ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

Tuesday, Mar 29, 2022 - 08:52 PM (IST)

ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

ਜਲੰਧਰ : ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚੇ, ਜਿੱਥੇ ਉਨ੍ਹਾਂ ਯੂਨੀਵਰਸਿਟੀ ਨੂੰ ਕਰਜ਼ੇ ਦੇ ਵੱਡੇ ਬੋਝ ਤੋਂ ਮੁਕਤ ਕਰਨ ਦੀ ਗਾਰੰਟੀ ਦਾ ਐਲਾਨ ਕਰਦਿਆਂ ਕਿਹਾ ਕਿ ਉੱਤਰੀ ਭਾਰਤ ’ਚ ਉਚੇਰੀ ਸਿੱਖਿਆ ਪ੍ਰਦਾਨ ਕਰਨ ਵਾਲੀ ਇਸ ਨਾਮਵਰ ਯੂਨੀਵਰਸਿਟੀ ਦੀ ਮਾਣਮੱਤੀ ਅਤੇ ਅਸਲ ਸ਼ਾਨ ਨੂੰ ਬਹਾਲ ਕੀਤਾ ਜਾਵੇਗਾ। ਉਥੇ ਹੀ ਡਰੱਗਜ਼ ਮਾਮਲੇ 'ਚ ਫਸੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਹੁਣ ਸੁਪਰੀਮ ਕੋਰਟ ਦਾ ਰੁਖ ਕਰ ਲਿਆ ਹੈ। ਪੰਜਾਬ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ-

ਪੰਜਾਬੀ ਯੂਨੀਵਰਸਿਟੀ ਪਹੁੰਚੇ CM ਭਗਵੰਤ ਮਾਨ ਦਾ ਵੱਡਾ ਬਿਆਨ, ਕਿਹਾ-ਕਰਜ਼ਾ ਮੁਕਤ ਕਰਾਂਗੇ ਯੂਨੀਵਰਸਿਟੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬੀ ਯੂਨੀਵਰਸਿਟੀ ਨੂੰ ਕਰਜ਼ੇ ਦੇ ਵੱਡੇ ਬੋਝ ਤੋਂ ਮੁਕਤ ਕਰਨ ਦੀ ਗਾਰੰਟੀ ਦਾ ਐਲਾਨ ਕਰਦਿਆਂ ਕਿਹਾ ਕਿ ਉੱਤਰੀ ਭਾਰਤ ’ਚ ਉਚੇਰੀ ਸਿੱਖਿਆ ਪ੍ਰਦਾਨ ਕਰਨ ਵਾਲੀ ਇਸ ਨਾਮਵਰ ਯੂਨੀਵਰਸਿਟੀ ਦੀ ਮਾਣਮੱਤੀ ਅਤੇ ਅਸਲ ਸ਼ਾਨ ਨੂੰ ਬਹਾਲ ਕੀਤਾ ਜਾਵੇਗਾ।

ਦਵਿੰਦਰ ਬੰਬੀਬਾ ਗਰੁੱਪ ਦੇ 12 ਗੈਂਗਸਟਰ ਗ੍ਰਿਫ਼ਤਾਰ, ਵਿੱਕੀ ਮਿੱਡੂਖੇੜਾ ਕਤਲ ਨਾਲ ਵੀ ਜੁੜੇ ਤਾਰ
ਦਿੱਲੀ ਦੀ ਸਪੈਸ਼ਲ ਐੱਸ. ਟੀ. ਐੱਫ. ਫੋਰਸ ਨੇ ਮਹਾਰਾਸ਼ਟਰ ਤੋਂ ਦਵਿੰਦਰ ਬੰਬੀਹਾ ਗਰੁੱਪ ਦੇ 12 ਗੁਰਗੇ ਗ੍ਰਿਫ਼ਤਾਰ ਕੀਤੇ ਹਨ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਵਿਚੋਂ ਤਿੰਨ ਮੁਲਜ਼ਮ ਵਿੱਕੀ ਮਿੱਡੂਖੇੜਾ ਦੇ ਕਤਲ ਨਾਲ ਸੰਬੰਧਤ ਹਨ। ਬੀਤੇ ਸਾਲ ਮੋਹਾਲੀ ਦੇ ਸੈਕਟਰ 71 ਵਿਚ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦਾ ਦਿਨ ਦਿਹਾੜੇ ਹਮਲਾਵਰਾਂ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਮੌਕੇ ਤੋਂ ਫਰਾਰ ਹੋ ਗਏ ਸਨ।

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੰਦਿਆਂ ਕਿਹਾ ਕਿ ਇਹ ਅਸਤੀਫ਼ਾ ਸੂਬੇ ਵਿੱਚ ਪਾਰਟੀ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਨੈਤਿਕਤਾ ਦੇ ਆਧਾਰ ’ਤੇ ਦਿੱਤਾ ਗਿਆ ਹੈ।

