ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

03/30/2022 11:13:16 PM

ਜਲੰਧਰ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੱਡਾ ਫ਼ੈਸਲਾ ਲੈਂਦਿਆਂ ਸੂਬੇ ਦੇ ਸਮੂਹ ਪ੍ਰਾਈਵੇਟ ਸਕੂਲਾਂ ’ਤੇ ਫੀਸ ਵਧਾਉਣ ਦੀ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਸੂਬੇ ਦੇ ਸਮੂਹ ਜ਼ਿਲ੍ਹਾ ਖਜ਼ਾਨਾ ਦਫਤਰਾਂ ਅਤੇ ਸਬ-ਖਜ਼ਾਨਾ ਦਫ਼ਤਰਾਂ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਪਾਰਦਰਸ਼ੀ ਹਦਾਇਤਾਂ ਜਾਰੀ ਕੀਤੀਆਂ। ਪੰਜਾਬ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ-

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, ਪ੍ਰਾਈਵੇਟ ਸਕੂਲਾਂ ਦੇ ਫੀਸ ਵਧਾਉਣ ’ਤੇ ਲਗਾਈ ਰੋਕ
ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਸੂਬੇ ਭਰ ਦੇ ਪ੍ਰਾਈਵੇਟ ਸਕੂਲਾਂ ’ਤੇ ਫੀਸ ਵਧਾਉਣ ਦੀ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਇੰਨੀ ਮਹਿੰਗੀ ਹੋ ਚੁੱਕੀ ਹੈ ਕਿ ਆਮ ਲੋਕਾਂ ਦੀ ਪਹੁੰਚ ਤੋਂ ਕਿਤੇ ਦੂਰ ਹੋ ਗਈ ਹੈ। ਮਜਬੂਰੀ ਵੱਸ ਮਾਤਾ-ਪਿਤਾ ਬੱਚਿਆਂ ਨੂੰ ਸਕੂਲੋਂ ਹਟਾ ਲੈਂਦੇ ਹਨ ਜਾਂ ਫਿਰ ਕੰਮ ’ਤੇ ਲਗਾ ਦਿੰਦੇ ਹਨ।

ਭਗਵੰਤ ਮਾਨ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ, ਸਮੂਹ ਨਗਰ ਸੁਧਾਰ ਟਰੱਸਟ ਕੀਤੇ ਭੰਗ
ਪੰਜਾਬ 'ਚ ਕਾਂਗਰਸ ਨੂੰ ਵੱਡੀ ਹਾਰ ਮਿਲਣ ਤੋਂ ਬਾਅਦ ਪਾਰਟੀ ਦੇ ਕਈ ਚੇਅਰਮੈਨਾਂ ਵੱਲੋਂ ਅਸਤੀਫ਼ੇ ਦੇ ਦਿੱਤੇ ਗਏ ਸਨ। ਹਾਲਾਂਕਿ ਪਹਿਲਾਂ ਜਦੋਂ ਵੀ ਸਰਕਾਰ ਬਦਲਦੀ ਹੈ ਅਤੇ ਨਵਾਂ ਮੁੱਖ ਮੰਤਰੀ ਬਣਦਾ ਹੈ ਤਾਂ ਪਿਛਲੀ ਸਰਕਾਰ 'ਚ ਬਣੇ ਚੇਅਰਮੈਨਾਂ ਨੂੰ ਹਟਾ ਦਿੱਤਾ ਜਾਂਦਾ ਹੈ।

ਕੇਂਦਰ ਦੇ ਹਵਾਲੇ ਹੋਇਆ ਸਿਟੀ ਬਿਊਟੀਫੁੱਲ 'ਚੰਡੀਗੜ੍ਹ', ਸਰਵਿਸ ਰੂਲ ਦਾ ਫ਼ਰਮਾਨ ਜਾਰੀ
ਪੰਜਾਬ ਦੀ ਰਾਜਧਾਨੀ ਸਿਟੀ ਬਿਊਟੀਫੁੱਲ ਚੰਡੀਗੜ੍ਹ ਹੁਣ ਕੇਂਦਰ ਦੇ ਹਵਾਲੇ ਹੋ ਗਿਆ ਹੈ। ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ 'ਚ ਸੈਂਟਰਲ ਸਰਵਿਸ ਨਿਯਮ ਲਾਗੂ ਕਰਨ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਬੀਤੇ ਐਤਵਾਰ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਸੀ।

