ਪ੍ਰਜਨਣ ਲਈ ਅਨਕੂਲ ਪ੍ਰਸਥਿਤੀਆਂ ਕਾਰਨ ਇਸ ਵਾਰ ਵੱਡੇ ਟਿੱਡੀ ਹਮਲੇ ਦਾ ਖ਼ਤਰਾ

Friday, May 29, 2020 - 09:55 AM (IST)

ਪ੍ਰਜਨਣ ਲਈ ਅਨਕੂਲ ਪ੍ਰਸਥਿਤੀਆਂ ਕਾਰਨ ਇਸ ਵਾਰ ਵੱਡੇ ਟਿੱਡੀ ਹਮਲੇ ਦਾ ਖ਼ਤਰਾ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਇਸ ਵੇਲੇ ਜਦੋਂ ਸਮੁੱਚੇ ਪੱਛਮੀ ਅਤੇ ਉੱਤਰ–ਪੱਛਮੀ ਭਾਰਤ ’ਚ ਟਿੱਡੀ ਦਲ ਘੁੰਮ ਰਹੇ ਹਨ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ (ਡੀ.ਏ.ਸੀ. ਐਂਡ ਐੱਫ਼.ਡਬਲਿਊ) ਨੇ ਰਾਜਸਥਾਨ, ਪੰਜਾਬ, ਗੁਜਰਾਤ ਤੇ ਮੱਧ ਪ੍ਰਦੇਸ਼ ਜਿਹੇ ਪ੍ਰਭਾਵਿਤ ਰਾਜਾਂ ਵਿੱਚ ਟਿੱਡੀ ਦਲਾਂ ਉੱਤੇ ਕਾਬੂ ਪਾਉਣ ਲਈ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ। ਛੋਟੀਆਂ ਟਿੱਡੀਆਂ ਦੇ ਦਲ ਰਾਜਸਥਾਨ ਦੇ ਬਾੜਮੇਰ, ਜੋਧਪੁਰ, ਨਾਗੌਰ, ਬੀਕਾਨੇਰ, ਗੰਗਾਨਗਰ, ਹਨੂਮਾਨਗੜ੍ਹ, ਸੀਕਰ, ਜੈਪੁਰ ਜ਼ਿਲ੍ਹਿਆਂ ਅਤੇ ਮੱਧ ਪ੍ਰਦੇਸ਼ ਦੇ ਸਤਨਾ, ਗਵਾਲੀਅਰ, ਸੀਧੀ, ਰਾਜਗੜ੍ਹ, ਬੈਤੁਲ, ਦੇਵਾਸ, ਅਗਰ ਮਾਲਵਾ ਜ਼ਿਲ੍ਹਿਆਂ ਵਿੱਚ ਸਰਗਰਮ ਪਾਏ ਗਏ।

ਇਸ ਵੇਲੇ ਟਿੱਡੀ ਦਲਾਂ ਉੱਤੇ ਕਾਬੂ ਪਾਉਣ ਲਈ 200 ਸਰਕਲ ਦਫ਼ਤਰ (ਐੱਲ.ਸੀ.ਓ.) ਪ੍ਰਭਾਵਿਤ ਰਾਜਾਂ ਦੇ ਜ਼ਿਲ੍ਹਾ ਪ੍ਰਸ਼ਾਸਨਾਂ ਤੇ ਖੇਤੀਬਾੜੀ ਨਾਲ ਜੁੜੀ ਫ਼ੀਲਡ ਮਸ਼ੀਨਰੀ ਦੇ ਨੇੜਲੇ ਤਾਲਮੇਲ ਨਾਲ ਕੰਮ ਕਰ ਰਹੇ ਹਨ। ਰਾਜਸਥਾਨ ’ਚ 21 ਜ਼ਿਲ੍ਹਿਆਂ, ਮੱਧ ਪ੍ਰਦੇਸ਼ ਦੇ 18 ਜ਼ਿਲ੍ਹਿਆਂ, ਪੰਜਾਬ ਦੇ ਇੱਕ ਜ਼ਿਲ੍ਹੇ ਤੇ ਗੁਜਰਾਤ ਦੇ ਦੋ ਜ਼ਿਲ੍ਹਿਆਂ ਵਿੱਚ ਟਿੱਡੀ ਦਲਾਂ ਉੱਤੇ ਕਾਬੂ ਪਾਉਣ ਲਈ ਕਦਮ ਚੁੱਕੇ ਗਏ ਹਨ। ਨਿਰਧਾਰਤ ਰੇਗਿਸਤਾਨੀ ਇਲਾਕਿਆਂ ਤੋਂ ਅਗਾਂਹ ਟਿੱਡੀ ਦਲਾਂ ਉੱਤੇ ਪ੍ਰਭਾਵਸ਼ਾਲੀ ਤਰੀਕੇ ਕਾਬੂ ਪਾਉਣ ਲਈ ਰਾਜਸਥਾਨ ਦੇ ਅਜਮੇਰ, ਚਿਤੌੜਗੜ੍ਹ ਤੇ ਦੌਸਾ ਅਤੇ ਮੱਧ ਪ੍ਰਦੇਸ਼ ਦੇ ਮੰਦਸੌਰ, ਉੱਜੈਨ ਤੇ ਸ਼ਿਵਪੁਰੀ ਅਤੇ ਉੱਤਰ ਪ੍ਰਦੇਸ਼ ਦੇ ਝਾਂਸੀ ’ਚ ਅਸਥਾਈ ਕੈਂਪ ਸਥਾਪਤ ਕੀਤੇ ਗਏ ਹਨ।

