ਮਾਮਲਾ ਪ੍ਰੀ ਨਰਸਰੀ ਕਲਾਸਾਂ ਸ਼ੁਰੂ ਕਰਨ ਦਾ, ਕੈਪਟਨ ਅਮਰਿੰਦਰ ਸਿੰਘ ਤੇ ਰਜ਼ੀਆ ਸੁਲਤਾਨਾ ਦਾ ਕੀਤਾ ਪਿੱਟ ਸਿਆਪਾ

Thursday, Nov 23, 2017 - 06:07 PM (IST)

ਮਾਮਲਾ ਪ੍ਰੀ ਨਰਸਰੀ ਕਲਾਸਾਂ ਸ਼ੁਰੂ ਕਰਨ ਦਾ, ਕੈਪਟਨ ਅਮਰਿੰਦਰ ਸਿੰਘ ਤੇ ਰਜ਼ੀਆ ਸੁਲਤਾਨਾ ਦਾ ਕੀਤਾ ਪਿੱਟ ਸਿਆਪਾ


ਮਾਲੇਰਕੋਟਲਾ (ਜ਼ਹੂਰ) - ਆਂਗਣਵਾੜੀ ਮੁਲਾਜ਼ਮਾਂ ਨੂੰ ਕੋਈ ਰਾਹਤ ਨਾ ਮਿਲਦੀ ਵੇਖ ਕੇ ਅੱਜ ਭੜਕੀਆਂ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੀਆਂ ਸੈਂਕੜੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਰਾਜ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੀ ਕੋਠੀ ਅੱਗੇ ਕੀਤੀ ਲੜੀਵਾਰ ਭੁੱਖ ਹੜਤਾਲ ਦੇ ਚੱਲਦਿਆਂ ਵੀਰਵਾਰ ਨੂੰ ਮੰਤਰੀ ਦੀ ਕੋਠੀ ਤੋਂ ਸ਼ਹਿਰ ਦੇ ਬਾਜ਼ਾਰਾਂ 'ਚ ਖਾਲ਼ੀ ਥਾਲੀਆਂ ਖੜਕਾ ਕੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਪੈਦਲ ਮਾਰਚ ਕੀਤਾ। ਇਸ ਮੌਕੇ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਗੁਰਮੇਲ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਬਿਆਨ ਕਿ ਆਂਗਣਵਾੜੀ ਵਰਕਰ ਕੱਚੇ ਮੁਲਾਜ਼ਮ ਹਨ ਅਤੇ ਇਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਪੱਕੇ ਨਹੀਂ ਕੀਤਾ ਜਾ ਸਕਦਾ। ਅਜਿਹਾ ਸੁਣ ਕੇ ਆਂਗਣਵਾੜੀ ਮੁਲਾਜ਼ਮਾਂ ਦਾ ਗੁੱਸਾ ਭੜਕ ਗਿਆ ਜੋ ਆਉਣ ਵਾਲੇ ਦਿਨਾਂ ਵਿਚ ਹੋਰ ਤੇਜ਼ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰੀ ਪ੍ਰਾਇਮਰੀ ਸਿੱਖਿਆ ਆਈ. ਸੀ. ਡੀ. ਐਸ. ਦਾ ਅਨਿੱਖੜਵਾਂ ਅੰਗ ਹੈ ਅਤੇ ਇਸ 'ਤੇ ਸਾਡਾ ਮੌਲਿਕ ਅਧਿਕਾਰ ਹੈ। ਇਹ ਪੈਦਲ ਮਾਰਚ ਮਾਲੇਰਕੋਟਲਾ ਹਾਊਸ ਤੋਂ ਸ਼ੁਰੂ ਹੋ ਕੇ ਨਾਮਧਾਰੀ ਕੂਕਾ ਸਮਾਰਕ, ਜਰਗ ਚੌਂਕ ਹੁੰਦਿਆਂ ਸਰਹੰਦੀ ਗੇਟ ਪੁੱਜ ਕੇ ਚੋਂਕ 'ਚ ਅੱਧਾ ਘੰਟਾ ਆਵਾਜਾਈ ਠੱਪ ਕਰਕੇ ਆਂਗਣਵਾੜੀ ਮੁਲਾਜ਼ਮਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਮੈਡਮ ਰਜ਼ੀਆ ਸੁਲਤਾਨਾ ਦਾ ਪਿੱਟ ਸਿਆਪਾ ਕਰਨ ਤੋਂ ਬਾਅਦ ਕਲੱਬ ਚੋਂਕ, ਦਿੱਲੀ ਗੇਟ, ਬਸ ਸਟੈਂਡ, ਕਾਲਜ ਰੋਡ ਹੁੰਦਿਆਂ ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਵਿਖੇ ਸਮਾਪਤ ਹੋਇਆ। ਪੈਦਲ ਮਾਰਚ ਤੇ ਧਰਨੇ ਨੂੰ ਥਾਂ-ਥਾਂ 'ਤੇ ਸ਼ਿੰਦਰ ਕੋਰ ਬੜੀ, ਰੁਪਿੰਦਰਜੀਤ ਕੋਰ ਹਥੋਆ ਵੱਲੋਂ ਸੰਬੋਧਨ ਕੀਤਾ ਗਿਆ ।


Related News