ਐਕਸ਼ਨ ’ਚ ਭਗਵੰਤ ਮਾਨ ਸਰਕਾਰ, ਸਖ਼ਤ ਫ਼ੈਸਲਾ ਲੈਂਦਿਆਂ ਜਾਰੀ ਕੀਤੇ ਨਵੇਂ ਹੁਕਮ
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਖਜ਼ਾਨਾ ਦਫਤਰਾਂ ਅਤੇ ਸਬ-ਖਜ਼ਾਨਾ ਦਫ਼ਤਰਾਂ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਪਾਰਦਰਸ਼ੀ ਹਦਾਇਤਾਂ ਜਾਰੀ ਕੀਤੀਆਂ ਹਨ ਜਿਸ ਅਨੁਸਾਰ ਸਮੂਹ ਅਧਿਕਾਰੀ, ਕਰਮਚਾਰੀ ਸਮੇਂ ਸਿਰ ਦਫਤਰ ਆਉਣ ਅਤੇ ਦਫ਼ਤਰੀ ਸਮੇਂ ਦੌਰਾਨ ਆਪਣੀ ਸੀਟ ’ਤੇ ਹਾਜ਼ਰ ਰਹਿਣ।

ਇਕ ਅਪ੍ਰੈਲ ਤੋਂ ਬਦਲ ਜਾਣਗੇ ਇਹ ਨਿਯਮ, ਜੇਬ 'ਤੇ ਪਵੇਗਾ ਅਸਰ
ਮਾਰਚ ਦਾ ਮਹੀਨਾ ਖਤਮ ਹੋਣ ਵਾਲਾ ਹੈ ਅਤੇ ਇਕ ਅਪ੍ਰੈਲ ਤੋਂ ਨਵਾਂ ਵਿੱਤੀ ਸਾਲ ਸ਼ੁਰੂ ਹੋਣ ਜਾ ਰਿਹਾ ਹੈ। ਅਜਿਹੇ 'ਚ ਇਕ ਅਪ੍ਰੈਲ ਤੋਂ ਕਈ ਵੱਡੇ ਬਦਲਾਅ ਹੋਣ ਜਾ ਰਹੇ ਹਨ, ਜਿਸ ਦਾ ਸਿੱਧਾ ਅਸਰ ਤੁਹਾਡੇ ਆਨਲਾਈਨ ਲੈਣ-ਦੇਣ ਤੇ ਖਰਚ 'ਤੇ ਪੈ ਸਕਦਾ ਹੈ।

ਪੰਜਾਬ 'ਚ ਪਹਿਲੀ ਵਾਰ ਬਣਨਗੀਆਂ NRI ਲਈ ਵਿਸ਼ੇਸ਼ ਅਦਾਲਤਾਂ
ਪੰਜਾਬ 'ਚ ਪਹਿਲੀ ਵਾਰ ਪ੍ਰਵਾਸੀ ਭਾਰਤੀਆਂ (ਐੱਨ. ਆਰ. ਆਈਜ਼) ਲਈ ਵਿਸ਼ੇਸ਼ ਅਦਾਲਤਾਂ ਸਥਾਪਿਤ ਕੀਤੀਆਂ ਜਾਣਗੀਆਂ। ਪੰਜਾਬ ਸਰਕਾਰ ਵਿਦੇਸ਼ਾਂ ਵਿਚ ਰਹਿੰਦੇ ਲੋਕਾਂ ਦੇ ਕੇਸਾਂ ਦੇ ਨਿਪਟਾਰੇ ਲਈ ਸੂਬੇ ਦੇ 4 ਵੱਡੇ ਜ਼ਿਲ੍ਹਿਆਂ ਵਿਚ ਵਿਸ਼ੇਸ਼ ਅਦਾਲਤਾਂ ਖੋਲ੍ਹਣ ਜਾ ਰਹੀ ਹੈ।

