ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਵਾਪਰਿਆ ਹਾਦਸਾ, ਨੌਜਵਾਨ ਦੀ ਗਈ ਜਾਨ

Friday, Sep 29, 2023 - 03:43 PM (IST)

ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਵਾਪਰਿਆ ਹਾਦਸਾ, ਨੌਜਵਾਨ ਦੀ ਗਈ ਜਾਨ

ਧੂਰੀ (ਅਸ਼ਵਨੀ) : ਨੇੜਲੇ ਪਿੰਡਾਂ ’ਚੋਂ ਲੰਘਦੇ ਜੰਮੂ-ਕੱਟੜਾ ਐਕਸਪ੍ਰੈੱਸ ਵੇਅ ਦੀ ਉਸਾਰੀ ਦੇ ਚੱਲਦੇ ਕੰਮ ਵਿਚ ਲੱਗੇ ਟਿੱਪਰ ਚਾਲਕਾਂ ਦੀਆਂ ਅਣਗਹਿਲੀਆਂ ਕਾਰਨ ਰੋਜ਼ਾਨਾ ਹੀ ਸੜਕੀ ਹਾਦਸੇ ਵਾਪਰਦੇ ਆ ਰਹੇ ਹਨ, ਜਿਸ ਤਹਿਤ ਕਈ ਲੋਕ ਆਪਣੀਆਂ ਕੀਮਤੀ ਜਾਨਾਂ ਵੀ ਗੁਆ ਚੁੱਕੇ ਹਨ‌। ਬੀਤੀ ਸ਼ਾਮ ਪਿੰਡ ਸਲੇਮਪੁਰ ਦੇ ਨੌਜਵਾਨ ਜਤਿੰਦਰ ਸਿੰਘ ਆਪਣੇ ਇਕ ਸਾਥੀ ਨਾਲ਼ ਕੰਮ ਤੋਂ ਵਾਪਸ ਬਾਗੜੀਆਂ ਤੋਂ ਧੂਰੀ ਵੱਲ ਨੂੰ ਆ ਰਿਹਾ ਸੀ ਤਾਂ ਪਿੰਡ ਧਾਂਦਰਾ ਦੇ ਨਜ਼ਦੀਕ ਓਵਰ ਲੋਡ ਟਿੱਪਰ ਵਿਚੋਂ ਚਾਲਕ ਦੀ ਗਲਤੀ ਨਾਲ਼ ਸੜਕ ’ਤੇ ਡਿੱਗੇ ਗਟਕੇ ਦੇ ਚੱਲਦਿਆਂ ਉਕਤ ਨੌਜਵਾਨਾਂ ਨਾਲ਼ ਹਾਦਸਾ ਵਾਪਰ ਗਿਆ ਜਿਸ ਤੋਂ ਬਾਅਦ ਉਕਤ ਨੌਜਵਾਨ ਜਤਿੰਦਰ ਸਿੰਘ ਨੂੰ ਧੂਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਜਿੱਥੇ ਕਿ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਦੇ ਰੋਸ ਵਜੋਂ ਅੱਜ ਪਿੰਡ ਸਲੇਮਪੁਰ ਅਤੇ ਪਿੰਡ ਧਾਂਦਰਾ ਦੇ ਲੋਕਾਂ ਵੱਲੋਂ ਪਿੰਡ ਧਾਂਦਰਾ ਦੇ ਨੈਸ਼ਨਲ ਹਾਈਵੇਅ ਬਣਾ ਰਹੀ ਕੰਪਨੀ ਦੇ ਡੰਪ ਤੇ ਨੌਜਵਾਨ ਦੀ ਮ੍ਰਿਤਕ ਦੇਹ ਰੱਖ ਕੇ ਧਰਨਾ ਲਗਾ ਕੇ ਇਨਸਾਫ ਦੀ ਮੰਗ ਕੀਤੀ ਗਈ। 

ਇਸ ਮੌਕੇ ਕਿਸਾਨ ਆਗੂ ਭੀਮ ਸਿੰਘ ਸਲੇਮਪੁਰ, ਹਰਮਿੰਦਰ ਸਿੰਘ ਧਾਂਦਰਾ ਅਤੇ ਜਗਰਾਜ ਸਿੰਘ ਧਾਂਦਰਾ ਨੇ ਕਿਹਾ ਕਿ ਜਿਸ ਨੌਜਵਾਨ ਜਤਿੰਦਰ ਸਿੰਘ ਦੀ ਟਿੱਪਰ ਚਾਲਕ ਦੀ ਗਲਤੀ ਨਾਲ਼ ਮੌਤ ਹੋਈ ਹੈ। ਉਹ ਆਪਣੇ ਪਰਿਵਾਰ ਦਾ ਗੁਜਾਰਾ ਬੜੀ ਹੀ ਗੁਰਬਤ ਨਾਲ਼ ਕਰ ਰਿਹਾ ਸੀ ਅਤੇ ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਸਾਲ ਦੀ ਧੀਅ ਅਤੇ ਡੇਢ ਸਾਲ ਦਾ ਪੁੱਤਰ ਅਤੇ ਮਾਤਾ ਪਿਤਾ ਨੂੰ ਰੌਂਦੇ ਕੁਰਲਾਉਂਦਿਆਂ ਛੱਡ ਗਿਆ। ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇਅ ਬਣਾ ਰਹੀ ਕੰਪਨੀ ਦੀਆਂ ਅਣਗਹਿਲੀਆਂ ਕਾਰਨ ਕੀਮਤੀ ਜਾਨਾਂ ਇਸ ਦੁਨੀਆਂ ਤੋਂ ਜਾ ਰਹੀਆਂ ਹਨ ਪਰੰਤੂ ਸਰਕਾਰ ਅਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਉਨ੍ਹਾਂ ਕਿਹਾ ਕਿ ਉਕਤ ਕੰਪਨੀ ਦੇ ਟਿੱਪਰ ਚਾਲਕ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਰਾਹਗੀਰਾਂ ਲਈ ਵੱਡੀਆਂ ਪ੍ਰੇਸ਼ਾਨੀਆਂ ਦਾ ਕਾਰਨ ਬਣੇ ਹੋਏ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਪਰਿਵਾਰ ਨੂੰ ਯੋਗ ਮੁਆਵਜ਼ਾ ਅਤੇ ਕੰਪਨੀ ਦੇ ਪ੍ਰਬੰਧਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। 


author

Gurminder Singh

Content Editor

Related News