ਗੁਲਾਬੀ ਟਿੱਡੀ
ਆਮ ਤੌਰ ’ਤੇ ਟਿੱਡੀ ਦਲ ਗਰਮੀਆਂ ਦੇ ਮੌਸਮ ਦੌਰਾਨ ਮੌਨਸੂਨ ਸ਼ੁਰੂ ਹੋਣ ਦੇ ਨਾਲ ਜੂਨ/ਜੁਲਾਈ ਦੇ ਮਹੀਨੇ ’ਚ ਬੱਚੇ ਦੇ ਕੇ ਪਾਕਿਸਤਾਨ ਦੇ ਰਸਤੇ ਭਾਰਤ ਦੇ ਅਨੁਸੂਚਿਤ ਰੇਗਿਸਤਾਨੀ ਇਲਾਕੇ ਵਿੱਚ ਦਾਖ਼ਲ ਹੁੰਦੇ ਹਨ। ਪਰ ਇਸ ਵਰ੍ਹੇ ਟਿੱਡੀਆਂ ਦੇ ਝੁੰਡ ਤੇ ਗੁਲਾਬੀ ਦਲ ਬਹੁਤ ਪਹਿਲਾਂ ਆ ਗਏ ਹਨ 11 ਅਪ੍ਰੈਲ, 2020 ਤੋਂ ਟਿੱਡੀਆਂ ਅਤੇ 30 ਅਪ੍ਰੈਲ, 2020 ਤੋਂ ਟਿੱਡੀਆਂ ਦੇ ਗੁਲਾਬੀ ਬਾਲਗ਼ ਬੱਚੇ ਰਾਜਸਥਾਨ ਤੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਵਿਖਾਈ ਦੇਣ ਲੱਗ ਪਏ ਸਨ। ਟਿੱਡੀਆਂ ਦੇ ਗੁਲਾਬੀ ਬਾਲਗ਼ ਬੱਚੇ ਬਹੁਤ ਉੱਚੇ ਉੱਡਦੇ ਹਨ ਤੇ ਦਿਨ ਵੇਲੇ ਪਾਕਿਸਤਾਨ ਵਾਲੇ ਪਾਸਿਓਂ ਆਉਂਦੀਆਂ ਪੱਛਮ ਦੀਆਂ ਤੇਜ਼ ਹਵਾਵਾਂ ਨਾਲ ਬਹੁਤ ਲੰਮੀ ਦੂਰੀ ਤਹਿ ਕਰ ਕੇ ਇੱਕ ਤੋਂ ਦੂਜੀ ਥਾਂ ’ਤੇ ਚਲੇ ਜਾਂਦੇ ਹਨ।