'ਬਿਜਲੀ' ਨੂੰ ਲੈ ਕੇ ਕੇਂਦਰ ਦਾ ਪੰਜਾਬ ਨੂੰ ਨਵਾਂ ਝਟਕਾ, ਇਸ ਮੰਗ ਲਈ ਕੀਤੀ ਕੋਰੀ ਨਾਂਹ
ਕੇਂਦਰ ਸਰਕਾਰ ਵੱਲੋਂ ਬਿਜਲੀ ਨੂੰ ਲੈ ਕੇ ਪੰਜਾਬ ਨੂੰ ਇਕ ਨਵਾਂ ਝਟਕਾ ਦਿੱਤਾ ਹੈ। ਕੇਂਦਰ ਨੇ ਪੰਜਾਬ ਨੂੰ ਵਿਸ਼ੇਸ਼ ਪੂਲ ਤੋਂ ਦਿੱਤੀ ਜਾਣ ਵਾਲੀ ਬਿਜਲੀ ਦੀ ਸਪਲਾਈ ਨੂੰ ਬੰਦ ਕਰ ਦਿੱਤਾ ਹੈ। ਕੇਂਦਰ ਨੇ ਇਹ ਬਿਜਲੀ ਸਪਲਾਈ ਹਰਿਆਣਾ ਨੂੰ ਦੇ ਦਿੱਤੀ ਹੈ। ਪੰਜਾਬ ਨੇ ਬਹੁਤ ਸਮਾਂ ਪਹਿਲਾਂ ਇਸ ਪੂਲ 'ਚੋਂ ਬਿਜਲੀ ਮੰਗੀ ਸੀ ਪਰ ਕੇਂਦਰ ਨੇ ਇਨਕਾਰ ਕਰ ਦਿੱਤਾ ਸੀ।

ਸ਼੍ਰੋਮਣੀ ਕਮੇਟੀ ਨੇ ਪੇਸ਼ ਕੀਤਾ ਸਾਲਾਨਾ ਬਜਟ, ਜਨਰਲ ਇਜਲਾਸ ’ਚ ਪਾਸ ਹੋਏ ਇਹ ਮਤੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਦੌਰਾਨ ਸਿੱਖ ਮਾਮਲਿਆਂ ਨਾਲ ਸਬੰਧਤ ਅਹਿਮ ਮਤੇ ਪਾਸ ਕੀਤੇ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂਸਾਲ 2022-23 ਦਾ 9 ਅਰਬ 88 ਕਰੋੜ 15 ਲੱਖ 53 ਹਜ਼ਾਰ 780 ਰੁਪਏ ਦਾ ਬਜਟ ਪਾਸ ਕੀਤਾ।

ਅਰਵਿੰਦ ਕੇਜਰੀਵਾਲ ਦੇ ਘਰ 'ਤੇ ਹਮਲਾ, CCTV ਕੈਮਰੇ ਤੋੜੇ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਹਮਲਾ ਕੀਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਤੀ ਹੈ। ਸਿਸੋਦੀਆ ਨੇ ਟਵੀਟ ਕਰ ਕੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੇ ਘਰ 'ਤੇ ਅਸਮਾਜਿਕ ਤੱਤਾਂ ਨੇ ਹਮਲਾ ਕੀਤਾ ਹੈ।

ਕੇਜਰੀਵਾਲ ਦੇ ਘਰ ’ਤੇ ਹੋਏ ਹਮਲੇ ਤੋਂ ਬਾਅਦ ਬੋਲੇ ਮਾਨ, ਭਾਜਪਾ ਸਿਰਫ ਕੇਜਰੀਵਾਲ ਤੋਂ ਡਰਦੀ
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ’ਤੇ ਕੁੱਝ ਲੋਕਾਂ ਵਲੋਂ ਕੀਤੇ ਗਏ  ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਬੌਖਲਾਹਟ ਵਿਚ ਆ ਗਈ ਹੈ।


Harnek Seechewal

Content Editor

Related News