ਟਿਕਰੀ ਸਰਹੱਦ ਤੋਂ ਘਰ ਪਰਤਦੇ ਸਮੇਂ ਪਿੰਡ ਹੇੜੀਕੇ ਦੀ ਕਿਸਾਨ ਬੀਬੀ ਨੇ ਰਸਤੇ 'ਚ ਤੋੜਿਆ ਦਮ

Saturday, Apr 17, 2021 - 03:51 PM (IST)

ਸ਼ੇਰਪੁਰ (ਸਿੰਗਲਾ): ਕੇਂਦਰ ਸਰਕਾਰ ਵੱਲੋਂ ਲਗਾਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਦਿੱਲੀ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ । ਜਿਸ ਤਹਿਤ ਪਿੰਡਾਂ ’ਚੋਂ ਕਿਸਾਨਾਂ ਵੱਲੋਂ ਆਪਣੀਆਂ ਹਫ਼ਤਾ ਵਾਰੀ  ਡਿਊਟੀਆਂ ਅਨੁਸਾਰ ਧਰਨੇ ਵਿੱਚ ਸ਼ਮੂਲੀਅਤ ਕੀਤੀ ਜਾਂਦੀ ਹੈ। ਜਿਸ ਦੇ ਤਹਿਤ ਕਸਬਾ ਸ਼ੇਰਪੁਰ ਤੋਂ ਨੇੜਲੇ ਪਿੰਡ ਹੇੜੀਕੇ ਦੀ ਕਿਸਾਨ ਔਰਤ ਮਨਜੀਤ ਕੌਰ ਵਲੋਂ ਟਿਕਰੀ ਬਾਰਡਰ ਤੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ ਸੀ । ਪਰ ਲੰਘੀ ਰਾਤ ਟਿਕਰੀ ਬਾਰਡਰ ਤੋਂ ਵਾਪਸ ਪਿੰਡ ਹੇੜੀਕੇ ਆਉਂਦੇ ਸਮੇਂ ਉਨ੍ਹਾਂ ਦੀ ਰਸਤੇ ਵਿੱਚ ਹੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। 

ਇਹ ਵੀ ਪੜ੍ਹੋ:  ਚਿੱਟੇ ਤੋਂ ਲੈ ਕੇ ਅਫ਼ੀਮ ਤੱਕ ਕਰਦਾ ਸੀ ਸਾਰੇ ਨਸ਼ੇ, ਇੰਝ ਖ਼ਹਿੜਾ ਛੁਡਾ ਬਣਾਈ ਜ਼ਬਰਦਸਤ ਬਾਡੀ (ਵੀਡੀਓ)

ਬੀਬੀ ਮਨਜੀਤ ਕੌਰ ਹੇੜੀਕੇ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸ਼ੇਰਪੁਰ ਵੱਲੋਂ ਕਾਤਰੋਂ ਚੌਕ ਸ਼ੇਰਪੁਰ ਵਿਖੇ ਧਰਨਾ ਦਿੰਦੇ ਹੋਏ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਹੇੜੀਕੇ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਬੀਬੀ ਮਨਜੀਤ ਕੌਰ (55) ਪਤਨੀ ਸਵ. ਸੁਖਦੇਵ ਸਿੰਘ ਪਿੰਡ ਹੇੜੀਕੇ ਟਿਕਰੀ ਬਾਰਡਰ ਤੇ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਗਏ ਸਨ। ਜਿੱਥੇ ਮਨਜੀਤ ਕੌਰ ਦੀ ਸਿਹਤ ਖ਼ਰਾਬ ਹੋ ਗਈ ਅਤੇ ਬੀਤੀ ਰਾਤ ਪਿੰਡ ਵਾਪਸੀ ਸਮੇਂ ਉਨ੍ਹਾਂ ਦੀ ਰਸਤੇ ਵਿੱਚ ਮੌਤ ਹੋ ਗਈ।

ਇਹ ਵੀ ਪੜ੍ਹੋ: ਫ਼ਰੀਦਕੋਟ ਤੋਂ ਵੱਡੀ ਖ਼ਬਰ: ਸੌਂ ਰਹੇ ਵਿਅਕਤੀ ਦਾ ਸਿਰ ਵੱਢ ਕੇ ਨਾਲ ਲੈ ਗਏ ਕਾਤਲ

ਮ੍ਰਿਤਕ ਮਨਜੀਤ ਕੌਰ ਦੀ ਲਾਸ਼ ਨੂੰ ਕਾਤਰੋਂ ਚੌਕ ਵਿੱਚ ਰੱਖ ਕੇ ਪਰਿਵਾਰ ਵਾਲਿਆਂ ਤੇ ਜਥੇਬੰਦੀਆਂ ਵੱਲੋਂ ਧਰਨਾ ਲਗਾ ਕੇ ਮੋਦੀ ਸਰਕਾਰ ਤੇ ਕੈਪਟਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਮੰਗ ਕੀਤੀ ਗਈ ਕਿ ਮ੍ਰਿਤਕ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਮੁਆਫ ਕਰਕੇ ਪਰਿਵਾਰ ਵਾਲਿਆਂ ਨੂੰ 10 ਲੱਖ ਦਾ ਮੁਆਵਜ਼ਾ ’ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਇਹ ਬੀਬੀ ਇਕ ਛੋਟੇ ਕਿਸਾਨ ਪਰਿਵਾਰ ਨਾਲ ਸਬੰਧਤ ਬੀਬੀ ਸੀ। ਜਿਸ ਦੇ ਪਤੀ ਦੀ ਕੁਝ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਾਜਰ ਸਿੰਘ ਠੁੱਲੀਵਾਲ , ਇਕਾਈ ਪ੍ਰਧਾਨ ਰੁਲਦੂ ਸਿੰਘ ਹੇਡ਼ੀਕੇ , ਭੀਮ ਸਿੰਘ ਹੇੜੀਕੇ, ਬੂਟਾ ਸਿੰਘ ਗੰਡੇਵਾਲ, ਬਲਵਿੰਦਰ ਸਿੰਘ ਕਾਲਾਬੂਲਾ ਨੇ ਸੰਬੋਧਨ ਕੀਤਾ।ਧਰਨੇ ਦੌਰਾਨ ਪੁੱਜੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪਰਿਵਾਰ ਤੇ ਕਿਸਾਨ ਜਥੇਬੰਦੀਆਂ ਨੂੰ ਭਰੋਸਾ ਦਿਵਾਇਆ ਗਿਆ ਕਿ ਮ੍ਰਿਤਕ ਦੀ ਬਣਦੀ ਮਦਦ ਲਈ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਜਾਵੇਗਾ। ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਦੀ ਸਮਾਪਤੀ ਕਰ ਦਿੱਤੀ ਗਈ।

ਇਹ ਵੀ ਪੜ੍ਹੋ: 100 ਰੁਪਏ ਨੇ ਬਦਲੀ ਦਿਹਾੜੀਦਾਰ ਦੀ ਜ਼ਿੰਦਗੀ, ਰਾਤੋ-ਰਾਤ ਬਣਿਆ ਕਰੋੜਪਤੀ


Shyna

Content Editor

Related News