PunjabKesari

ਟਿੱਡੀ ਪ੍ਰਵਾਭਿਤ ਦੇਸ਼ਾਂ ਦੀ ਮੀਟਿੰਗ
11 ਮਾਰਚ, 2020 ਨੂੰ ਦੱਖਣ–ਪੱਛਮੀ ਏਸ਼ੀਆਈ ਦੇਸ਼ਾਂ ਵਿੱਚ ਰੇਗਿਸਤਾਨੀ ਟਿੱਡੀਆਂ ਬਾਰੇ ਇੱਕ ਉੱਚ–ਪੱਧਰੀ ਹਕੀਕੀ (ਵਰਚੁਅਲ) ਬੈਠਕ ਭਾਰਤ ’ਚ ਐੱਫ਼.ਏ.ਓ ਪ੍ਰਤੀਨਿਧ ਦੇ ਦਫ਼ਤਰ ਵਿੱਚ ਕੀਤੀ ਗਈ ਸੀ। ਚਾਰ ਮੇਂਬਰ ਦੇਸ਼ਾਂ (ਅਫ਼ਗ਼ਾਨਿਸਤਾਨ, ਭਾਰਤ, ਈਰਾਨ ਤੇ ਪਾਕਿਸਤਾਨ) ਦੇ ਪ੍ਰਤੀਨਿਧਾਂ ਅਤੇ ਐੱਫ਼.ਏ.ਓ, ਰੋਮ ਦੇ ਪਲਾਂਟ ਪ੍ਰੋਟੈਕਸ਼ਨ ਡਿਵੀਜ਼ਨ ਨੇ ਵੀ ਇਸ ਮੀਟਿੰਗ ਵਿੱਚ ਭਾਗ ਲਿਆ ਸੀ। ਤਦ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਮੈਂਬਰ ਦੇਸ਼ਾਂ ਦੇ ਤਕਨੀਕੀ ਅਧਿਕਾਰੀ ਹਰੇਕ ਸੋਮਵਾਰ ਨੂੰ ਸਕਾਈਪ ਰਾਹੀਂ ਵਰਚੁਅਲ ਬੈਠਕਾਂ ਕਰਿਆ ਕਰਨਗੇ ਅਤੇ ਉਸ ਲੜੀ ਵਿੱਚ ਹੁਣ ਤੱਕ ਨੌਂ ਬੈਠਕਾਂ ਕੀਤੀਆਂ ਗਈਆਂ ਹਨ। ਟਿੱਡੀ ਦਲਾਂ ਦੇ ਹਮਲੇ ਤੇ ਫ਼ਸਲਾਂ ਵਾਲੇ ਖੇਤਰ ਵਿੱਚ ਟਿੱਡੀ ਦਲਾਂ ਉੱਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਕਾਬੂ ਪਾਉਣ ਲਈ ਵਰਤੇ ਜਾਣ ਵਾਲੇ ਕੀਟ–ਨਾਸ਼ਕਾਂ ਬਾਰੇ ਰਾਜਸਥਾਨ, ਗੁਜਰਾਤ, ਹਰਿਆਣਾ ਤੇ ਪੰਜਾਬ ਰਾਜਾਂ ਨੂੰ ਸਲਾਹਾਂ ਵੀ ਜਾਰੀ ਕੀਤੀਆਂ ਗਈਆਂ ਸਨ।