ਡਰੱਗਜ਼ ਮਾਮਲੇ 'ਚ ਫਸੇ 'ਬਿਕਰਮ ਮਜੀਠੀਆ' ਪੁੱਜੇ ਸੁਪਰੀਮ ਕੋਰਟ, ਨਹੀਂ ਮਿਲ ਰਹੀ ਜ਼ਮਾਨਤ
ਡਰੱਗਜ਼ ਮਾਮਲੇ 'ਚ ਫਸੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਸੁਪਰੀਮ ਕੋਰਟ ਦਾ ਰੁਖ ਕਰ ਲਿਆ ਹੈ। ਡਰੱਗਜ਼ ਕੇਸ ਰੱਦ ਕਰਵਾਉਣ ਲਈ ਬਿਕਰਮ ਮਜੀਠੀਆ ਸੁਪਰੀਮ ਕੋਰਟ ਪਹੁੰਚੇ ਹਨ।

ਹੁਣ ਪੰਜਾਬ 'ਚ ਡਰੋਨ ਰਾਹੀਂ ਹੋਵੇਗੀ ਵਣ ਖੇਤਰ ਦੀ ਨਿਗਰਾਨੀ, ਵਣ ਮੰਤਰੀ ਨੇ ਦਿੱਤੀਆਂ ਹਦਾਇਤਾਂ
ਪੰਜਾਬ ਦੇ ਵਣ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਕਹਿਣਾ ਹੈ ਕਿ ਸਾਲ 2030 ਤੱਕ ਸੂਬੇ ਦੇ ਕੁੱਲ ਖੇਤਰਫ਼ਲ ਦਾ 7.5 ਫ਼ੀਸਦੀ ਹਿੱਸਾ ਵਣਾਂ ਅਤੇ ਰੁੱਖਾਂ ਦੇ ਅਧੀਨ ਲਿਆਉਣ ਦਾ ਟੀਚਾ ਤੈਅ ਕੀਤਾ ਗਿਆ ਹੈ। ਇਸ ਦੌਰਾਨ ਵਣ ਮੰਤਰੀ ਨੇ ਸਰਵਿਲਾਂਸ ਡਰੋਨ ਲਾਂਚ ਕੀਤਾ ਅਤੇ ਹਦਾਇਤ ਕੀਤੀ ਗਈ ਕਿ ਵਣ ਅਪਰਾਧ ਜਿਵੇਂ ਕਿ ਰੁੱਖਾਂ ਦੀ ਕਟਾਈ, ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਡਰੋਨ ਅਤੇ ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਜਾਵੇ।

ਤਰਨਤਾਰਨ ਜ਼ਿਲ੍ਹੇ 'ਚ ਪੰਜਾਬ ਪੁਲਸ ਦੇ 2 ਥਾਣੇਦਾਰ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਵਿਜੀਲੈਂਸ ਟੀਮ ਵੱਲੋਂ ਇਕ ਪੁਰਾਣੇ ਮਾਮਲੇ ਵਿੱਚ ਜ਼ਿਲ੍ਹਾ ਤਰਨਤਾਰਨ ਨਾਲ ਸਬੰਧਿਤ ਪੰਜਾਬ ਪੁਲਸ ਦੇ ਦੋ ਥਾਣੇਦਾਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਜੀਲੈਂਸ ਟੀਮ ਵੱਲੋਂ ਦੋਹਾਂ ਥਾਣੇਦਾਰਾਂ ਨੂੰ ਬੀਤੀ ਰਾਤ ਗ੍ਰਿਫ਼ਤਾਰ ਕਰਦੇ ਹੋਏ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਕੈਨੇਡਾ 'ਚ ਇਕ ਘਰ ਨੂੰ ਲੱਗੀ ਭਿਆਨਕ ਅੱਗ, 3 ਬੱਚਿਆਂ ਸਮੇਤ ਮਾਂ-ਪਿਓ ਦੀ ਮੌਤ
ਬੀਤੇ ਦਿਨ ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਇਕ ਘਰ ਵਿਚ ਅੱਗ ਲੱਗਣ ਨਾਲ ਇਕੋ ਪਰਿਵਾਰ 5 ਜੀਆਂ ਪਤੀ-ਪਤਨੀ ਅਤੇ ਉਨ੍ਹਾਂ ਦੇ 3 ਬੱਚਿਆਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਪੀਲ ਰੀਜ਼ਨਲ ਪੁਲਸ ਨੇ ਕਿਹਾ ਕਿ ਸਵੇਰੇ 2:00 ਵਜੇ ਤੋਂ ਪਹਿਲਾਂ ਕੈਨੇਡੀ ਰੋਡ ਅਤੇ ਸੈਂਡਲਵੁੱਡ ਪਾਰਕਵੇ ਈਸਟ ਖੇਤਰ ਵਿਚ ਸ਼ੂਟਰ ਐਵੀਨਿਊ ਦੇ ਨੇੜੇ ਕੋਨੇਸਟੋਗਾ ਡਰਾਈਵ 'ਤੇ ਇਕ ਘਰ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ।


author

Harnek Seechewal

Content Editor

Related News