ਪੁਲਸ ਵੱਲੋਂ ਸਖ਼ਤੀ ਨਾਲ ਲਾਗੂ ਕਰਵਾਈ ਜਾਵੇਗੀ ਈ-ਸਿਗਰਟ ਅਤੇ ਹੁੱਕਾ ਬਾਰ ''ਤੇ ਲਾਈ ਪਾਬੰਦੀ
Saturday, Feb 08, 2020 - 02:34 PM (IST)
ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਸਿਹਤ ਅਤੇ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅਮਲ ਕਰਦਿਆਂ 'ਰਾਜ ਤੰਬਾਕੂ ਕੰਟਰੋਲ ਸੈੱਲ' ਨੇ ਪੰਜਾਬ ਪੁਲਸ ਦੇ ਸਹਿਯੋਗ ਨਾਲ ਬੱਚਿਆਂ ਅਤੇ ਨੌਜਵਾਨਾਂ ਨੂੰ ਤੰਬਾਕੂ ਦੀ ਵਰਤੋਂ ਤੋਂ ਬਚਾਉਣ ਅਤੇ ਰੋਕ ਲਾਉਣ ਲਈ ਰਾਜ ਪੱਧਰੀ ਮੁਹਿੰਮ ਸ਼ੁਰੂ ਕੀਤੀ ਹੈ। ਰਾਜ ਤੰਬਾਕੂ ਕੰਟਰੋਲ ਸੈੱਲ ਨੇ ਡਾਇਰੈਕਟਰ ਸਿਹਤ ਸੇਵਾਵਾਂ ਦਫਤਰ ਚੰਡੀਗੜ੍ਹ ਵਿਖੇ ਪੁਲਸ ਅਧਿਕਾਰੀਆਂ ਦੀ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਸਬੰਧੀ ਕਾਰਜ-ਕੁਸ਼ਲਤਾ ਵਧਾਉਣ ਲਈ ਵਰਕਸ਼ਾਪ ਦਾ ਆਯੋਜਨ ਕੀਤਾ। ਸੂਬੇ ਭਰ ਦੇ ਇੰਸਪੈਕਟਰ/ਸਬ-ਇੰਸਪੈਕਟਰ ਰੈਂਕ ਦੇ 50 ਪੁਲਸ ਅਧਿਕਾਰੀ ਇਸ ਵਰਕਸ਼ਾਪ 'ਚ ਸ਼ਾਮਲ ਹੋਏ।
ਈ-ਸਿਗਰਟ ਰੋਕੂ ਐਕਟ
ਪੰਜਾਬ ਇਨਵੈਸਟੀਗੇਸ਼ਨ ਬਿਊਰੋ ਦੇ ਡਾਇਰੈਕਟਰ ਪ੍ਰਬੋਧ ਕੁਮਾਰ ਨੇ ਕਿਹਾ ਕਿ ਪੁਲਸ ਅਧਿਕਾਰੀ ਤੰਬਾਕੂ ਵਿਰੋਧੀ ਕਾਨੂੰਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਮਹੱਤਵਪੂਰਨ ਭਾਈਵਾਲ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਪੁਲਸ ਵਿਭਾਗ ਹੁਣ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦੇ ਕੇ ਰਾਜ 'ਚ ਈ-ਸਿਗਰਟ ਰੋਕੂ ਐਕਟ 2019 ਅਤੇ ਹੋਰ ਤੰਬਾਕੂ ਵਿਰੋਧੀ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਕੰਮ ਕਰੇਗਾ। ਡਾ. ਅਵਨੀਤ ਕੌਰ ਡਾਇਰੈਕਟਰ ਸਿਹਤ ਸੇਵਾਵਾਂ ਨੇ ਦੱਸਿਆ ਕਿ ਪੰਜਾਬ ਕੋਟਪਾ ਸੋਧ ਐਕਟ-2018 ਪਾਸ ਕਰਨ ਤੋਂ ਬਾਅਦ ਹੁੱਕਾ ਬਾਰ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਲਾਈ ਗਈ ਹੈ। ਇਸ ਐਕਟ ਦੀ ਉਲੰਘਣਾ ਕਰਨ ਵਾਲਿਆਂ ਨੂੰ 3 ਸਾਲ ਦੀ ਕੈਦ ਅਤੇ 50,000 ਰੁਪਏ ਜੁਰਮਾਨਾ ਕੀਤਾ ਜਾ ਸਕਦਾ ਹੈ।
ਡਾ. ਰਾਕੇਸ਼ ਗੁਪਤਾ ਡਾਇਰੈਕਟਰ ਈ. ਐੱਸ. ਆਈ. ਪੰਜਾਬ ਨੇ ਈ-ਸਿਗਰਟ ਸਬੰਧੀ ਪੇਸ਼ਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਅਜਿਹਾ ਪਹਿਲਾ ਸੂਬਾ ਹੈ, ਜਿਥੇ ਈ-ਸਿਗਰਟ ਨੂੰ 2013 ਤੋਂ ਬਾਅਦ 'ਪਾਬੰਦੀਸ਼ੁਦਾ ਡਰੱਗ' ਐਲਾਨਿਆ ਗਿਆ ਹੈ। ਸਾਊਥ ਈਸਟ ਏਸ਼ੀਆ ਯੂਨੀਅਨ ਦੇ ਡਿਪਟੀ ਖੇਤਰੀ ਡਾਇਰੈਕਟਰ ਡਾ. ਰਾਣਾ ਜੇ. ਸਿੰਘ ਨੇ ਕਿਹਾ ਕਿ ਇਕ ਅਨੁਮਾਨ ਅਨੁਸਾਰ ਪੰਜਾਬ 'ਚ ਅਜੇ ਵੀ 27 ਲੱਖ ਲੋਕ ਤੰਬਾਕੂ ਦੀ ਵਰਤੋਂ ਕਰ ਰਹੇ ਹਨ ਕਿਉਂਕਿ ਇਹ ਉਤਪਾਦ ਪੂਰੇ ਰਾਜ ਵਿਚ ਆਸਾਨੀ ਨਾਲ ਉਪਲਬਧ ਹੈ। ਡਾ. ਨਿਰਲੇਪ ਕੌਰ ਸਟੇਟ ਨੋਡਲ ਅਫ਼ਸਰ ਤੰਬਾਕੂ ਕੰਟਰੋਲ ਪੰਜਾਬ ਨੇ ਦੱਸਿਆ ਕਿ ਰਾਜ ਦੇ ਸਾਰੇ ਜ਼ਿਲਿਆਂ 'ਚ ਤੰਬਾਕੂ ਤੋਂ ਛੁਟਕਾਰੇ ਲਈ ਤੰਬਾਕੂ ਰੋਕੂ ਕੇਂਦਰ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ 19 ਮਾਰਚ 2019 ਤੋਂ 19 ਦਸੰਬਰ 2019 ਤੱਕ ਇਨ੍ਹਾਂ ਕੇਂਦਰਾਂ ਵਿਚ ਲਗਭਗ 8,000 ਤੰਬਾਕੂ ਪੀੜਤਾਂ ਦਾ ਇਲਾਜ ਕੀਤਾ ਗਿਆ ਹੈ।