ਸਰਕਾਰ ਦੁਆਰਾ ਵਰਤੀਆਂ ਜਾਣ ਵਾਲੀਆਂ ਤਕਨੀਕਾਂ ਅਤੇ ਖਰਚ
ਟਿੱਡੀ ਦਲਾਂ ਉੱਤੇ ਪ੍ਰਭਾਵਸ਼ਾਲੀ ਤਰੀਕੇ ਕਾਬੂ ਲਈ ਕੀਟ–ਨਾਸ਼ਕਾਂ ਦੇ ਛਿੜਕਾਅ ਲਈ 89 ਫ਼ਾਇਰ ਬ੍ਰਿਗੇਡਜ਼, 120 ਸਰਵੇਖਣ ਵਾਹਨ, ਛਿੜਕਾਅ ਵਾਲੇ ਉਪਕਰਣਾਂ ਨਾਲ ਲੈਸ 47 ਕੰਟਰੋਲ ਵਾਹਨ ਅਤੇ 810 ਟਰੈਕਟਰਾਂ ਉੱਤੇ ਫ਼ਿੱਟ ਸਪਰੇਅਰਜ਼ ਤੈਨਾਤ ਕੀਤੇ ਗਏ ਹਨ। ਟਿੱਡੀ ਕੰਟਰੋਲ ਦਫ਼ਤਰਾਂ ਵਿੱਚ 21 ਮਾਈਕਰੋਨੇਅਰ ਅਤੇ 26 ਉਲਵਾਮਾਸਟ ਅਤੇ 47 ਸਪਰੇਅ ਉਪਕਰਣ ਹਨ, ਜਿਨ੍ਹਾਂ ਦਾ ਉਪਯੋਗ ਟਿੱਡੀਆਂ ਨੂੰ ਕੰਟਰੋਲ ਕਰਨ ਲਈ ਕੀਤਾ ਜਾ ਰਿਹਾ ਹੈ। ਖੇਤੀਬਾੜੀ ਮੰਤਰੀ ਸ਼੍ਰੀ ਤੋਮਰ ਦੀ ਪ੍ਰਵਾਨਗੀ ’ਤੇ ਵਾਧੂ 26 ਸਪਰੇਅਰਾਂ ਦੀ ਸਪਲਾਈ ਦੇ ਆਰਡਰ ਮੈਸਰਜ ਮਾਇਕਰੋਨ, ਯੂਨਾਈਟਿਡ ਕਿੰਗਡਮ ਨੂੰ ਦਿੱਤੇ ਹੋਏ ਹਨ। ਪੈਨਲ ਵਿੱਚ ਸ਼ਾਮਲ ਏਜੰਸੀਆਂ ਲਈ ਈ-ਟੈਂਡਰ ਮੰਗੇ ਗਏ ਹਨ ਤਾਂ ਕਿ ਉਹ ਲੰਬੇ ਦਰੱਖਤਾਂ ਅਤੇ ਬਿਨਾਂ ਪਹੁੰਚ ਵਾਲੇ ਖੇਤਰਾਂ ’ਤੇ ਪ੍ਰਭਾਵੀ ਕੰਟਰੋਲ ਲਈ ਕੀਟਨਾਸ਼ਕਾਂ ਦੇ ਹਵਾਈ ਛਿੜਕਾਅ ਲਈ ਡਰੋਨ ਦੀਆਂ ਸੇਵਾਵਾਂ ਪ੍ਰਦਾਨ ਕਰ ਸਕਣ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ 21 ਮਈ ਨੂੰ ਟਿੱਡੀ ਵਿਰੋਧੀ ਅਪਰੇਸ਼ਨ ਲਈ ਰਿਮੋਟ ਨਾਲ ਕੰਟਰੋਲ ਏਅਰਕ੍ਰਾਫਟ ਸਿਸਟਮ ਦੇ ਉਪਯੋਗ ਲਈ ਸਰਕਾਰੀ ਇਕਾਈ (ਡੀ.ਪੀ.ਪੀ.ਕਿਊ.ਐੱਸ.) ਨੂੰ ਸ਼ਰਤਾਂ ਤਹਿਤ ਛੋਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਆਦੇਸ਼ ਅਨੁਸਾਰ ਟਿੱਡੀਆਂ ਦੇ ਕੰਟਰੋਲ ਲਈ ਕੀਟਨਾਸ਼ਕਾਂ ਦੇ ਛਿੜਕਾਅ ਲਈ ਡਰੋਨ ਦੇ ਉਪਯੋਗ ਲਈ ਟੈਂਡਰ ਰਾਹੀਂ ਦੋ ਫਰਮਾਂ ਨੂੰ ਚੁਣਿਆ ਗਿਆ ਹੈ।

