਰੋ) : ਦੇਸ਼ ਵਿਰੋਧੀ ਤੱਤਾਂ ਵੱਲੋਂ ਲਗਾਤਾਰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਪੰਜਾਬ ਪੁਲਸ ਹਰ ਵਾਰ ਉਨ੍ਹਾਂ ਦੇ ਮਕਸਦ ਨਾਕਾਮ ਕਰ ਰਹੀ ਹੈ। ਕੁੱਝ ਮਹੀਨੇ ਪਹਿਲਾਂ ਖ਼ੁਫ਼ੀਆ ਏਜੰਸੀਆਂ ਵੱਲੋਂ ਇਨਪੁੱਟਸ ਦਿੱਤੇ ਗਏ ਸਨ ਕਿ ਅੱਤਵਾਦੀ ਪੰਜਾਬ ’ਚ ਸਰਕਾਰੀ ਇਮਾਰਤਾਂ ਅਤੇ ਥਾਣਿਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਉਥੇ ਹੀ ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੂੰ ਪੁਲਸ ਵੱਲੋਂ ਪੁੱਛਗਿੱਛ ਲਈ ਸੱਦਿਆ ਗਿਆ ਹੈ। ਬੱਬੂ ਮਾਨ ਤੋਂ ਇਲਾਵਾ ਮਨਕੀਰਤ ਔਲਖ ਤੇ ਅਜੇਪਾਲ ਮਿੱਡੂਖੇੜਾ ਨੂੰ ਵੀ ਪੁਲਸ ਨੇ ਪੁੱਛਗਿੱਛ ਲਈ ਸੱਦਿਆ ਹੈ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ...
ਵੱਡੀ ਖ਼ਬਰ : ਮੂਸੇਵਾਲਾ ਕਤਲਕਾਂਡ 'ਚ ਬੱਬੂ ਮਾਨ ਨੂੰ ਪੁਲਸ ਨੇ ਸੱਦਿਆ !
ਸਿੱਧੂ ਮੂਸੇ ਵਾਲਾ ਕਤਲ ਕਾਂਡ ਨਾਲ ਜੁੜੀ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੂੰ ਪੁਲਸ ਵਲੋਂ ਪੁੱਛਗਿੱਛ ਲਈ ਸੱਦਿਆ ਗਿਆ ਹੈ। ਬੱਬੂ ਮਾਨ ਤੋਂ ਇਲਾਵਾ ਮਨਕੀਰਤ ਔਲਖ ਤੇ ਅਜੇਪਾਲ ਮਿੱਡੂਖੇੜਾ ਨੂੰ ਵੀ ਪੁਲਸ ਨੇ ਪੁੱਛਗਿੱਛ ਲਈ ਸੱਦਿਆ ਹੈ। ਸਿੱਧੂ ਮੂਸੇ ਵਾਲਾ ਕਤਲ ਕਾਂਡ ’ਚ ਮਨਕੀਰਤ ਔਲਖ ਕੋਲੋਂ ਪਹਿਲਾਂ ਵੀ ਪੁੱਛਗਿੱਛ ਹੋ ਚੁੱਕੀ ਹੈ। ਮਨਕੀਰਤ ਤੋਂ ਇਲਾਵਾ ਦਿਲਪ੍ਰੀਤ ਢਿੱਲੋਂ ਤੇ ਅਫਸਾਨਾ ਖ਼ਾਨ ਕੋਲੋਂ ਵੀ ਜਾਂਚ ਏਜੰਸੀਆਂ ਪੁੱਛਗਿੱਛ ਕਰ ਚੁੱਕੀਆਂ ਹਨ।
ਵੱਡੀ ਖ਼ਬਰ : ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦਾ ਖ਼ਤਰਾ, ਖ਼ੁਫ਼ੀਆ ਇਨਪੁੱਟ ਮਗਰੋਂ ਹਾਈ ਅਲਰਟ 'ਤੇ ਪੁਲਸ (ਤਸਵੀਰਾਂ)
ਦੇਸ਼ ਵਿਰੋਧੀ ਤੱਤਾਂ ਵੱਲੋਂ ਲਗਾਤਾਰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਪੰਜਾਬ ਪੁਲਸ ਹਰ ਵਾਰ ਉਨ੍ਹਾਂ ਦੇ ਮਕਸਦ ਨਾਕਾਮ ਕਰ ਰਹੀ ਹੈ। ਕੁੱਝ ਮਹੀਨੇ ਪਹਿਲਾਂ ਖ਼ੁਫ਼ੀਆ ਏਜੰਸੀਆਂ ਵੱਲੋਂ ਇਨਪੁੱਟਸ ਦਿੱਤੇ ਗਏ ਸਨ ਕਿ ਅੱਤਵਾਦੀ ਪੰਜਾਬ ’ਚ ਸਰਕਾਰੀ ਇਮਾਰਤਾਂ ਅਤੇ ਥਾਣਿਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਹਾਲਾਂਕਿ ਉਸ ਤੋਂ ਬਾਅਦ ਥਾਣੇ-ਚੌਂਕੀਆਂ ਦੇ ਨਾਲ ਸਰਕਾਰੀ ਇਮਾਰਤਾਂ ਦੀ ਵੀ ਸੁਰੱਖਿਆ ਵਧਾ ਦਿੱਤੀ ਗਈ ਸੀ।
