ਖੁਦ ਨੂੰ ਸਿੰਗਲ ਦੱਸ ''ਟਿੰਡਰ ਐਪ'' ਜ਼ਰੀਏ ਲੜਕੀ ਨੂੰ ਫਸਾਇਆ, ਵਿਆਹ ਦੇ ਸੁਪਨੇ ਦਿਖਾ ਕੀਤਾ ਇਹ ਕਾਰਾ

Tuesday, May 28, 2019 - 12:45 PM (IST)

ਖੁਦ ਨੂੰ ਸਿੰਗਲ ਦੱਸ ''ਟਿੰਡਰ ਐਪ'' ਜ਼ਰੀਏ ਲੜਕੀ ਨੂੰ ਫਸਾਇਆ, ਵਿਆਹ ਦੇ ਸੁਪਨੇ ਦਿਖਾ ਕੀਤਾ ਇਹ ਕਾਰਾ

ਜਲੰਧਰ (ਜ.ਬ.)— ਟਿੰਡਰ ਐਪ (ਡੇਟਿੰਗ ਐਪ) 'ਤੇ 25 ਸਾਲਾ ਅਧਿਆਪਕਾ ਨੂੰ ਵਿਆਹੁਤਾ ਵਿਅਕਤੀ ਨੇ ਖੁਦ ਨੂੰ ਸਿੰਗਲ ਦੱਸ ਕੇ ਆਪਣੇ ਪ੍ਰੇਮ ਜਾਲ 'ਚ ਫਸਾ ਲਿਆ ਤੇ ਬਾਅਦ 'ਚ ਵਿਆਹ ਦਾ ਝਾਂਸਾ ਦੇ ਕੇ 4 ਮਹੀਨਿਆਂ ਤੱਕ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। ਅਧਿਆਪਕਾ ਨੂੰ ਜਦੋਂ ਪ੍ਰੇਮੀ ਦੇ ਵਿਆਹੁਤਾ ਹੋਣ ਅਤੇ ਉਸ ਦੇ 2 ਬੱਚੇ ਹੋਣ ਦੀ ਗੱਲ ਪਤਾ ਲੱਗੀ ਤਾਂ ਉਸ ਨੇ ਪੁਲਸ 'ਚ ਸ਼ਿਕਾਇਤ ਦਿੱਤੀ। ਪੁਲਸ ਨੇ ਕਾਰਵਾਈ ਕਰਦਿਆਂ 2 ਬੱਚਿਆਂ ਦੇ ਪਿਤਾ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਅਧਿਆਪਕਾ ਨੇ ਦੱਸਿਆ ਕਿ ਫਰਵਰੀ 2019 'ਚ ਟਿੰਡਰ ਐਪ 'ਤੇ ਉਸ ਦੀ ਦੋਸਤੀ ਪਰਮਿੰਦਰ ਸਿੰਘ ਉਰਫ ਸੰਨੀ ਵਾਸੀ ਨਜ਼ਦੀਕ ਜਲਿਆਂਵਾਲਾ ਬਾਗ ਅੰਮ੍ਰਿਤਸਰ ਨਾਲ ਹੋਈ ਸੀ। ਸੰਨੀ ਨੇ ਉਸ ਨੂੰ ਕਿਹਾ ਸੀ ਕਿ ਉਹ ਸਿੰਗਲ ਹੈ, ਜਦਕਿ ਉਸ ਨੇ ਆਪਣੀ ਉਮਰ ਵੀ ਘੱਟ ਦੱਸੀ ਸੀ। ਸੰਨੀ ਨੇ ਗੱਲਾਂ-ਗੱਲਾਂ 'ਚ ਅਧਿਆਪਕਾ ਨੂੰ ਆਪਣੇ ਪ੍ਰੇਮ ਜਾਲ 'ਚ ਫਸਾ ਲਿਆ ਅਤੇ ਉਸ ਨੂੰ ਵਿਆਹ ਦੇ ਸੁਪਨੇ ਦਿਖਾਉਣ ਲੱਗਾ।
ਅਧਿਆਪਕਾ ਦਾ ਦੋਸ਼ ਹੈ ਕਿ ਸੰਨੀ ਜਲੰਧਰ ਆ ਕੇ ਉਸ ਨੂੰ ਹੋਟਲ 'ਚ ਮਿਲਦਾ ਸੀ ਅਤੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। ਕੁਝ ਸਮਾਂ ਪਹਿਲਾਂ ਹੀ ਉਸ ਨੂੰ ਕਿਤੋਂ ਪਤਾ ਲੱਗਾ ਕਿ ਸੰਨੀ ਵਿਆਹਿਆ ਹੋਇਆ ਹੈ ਅਤੇ ਉਸ ਦੇ 2 ਬੱਚੇ ਵੀ ਹਨ। ਉਸ ਨੇ ਸੰਨੀ ਨਾਲ ਜਦੋਂ ਗੱਲ ਕੀਤੀ ਤਾਂ ਉਹ ਟਾਲ-ਮਟੋਲ ਕਰਨ ਲੱਗਾ। ਬਾਅਦ 'ਚ ਮੁਲਜ਼ਮ ਨੇ ਫੋਨ ਉਠਾਉਣਾ ਬੰਦ ਕਰ ਦਿੱਤਾ। ਜਦੋਂ ਵੀ ਫੋਨ ਉਠਾਉਂਦਾ ਤਾਂ ਧਮਕੀਆਂ ਦੇ ਕੇ ਫੋਨ ਕੱਟ ਦਿੰਦਾ ਸੀ।
ਅਧਿਆਪਕਾ ਨੇ ਕਿਸੇ ਤਰ੍ਹਾਂ ਆਪਣੇ ਪਰਿਵਾਰ ਵਾਲਿਆਂ ਨੂੰ ਸਾਰੀ ਗੱਲ ਦੱਸੀ, ਜਿਸ ਤੋਂ ਬਾਅਦ ਪੁਲਸ 'ਚ ਸ਼ਿਕਾਇਤ ਦਿੱਤੀ ਗਈ। ਥਾਣਾ ਨੰ. 7 ਦੇ ਮੁਖੀ ਨਵੀਨ ਪਾਲ ਨੇ ਦੱਸਿਆ ਕਿ ਸਾਰੇ ਸਬੂਤ ਦੇਖਣ 'ਤੇ ਉਨ੍ਹਾਂ ਨੇ ਸੰਨੀ ਖਿਲਾਫ ਕੇਸ ਦਰਜ ਕਰ ਲਿਆ ਹੈ। ਟਰੈਪ ਲਾ ਕੇ ਉਸ ਨੂੰ ਅੰਮ੍ਰਿਤਸਰ ਤੋਂ ਕਾਬੂ ਕਰ ਲਿਆ ਗਿਆ ਹੈ। ਸੰਨੀ ਨੂੰ ਮੰਗਲਵਾਰ ਸਵੇਰੇ ਪੁਲਸ ਕੋਰਟ 'ਚ ਪੇਸ਼ ਕਰੇਗੀ। ਉਸ ਨੇ ਪੁਲਸ ਸਾਹਮਣੇ ਕਬੂਲਿਆ ਹੈ ਕਿ ਉਸ ਨੇ ਅਧਿਆਪਕਾ ਨਾਲ ਧੋਖਾ ਕੀਤਾ ਹੈ।


author

shivani attri

Content Editor

Related News