ਇਸ ਦਰਮਿਆਨ ਕੰਟਰੋਲ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਵਾਧੂ 55 ਵਾਹਨਾਂ ਦੀ ਖਰੀਦ ਲਈ ਸਪਲਾਈ ਆਰਡਰ ਦਿੱਤੇ ਗਏ ਹਨ। ਟਿੱਡੀਆਂ ਨੂੰ ਕੰਟਰੋਲ ਕਰਨ ਵਾਲੇ ਸੰਗਠਨਾਂ ਨਾਲ ਕੀਟਨਾਸ਼ਕਾਂ ਦਾ ਉਚਿਤ ਸਟਾਕ (53,000 ਲੀਟਰ ਮੈਲਾਥਿਅਨ) ਬਣਾ ਕੇ ਰੱਖਿਆ ਜਾ ਸਕੇ। ਖੇਤੀਬਾੜੀ ਦੇ ਮਸ਼ੀਨੀਕਰਨ ਦੇ ਉਪ ਮਿਸ਼ਨ ਅਧੀਨ ਰਾਜਸਥਾਨ ਵਿੱਚ 2.86 ਕਰੋੜ ਰੁਪਏ ਦੀ ਲਾਗਤ ਨਾਲ 800 ਟਰੈਕਟਰ ਮਾਊਂਟਡ ਸਪਰੇਅ ਉਪਕਰਣਾਂ ਦੀ ਸਹਾਇਤਾ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸਦੇ ਇਲਾਵਾ ਆਰਕੇਵੀਵਾਈ ਤਹਿਤ ਰਾਜਸਥਾਨ ਲਈ ਵਾਹਨਾਂ, ਟਰੈਕਟਰਾਂ ਦੀ ਖਰੀਦ ਅਤੇ ਕੀਟਨਾਸ਼ਕਾਂ ਦੀ ਖਰੀਦ ਲਈ 14 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ। ਆਰਕੇਵੀਵਾਈ ਤਹਿਤ ਗੁਜਰਾਤ ਲਈ ਵਾਹਨਾਂ ਦੀ ਖਰੀਦ ਲਈ ਸਪਰੇਅ ਉਪਕਰਣ, ਸੇਫਟੀ ਯੂਨੀਫਾਰਮ, ਐਂਡਰਿਆਡ ਐਪਲੀਕੇਸ਼ਨ ਅਤੇ ਸਿਖਲਾਈ ਲਈ 1.80 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

PunjabKesari

ਰਾਜਸਥਾਨ ਦੇ ਕਿਸਾਨ
ਰਾਜਸਥਾਨ ਵਿੱਚ ਕਈ ਥਾਵਾਂ ’ਤੇ ਖੇਤੀਬਾੜੀ ਵਿਭਾਗ ਟਿੱਡੀ ਦਲ ਨੂੰ ਰੋਕਣ ਲਈ ਸਪਰੇਹਾਂ ਕਰ ਰਿਹਾ ਹੈ। ਇਸ ਦੇ ਨਾਲ ਹੀ ਕੁਝ ਕਿਸਾਨ ਜਿਨ੍ਹਾਂ ਦੀਆਂ ਫ਼ਸਲਾਂ ਟਿੱਡੀ ਦਲਾਂ ਨੇ ਖਰਾਬ ਕੀਤੀਆਂ ਉਹ ਵਿਭਾਗ ਤੋਂ ਨਾਖੁਸ਼ ਹਨ। ਜਿਵੇਂ ਕਿ ਹਨੂਮਾਨਗੜ੍ਹ ਜ਼ਿਲ੍ਹੇ ਦੇ ਕਾਹਨੇਵਾਲਾ ਪਿੰਡ ਦੇ ਕਿਸਾਨਾਂ ਦੀ ਨਰਮੇ ਦੀ ਫਸਲ ਬਿਲਕੁਲ ਖ਼ਰਾਬ ਹੋ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਵਿਭਾਗ ਸਿਰਫ ਜਾਣਕਾਰੀ ਦਿੰਦਾ ਹੈ ਟਿੱਡੀਆਂ ਨੂੰ ਖ਼ਤਮ ਕਰਨ ਲਈ ਕੋਈ ਕੰਮ ਨਹੀਂ ਕਰ ਰਿਹਾ ਕਿਸਾਨ ਫ਼ਸਲ ਦੀ ਖਰਾਬੀ ਦਾ ਜ਼ਿੰਮੇਵਾਰ ਖੇਤੀਬਾੜੀ ਵਿਭਾਗ ਨੂੰ ਠਹਿਰਾ ਰਹੇ ਹਨ।