ਅਹਿਮ ਖ਼ਬਰ : ਸਾਬਕਾ ਮੰਤਰੀ ਧਰਮਸੋਤ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਵਿਜੀਲੈਂਸ ਨੂੰ ਮਿਲੀ ਮਨਜ਼ੂਰੀ
ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵਿਰੁੱਧ ਸਮਰੱਥ ਅਦਾਲਤ ’ਚ ਮੁਕੱਦਮਾ ਚਲਾਉਣ ਲਈ ਸੂਬਾ ਸਰਕਾਰ ਦੇ ਪ੍ਰਸ਼ਾਸਨਿਕ ਵਿਭਾਗ ਤੋਂ ਪ੍ਰਵਾਨਗੀ ਹਾਸਲ ਕਰ ਲਈ ਹੈ। ਸਾਬਕਾ ਮੰਤਰੀ ਨੂੰ ਵਿਜੀਲੈਂਸ ਬਿਊਰੋ ਨੇ ਜੂਨ ਮਹੀਨੇ ਵਿਭਾਗ ’ਚ ਖੈਰ ਦੇ ਦਰੱਖਤਾਂ ਦੀ ਕਟਾਈ ਲਈ ਪਰਮਿਟ ਦੇਣ, ਅਧਿਕਾਰੀਆਂ ਦੇ ਤਬਾਦਲੇ, ਖਰੀਦਦਾਰੀ ਅਤੇ ਐੱਨ.ਓ.ਸੀ. ਜਾਰੀ ਕਰਨ ਨਾਲ ਸਬੰਧਿਤ ਸੰਗਠਿਤ ਭ੍ਰਿਸ਼ਟਾਚਾਰ ’ਚ ਸ਼ਾਮਲ ਹੋਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਸੀ।
ਅੰਬਾਲਾ-ਨਰਵਾਨਾ ਬ੍ਰਾਂਚ ਤੋਂ ਬਰਾਮਦ ਹੋਈਆਂ 4 ਲਾਸ਼ਾਂ, ਕਾਰ ਸਮੇਤ ਨਹਿਰ 'ਚ ਡੁੱਬੇ ਪਤੀ-ਪਤਨੀ ਅਤੇ ਬੱਚੇ
ਸ਼ਹਿਰ 'ਚ ਨਰਵਾਣਾ ਬ੍ਰਾਂਚ 'ਚੋਂ ਇੱਕੋ ਪਰਿਵਾਰ ਦੇ 4 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ, ਜਿਸ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ ਹੈ। ਮਰਨ ਵਾਲਿਆਂ 'ਚ ਪਤੀ-ਪਤਨੀ ਅਤੇ ਦੋ ਬੱਚੇ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਇੱਕ ਪਰਿਵਾਰ ਕਾਰ ਸਮੇਤ ਨਹਿਰ 'ਚ ਡਿੱਗ ਗਈ ਸੀ। ਹਾਲਾਂਕਿ ਅਜੇ ਤੱਕ ਹਾਦਸੇ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ।
