ਫਾਜ਼ਿਲਕਾ : ਸਰਹੱਦ ਨਾਲ ਲੱਗਦੇ ਪਿੰਡ ਬਾਰੇਕਾ ਤੇ ਰੂਪਨਗਰ ਵਿਖੇ ਟਿੱਡੀ ਦਲ ਦਾ ਹਮਲਾ

Wednesday, May 06, 2020 - 06:00 PM (IST)

ਫਾਜ਼ਿਲਕਾ : ਸਰਹੱਦ ਨਾਲ ਲੱਗਦੇ ਪਿੰਡ ਬਾਰੇਕਾ ਤੇ ਰੂਪਨਗਰ ਵਿਖੇ ਟਿੱਡੀ ਦਲ ਦਾ ਹਮਲਾ

ਫਾਜ਼ਿਲਕਾ (ਨਾਗਪਾਲ): ਭਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਬਾਰੇਕਾ ਅਤੇ ਰੂਪਨਗਰ ਵਿਖੇ ਟਿੱਡੀ ਦਲ ਵਲੋਂ ਹਮਲਾ ਕਰ ਦੇਣ ਦੀ ਸੁਚਨਾ ਮਿਲੀ ਹੈ। ਇਸ ਦੀ ਸੂਚਨਾ ਮਿਲਦਿਆਂ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਨੇ ਤੁਰੰਤ ਮੌਕੇ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਇਜ਼ਾ ਲੈਣ ਲਈ ਭੇਜਿਆ। ਤਹਿਸੀਲਦਾਰ ਪਵਨ ਗੁਲਾਟੀ, ਨਾਇਬ ਤਹਿਸਲੀਦਾਰ ਵਿਜੈ ਬਹਿਲ, ਬਲਾਕ ਖੇੜੀਬਾੜੀ ਅਫ਼ਸਰ ਅਤੇ ਪਟਵਾਰੀ ਰਾਕੇਸ਼ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਟਿੱਡੀਆਂ ’ਤੇ ਕੀਟਨਾਸ਼ਕ ਸਪਰੇਅ ਕਰਵਾਈ। ਇਸ ਮੁਹਿੰਮ ਦੌਰਾਨ ਮਹਿੰਦਰ ਸਿੰਘ ਭੋੋਭੀਆ ਸਾਬਕਾ ਸਰਪੰਚ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਬਣਦਾ ਸਹਿਯੋਗ ਕੀਤਾ। ਸਮੁੱਚੀ ਟੀਮ ਵਲੋਂ 50 ਤੋਂ ਵਧੇਰੇ ਦਰੱਖਤਾਂ ’ਤੇ ਬੈਠੇ ਟਿੱਡੀ ਦਲ ਨੂੰ ਫਾਇਰ ਬ੍ਰਿਗੇਡ ਦੇੇ ਦੋੋੋ ਇੰਜਨਾਂ ਨਾਲ ਸਪਰੇਅ ਕਰਕੇ ਸਫਾਇਆ ਕਰ ਦਿੱਤਾ।

ਇਸ ਮਾਮਲੇ ਦੇ ਸਬੰਧ ’ਚ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਤਹਿਸੀਲਦਾਰ ਗੁਲਾਟੀ ਨੇ ਦੱਸਿਆ ਕਿ ਫਰਵਰੀ ਮਹੀਨੇ ਵਿਚ ਵੀ ਟਿੱਡੀ ਦਲ ਨੇ ਕਈ ਵਾਰ ਸਰਹੱਦ ਨੇੜੇ ਪਿੰਡਾਂ ਵਿਚ ਫਸਲਾਂ ’ਤੇ ਹਮਲਾ ਕੀਤਾ ਸੀ ਪਰ ਪ੍ਰਸ਼ਾਸਨ ਦੀ ਪਹਿਲਕਦਮੀ ਨਾਲ ਕੀਟਨਾਸ਼ਕ ਸਪਰੇਅ ਕਰਦਿਆਂ ਫਸਲਾਂ ਦੀ ਰਾਖੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਹੁਣ 13 ਅਪ੍ਰੈਲ ਤੋੋਂ ਪਾਕਿਸਤਾਨ ਵਾਲੇ ਪਾਸਿਓ ਤਾਰੋੋਂ ਪਾਰ ਟਿੱਡੀ ਦਲ ਦੇ ਅੰਡਿਆਂ ਤੋੋਂ ਬੱਚੇ ਨਿਕਲ ਕੇ ਬਾਰੇਕਾਂ ਪਿੰਡ ਦੇ ਖੇਤਾਂ ਵਿਚ ਪੁੱਜ ਰਹੇ ਸਨ। ਜਿਨ੍ਹਾਂ ’ਤੇ ਹਰ ਰੋੋਜ ਸਪਰੇਅ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਦੋਵੇਂ ਪਿੰਡਾਂ ਅੰਦਰ 5 ਮੈਂਬਰੀ ਟੀਮ ਟਿੱਡੀ ਦਲ ਦੇ ਹਮਲੇ ਤੋਂ ਫਸਲਾਂ ਨੂੰ ਸੁਰੱਖਿਅਤ ਰੱਖਣ ਲਈ ਤਾਇਨਾਤ ਕੀਤੀ ਗਈ ਹੈ, ਜੋ ਹਰ ਸਮੇਂ ਨਜ਼ਰਸਾਨੀ ਰੱਖ ਰਹੀ ਹੈ। ਇਸ ਤੋਂ ਇਲਾਵਾ ਟਿੱਡੀ ਦਲ ਕੰਟਰੋਲ ਸੈਂਟਰ ਸੂਰਤਗੜ੍ਹ ਦੀ ਟੀਮ ਟਿੱਡੀ ਦਲ ਦੇ ਹਮਲੇ ਨੂੰ ਰੋਕਣ ਲਈ ਪਹਿਲਾ ਤੋਂ ਕਾਰਜਸ਼ੀਲ ਹੈ।


author

rajwinder kaur

Content Editor

Related News