 ਇਸ ਵਾਰ ਟਿੱਡੀ ਦਲ ਹਮਲੇ ਦਾ ਡਰ ਕਿਊਂ ?
ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫ.ਏ.ਓ.) ਦੇ ਟਿੱਡੀ ਸਥਿਤੀ ਅੱਪਡੇਟ ਅਨੁਸਾਰ ਪੂਰਬੀ ਅਫ਼ਰੀਕਾ ਵਿੱਚ ਮੌਜੂਦਾ ਸਥਿਤੀ ਬੇਹੱਦ ਚਿੰਤਾਜਨਕ ਹੈ, ਜਿੱਥੇ ਭੋਜਨ ਸੁਰੱਖਿਆ ਅਤੇ ਜੀਵਕਾ ਲਈ ਅਣਕਿਆਸਿਆ ਖਤਰਾ ਪੈਦਾ ਹੋ ਗਿਆ ਹੈ। ਇਨ੍ਹਾਂ ਦੇ ਨਵੇਂ ਝੁੰਡ ਗਰਮੀਆਂ ਦੇ ਪ੍ਰਜਣਨ ਲਈ ਭਾਰਤ-ਪਾਕਿਸਤਾਨ ਸਰਹੱਦ ਦੇ ਦੋਵੇਂ ਪਾਸਿਆਂ ਦੇ ਨਾਲ-ਨਾਲ ਸੁਡਾਨ ਅਤੇ ਪੱਛਮੀ ਅਫ਼ਰੀਕਾ ਵਿੱਚ ਜਾਣਗੇ। ਜਿਵੇਂ-ਜਿਵੇਂ ਵਨਸਪਤੀ ਸੁੱਕਦੀ ਜਾਵੇਗੀ, ਇਨ੍ਹਾਂ ਦੇ ਹੋਰ ਸਮੂਹ ਅਤੇ ਝੁੰਡ ਬਣ ਜਾਣਗੇ ਅਤੇ ਭਾਰਤ-ਪਾਕਿਸਤਾਨ ਸਰਹੱਦ ਦੇ ਦੋਵੇਂ ਪਾਸੇ ਗਰਮੀਆਂ ਦੇ ਪ੍ਰਜਣਨ ਖੇਤਰਾਂ ਵਿੱਚ ਜਾਣਗੇ। ਭਾਰਤ-ਪਾਕਿਸਤਾਨ ਸਰਹੱਦ ’ਤੇ ਜੂਨ ਦੇ ਪਹਿਲੇ ਅੱਧ ਦੌਰਾਨ ਚੰਗੀ ਵਰਖਾ ਦਾ ਅਨੁਮਾਨ ਹੈ, ਜੋ ਇਨ੍ਹਾਂ ਨੂੰ ਅੰਡੇ ਦੇਣ ਵਿੱਚ ਸਹਾਈ ਹੋਵੇਗਾ।

ਸੰਸਾਰ ਵਿੱਚ ਟਿੱਡੀ ਦਲ ਦੇ ਖ਼ਤਰੇ ਅਧੀਨ ਇਲਾਕਾ
ਟਿੱਡੀ ਇੱਕ ਸਰਵਾਹਾਰੀ ਅਤੇ ਪਰਵਾਸੀ ਕੀਟ ਹੈ ਅਤੇ ਇਸ ਵਿੱਚ ਸਮੂਹਿਕ ਰੂਪ ਨਾਲ ਸੈਂਕੜੇ ਕਿਲੋਮੀਟਰ ਉੱਡਣ ਦੀ ਸਮਰੱਥਾ ਹੈ। ਇਹ ਇੱਕ ਟਰਾਂਸ-ਬਾਰਡਰ ਕੀਟ ਹੈ ਅਤੇ ਵੱਡੇ ਝੁੰਡ ਵਿੱਚ ਫਸਲਾਂ ’ਤੇ ਹਮਲਾ ਕਰਦਾ ਹੈ। ਇਹ ਕੀਟ ਅਫ਼ਰੀਕਾ, ਮੱਧ ਪੂਰਬ ਅਤੇ ਏਸ਼ੀਆ ਵਿੱਚ ਪਾਏ ਜਾਣ ਵਾਲੇ 60 ਦੇਸ਼ਾਂ ਵਿੱਚ ਰਹਿੰਦਾ ਹੈ ਅਤੇ ਧਰਤੀ ਦੇ ਪੰਜਵੇਂ ਜ਼ਮੀਨੀ ਹਿੱਸੇ ਨੂੰ ਕਵਰ ਕਰ ਸਕਦੇ ਹਨ। ਰੇਗਿਸਤਾਨੀ ਟਿੱਡੀ ਦੀ ਮੁਸੀਬਤ ਦੁਨੀਆ ਦੀ ਮਨੁੱਖੀ ਅਬਾਦੀ ਦੇ ਦਸਵੇਂ ਹਿੱਸੇ ਦੀ ਆਰਥਿਕ ਜੀਵਕਾ ਲਈ ਖਤਰਾ ਹੋ ਸਕਦੀ ਹੈ। ਰੇਗਿਸਤਾਨ ਵਿੱਚ ਟਿੱਡੀਆਂ ਦੇ ਝੁੰਡ ਗਰਮੀ ਦੇ ਮੌਨਸੂਨ ਦੇ ਮੌਸਮ ਦੌਰਾਨ ਅਫ਼ਰੀਕਾ/ਖਾੜੀ/ਦੱਖਣੀ ਪੱਛਮੀ ਏਸ਼ੀਆ ਤੋਂ ਭਾਰਤ ਆਉਂਦੇ ਹਨ ਅਤੇ ਬਹਾਰ ਦੇ ਮੌਸਮ ਦੇ ਪ੍ਰਜਣਨ ਲਈ ਇਰਾਨ, ਖਾੜੀ ਅਤੇ ਅਫ਼ਰੀਕੀ ਦੇਸ਼ਾਂ ਵੱਲ ਵਾਪਸ ਜਾਂਦੇ ਹਨ।

ਪੰਜਾਬ ਖੇਤੀਬਾੜੀ ਵਿਭਾਗ

PunjabKesari
ਇਸ ਬਾਰੇ ਜਗਬਾਣੀ ਨਾਲ ਗੱਲ ਕਰਦਿਆਂ ਖੇਤੀਬਾੜੀ ਅਫਸਰ ਕਮ ਨੋਡਲ ਅਫ਼ਸਰ ਟਿੱਡੀ ਦਲ ਭੁਪਿੰਦਰ ਕੁਮਾਰ ਤੋਂ ਮਿਲੀ ਜਾਣਕਾਰੀ ਅਨੁਸਾਰ 26 ਮਈ ਨੂੰ ਟਿੱਡੀ ਦਲ ਗੰਗਾਨਗਰ ਜ਼ਿਲ੍ਹੇ ਵਿੱਚ ਰਾਏ ਸਿੰਘ ਨਗਰ ਆਇਆ, ਜਿਸ ਨੂੰ ਕੁਝ ਹੱਦ ਤੱਕ ਕਾਬੂ ਕੀਤਾ ਗਿਆ ਤੇ ਬਾਕੀ ਸਵੇਰੇ 27 ਮਈ ਧੁੱਪ ਚੜ੍ਹਦੇ ਉੱਡ ਕੇ ਅਨੂਪਗੜ੍ਹ ਵੱਲ ਚਲਾ ਗਿਆ। ਉਸ ਤੋਂ ਬਾਅਦ ਤਹਿਸੀਲ ਸਦੁਲਪੁਰ ਦੇ ਪਿੰਡਾਂ ਵਿੱਚ ਦੇਖਿਆ ਗਿਆ ਹੈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਹਨੂਮਾਨਗੜ੍ਹ ਜ਼ਿਲ੍ਹੇ ਵਿੱਚ ਲੀਲਾਂ ਵਾਲੀ ਪਿੰਡ ਕੋਲ ਟਿੱਡੀਆਂ ਦੇਖੀਆਂ ਗਈਆਂ ਹਨ, ਜੋ ਪੰਜਾਬ ਦੀ ਸਰਹੱਦ ਤੋਂ ਲਗਭਗ 60 ਕਿਲੋਮੀਟਰ ਦੂਰ ਹੈ। ਉਨ੍ਹਾਂ ਕਿਹਾ ਕਿ ਜੇਕਰ ਹਵਾ ਦਾ ਰੁੱਖ ਪੰਜਾਬ ਵੱਲ ਹੁੰਦਾ ਹੈ ਤਾਂ ਇਹ ਟਿੱਡੀ ਦਲ ਇਧਰ ਵੀ ਆ ਸਕਦੇ ਹਨ। ਇਸ ਲਈ ਕਿਸਾਨਾਂ ਨੂੰ ਵੀ ਚੌਕਸ ਰਹਿਣ ਦੀ ਲੋੜ ਹੈ। ਜੇਕਰ ਉਹ ਕੋਈ ਵੀ ਟਿੱਡੀ ਦਲ ਦੀ ਹਰਕਤ ਦੇਖਦੇ ਹਨ ਤਾਂ ਤੁਰੰਤ ਕਿਸੇ ਵੀ ਸਰਕਾਰੀ ਵਿਭਾਗ ਨੂੰ ਜਾਣਕਾਰੀ ਦੇਣ।


author

rajwinder kaur

Content Editor

Related News