ਲਖੀਮਪੁਰ ਖੀਰੀ ਹਿੰਸਾ ਕਾਂਡ: ਆਸ਼ੀਸ਼ ਮਿਸ਼ਰਾ ਸਮੇਤ 14 ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਅਕਤੂਬਰ 2021 ’ਚ ਹੋਈ ਹਿੰਸਾ ਮਾਮਲੇ ’ਚ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਣੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਸਮੇਤ 14 ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ ਹਨ। ਲਖੀਮਪੁਰ ਖੀਰੀ ਦੀ ਅਦਾਲਤ ’ਚ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ।
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਵਾਦ ’ਤੇ ਅਕਾਲ ਤਖ਼ਤ ਸਾਹਿਬ ਦਾ ਵੱਡਾ ਫ਼ੈਸਲਾ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਨੂੰ ਤਲਬ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਬੰਸ ਸਿੰਘ, ਚਰਨਜੀਤ ਸਿੰਘ, ਗੋਬਿੰਦ ਸਿੰਘ ਲੌਂਗੋਵਾਲ, ਜਗਜੋਤ ਸਿੰਘ ਸੋਹੀ, ਇੰਦਰਜੀਤ ਸਿੰਘ, ਗੁਰਿੰਦਰ ਸਿੰਘ, ਲਖਵਿੰਦਰ ਸਿੰਘ, ਮਹਿੰਦਰਪਾਲ ਸਿੰਘ ਢਿੱਲੋਂ, ਰਾਜਾ ਸਿੰਘ ਪੇਸ਼ ਹਏ ਹਨ। ਇੰਦਰਜੀਤ ਸਿੰਘ ਤੇ ਹਰਬੰਸ ਸਿੰਘ ਨੂੰ ਤਨਖ਼ਾਹੀਆ ਹੋਣ ਕਾਰਨ ਵਾਪਸ ਭੇਜ ਦਿੱਤਾ ਹੈ।
ਲੁਧਿਆਣਾ ਤੋਂ ਵੱਡੀ ਖ਼ਬਰ : 18 ਸਾਲਾ ਮੁੰਡੇ ਦਾ ਬੇਰਹਿਮੀ ਨਾਲ ਕਤਲ, ਬਚਾਉਣ ਆਏ ਭਰਾ ਨੂੰ ਵੀ ਨਾ ਬਖ਼ਸ਼ਿਆ
ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਹੈਬੋਵਾਲ ਇਲਾਕੇ 'ਚ ਸਥਿਤ ਡੇਅਰੀ ਕੰਪਲੈਕਸ 'ਚ 18 ਸਾਲਾ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਮੁੰਡੇ ਦੀ ਪਛਾਣ ਵਿੱਕੀ ਦੇ ਰੂਪ 'ਚ ਹੋਈ ਹੈ, ਜੋ ਠੇਕੇ 'ਤੇ ਵੇਟਰ ਦਾ ਕੰਮ ਕਰਦਾ ਸੀ। ਜਾਣਕਾਰੀ ਮੁਤਾਬਕ ਮ੍ਰਿਤਕ ਵਿੱਕੀ ਨੇ ਠੇਕੇਦਾਰ ਤੋਂ 5500 ਰੁਪਏ ਲੈਣੇ ਸਨ। ਇਸ ਨੂੰ ਲੈ ਕੇ ਬੀਤੀ ਰਾਤ ਕਰੀਬ 9 ਵਜੇ ਠੇਕੇਦਾਰ ਨੇ ਉਸ ਨੂੰ ਪੈਸੇ ਦੇਣ ਲਈ ਫੋਨ ਕੀਤਾ।
ਵੱਡੀ ਖ਼ਬਰ : ਭਾਜਪਾ ਹਾਈਕਮਾਂਡ ਵਲੋਂ ਪੰਜਾਬ ਦੀ 17 ਮੈਂਬਰੀ ਕੋਰ ਕਮੇਟੀ ਦਾ ਐਲਾਨ
ਭਾਜਪਾ ਹਾਈਕਮਾਂਡ ਨੇ ਪੰਜਾਬ ਲਈ 17 ਮੈਂਬਰੀ ਕੋਰ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਇਸ ਕੋਰ ਕਮੇਟੀ ਵਿਚ ਕਾਂਗਰਸ ਛੱਡ ਕੇ ਆਏ ਆਗੂਆਂ ਨੂੰ ਵੀ ਪ੍ਰਮੁੱਖਤਾ ਨਾਲ ਜਗ੍ਹਾ ਦਿੱਤੀ ਗਈ ਹੈ। ਇਸ ਕਮੇਟੀ ਵਿਚ ਅਸ਼ਵਨੀ ਸ਼ਰਮਾ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਕੁਮਾਰ ਜਾਖੜ, ਸੋਮ ਪ੍ਰਕਾਸ਼, ਅਵਿਨਾਸ਼ ਰਾਏ ਖੰਨਾ, ਰਾਣਾ ਗੁਰਮੀਤ ਸੋਢੀ, ਸਰਬਜੀਤ ਸਿੰਘ ਵਿਰਕ, ਮਨੋਰੰਜਨ ਕਾਲੀਆ, ਰਜਿੰਦਰ ਭੰਡਾਰੀ, ਰਾਜਿੰਦਰ ਮੋਹਨ ਛੀਨਾ, ਜਸਵਿੰਦਰ ਢਿੱਲੋਂ, ਫਤਿਹਜੰਗ ਸਿੰਘ ਬਾਜਵਾ, ਵਿਜੇ ਸਾਂਪਲਾ, ਮੰਥਰੀ ਸ੍ਰੀਨਿਵਾਸੁਲੂ, ਸ਼ਵੇਤ ਮਲਿਕ, ਤਿਕਸ਼ਣ ਸੂਦ ਅਤੇ ਸੁਭਾਸ਼ ਸ਼ਰਮਾ ਨੂੰ ਸ਼ਾਮਲ ਕੀਤਾ ਗਿਆ ਹੈ।
ਕੋਈ ਭੁੱਖੇ ਢਿੱਡ ਨਾ ਸੌਂਵੇ, ਹਰ ਵਿਅਕਤੀ ਤੱਕ ਅਨਾਜ ਪਹੁੰਚਾਉਣ ਦੀ ਜ਼ਿੰਮੇਵਾਰੀ ਸਰਕਾਰ ਦੀ: SC
ਸੁਪਰੀਮ ਕੋਰਟ ਨੇ ਮੰਗਲਵਾਰ ਯਾਨੀ ਕਿ ਅੱਜ ਕਿਹਾ ਕਿ ਇਹ ਸਾਡਾ ਸੱਭਿਆਚਾਰ ਹੈ ਕਿ ਕੋਈ ਵੀ ਭੁੱਖਾ ਨਹੀਂ ਸੌਂਣਾ ਚਾਹੀਦਾ। ਕੋਰਟ ਨੇ ਕੇਂਦਰ ਸਰਕਾਰ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਰਾਸ਼ਟਰੀ ਖ਼ੁਰਾਕ ਸੁਰੱਖਿਆ ਕਾਨੂੰਨ ( NFSA) ਤਹਿਤ ਅਨਾਜ ਹਰ ਵਿਅਕਤੀ ਤੱਕ ਪਹੁੰਚੇ? ਜਸਟਿਸ ਐੱਮ. ਆਰ. ਸ਼ਾਹ ਅਤੇ ਜਸਟਿਸ ਹਿਮਾ ਕੋਹਲੀ ਦੀ ਬੈਂਚ ਨੇ ਕੇਂਦਰ ਨੂੰ ਨਿਰਦੇਸ਼ ਦਿੱਤਾ ਹੈ ਕਿ ਈ-ਲੇਬਰ ਪੋਰਟਲ ’ਤੇ ਰਜਿਸਟਰਡ ਪ੍ਰਵਾਸੀ ਅਤੇ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਦੀ ਗਿਣਤੀ ਦੇ ਨਾਲ ਤਾਜ਼ਾ ਸਾਰਣੀ ਜਮ੍ਹਾਂ ਕਰੋ। ਬੈਂਚ ਨੇ ਕਿਹਾ ਕਿ ਇਹ ਯਕੀਨੀ ਕਰਨਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਅਨਾਜ ਹਰ ਵਿਅਕਤੀ ਤੱਕ ਪਹੁੰਚੇ।
ਸੁਖਪਾਲ ਖਹਿਰਾ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- MSP ਦੀ ਕਾਨੂੰਨੀ ਗਰੰਟੀ ਦਿਓ
ਕਾਂਗਰਸ ਦੀ ਕਿਸਾਨ ਇਕਾਈ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਗਲਵਾਰ ਨੂੰ ਅਪੀਲ ਕੀਤੀ ਹੈ ਕਿ ਸਵਾਮੀਨਾਥਨ ਕਮਿਸ਼ਨ ਦੀ ਸਿਫਾਰਸ਼ ਦੇ ਆਧਾਰ ’ਤੇ ਘੱਟ ਤੋਂ ਘੱਟ ਸਮਰਥਨ ਮੁੱਲ (MSP) ਯਕੀਨੀ ਕੀਤਾ ਜਾਵੇ ਅਤੇ ਇਸ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ।