ਕਾਂਗਰਸ ਹਾਈਕਮਾਨ ਦੇ 3-3 ਸਰਵੇ ਰਿਪੋਰਟਾਂ ਦੇ ਆਧਾਰ ’ਤੇ ਟਿਕਟਾਂ ਦੀ ਵੰਡ ਦੇ ਦਾਅਵਿਆਂ ਨੇ ਠੱਗੇ ਕਈ ਦਾਅਵੇਦਾਰ

Sunday, Jan 16, 2022 - 01:39 PM (IST)

ਕਾਂਗਰਸ ਹਾਈਕਮਾਨ ਦੇ 3-3 ਸਰਵੇ ਰਿਪੋਰਟਾਂ ਦੇ ਆਧਾਰ ’ਤੇ ਟਿਕਟਾਂ ਦੀ ਵੰਡ ਦੇ ਦਾਅਵਿਆਂ ਨੇ ਠੱਗੇ ਕਈ ਦਾਅਵੇਦਾਰ

ਜਲੰਧਰ (ਚੋਪੜਾ)– 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਦਰਜ ਕਰਨ ਵਾਲੇ ਵਿਧਾਇਕਾਂ ਦੀ ਪਰਫਾਰਮੈਂਸ ਦੇ ਆਧਾਰ ’ਤੇ 2022 ਦੀਆਂ ਚੋਣਾਂ ਵਿਚ ਟਿਕਟਾਂ ਵੰਡਣ ਲਈ ਪਿਛਲੇ 3-4 ਮਹੀਨਿਆਂ ਤੋਂ ਕਾਂਗਰਸ ਹਾਈਕਮਾਨ ਸਰਵੇ ਕਰਵਾਉਣ ਵਿਚ ਲੱਗੀ ਹੋਈ ਸੀ, ਹਾਲਾਂਕਿ ਹਰੇਕ ਸੀਟ ’ਤੇ 3-3 ਸਰਵੇ ਕਰਵਾਉਣ ਦੇ ਕਈ ਸੀਨੀਅਰ ਆਗੂਆਂ ਵੱਲੋਂ ਲਗਾਤਾਰ ਵੱਡੇ-ਵੱਡੇ ਦਾਅਵੇ ਕਰਦਿਆਂ ਕਿਹਾ ਜਾ ਰਿਹਾ ਸੀ ਕਿ ਸਰਵੇ ਰਿਪੋਰਟਾਂ ਦੇ ਆਧਾਰ ’ਤੇ ਹੀ ਉਮੀਦਵਾਰਾਂ ਦੇ ਨਾਂ ’ਤੇ ਮੋਹਰ ਲਾਈ ਜਾਵੇਗੀ। ਇਸ ਤੋਂ ਇਲਾਵਾ ਜਿਹੜੇ ਵਿਧਾਇਕਾਂ ਦੀ ਪਰਫਾਰਮੈਂਸ ਠੀਕ ਨਹੀਂ ਹੋਵੇਗੀ, ਉਨ੍ਹਾਂ ਦੀ ਟਿਕਟ ਕੱਟੀ ਜਾਵੇਗੀ।

ਲੈਂਡ-ਸੈਂਡ ਅਤੇ ਨਸ਼ਿਆਂ ਸਮੇਤ ਹੋਰ ਧੰਦਿਆਂ ’ਚ ਜੇਕਰ ਕੋਈ ਵਿਧਾਇਕ ਸ਼ਾਮਲ ਪਾਇਆ ਗਿਆ ਤਾਂ ਉਸ ਨੂੰ ਵੀ ਚੋਣਾਂ ਤੋਂ ਦੂਰ ਰੱਖਿਆ ਜਾਵੇਗਾ। ਅਜਿਹੇ ਸਰਵੇ ਕਰਵਾਉਣ ਅਤੇ ਪਰਫਾਰਮੈਂਸ ਦੇ ਆਧਾਰ ’ਤੇ ਟਿਕਟ ਦੇਣ ਦੀਆਂ ਹਾਈਕਮਾਨ ਦੀਆਂ ਡੀਂਗਾਂ ਸੁਣ ਕੇ ਹਰੇਕ ਹਲਕੇ ਵਿਚ ਕਾਂਗਰਸ ਦੇ ਕਈ ਸੈਕਿੰਡ ਲਾਈਨ ਆਗੂਆਂ ਨੇ ਟਿਕਟ ਹਾਸਲ ਕਰਨ ਲਈ ਜੱਦੋ-ਜਹਿਦ ਸ਼ੁਰੂ ਕਰ ਦਿੱਤੀ ਸੀ ਅਤੇ ਉਹ ਜ਼ਿਲ੍ਹੇ ਤੋਂ ਲੈ ਕੇ ਸੂਬਾ ਪੱਧਰ ਤੱਕ ਹਾਈਕਮਾਨ ਵੱਲੋਂ ਤਾਇਨਾਤ ਕੀਤੇ ਆਬਜ਼ਰਵਰਾਂ ਅਤੇ ਸਰਵੇ ਟੀਮਾਂ ਦੀ ਦਿਨ-ਰਾਤ ਖੁਸ਼ਾਮਦ ਕਰਨ ਅਤੇ ਵਿਧਾਇਕਾਂ ਦੀਆਂ ਖ਼ੀਮੀਆਂ ਨੂੰ ਸਬੂਤਾਂ ਸਮੇਤ ਪੇਸ਼ ਕਰਨ ਵਿਚ ਲੱਗੇ ਰਹੇ।

ਇਹ ਵੀ ਪੜ੍ਹੋ: 'ਆਪ' 'ਤੇ ਰੰਧਾਵਾ ਦਾ ਵੱਡਾ ਹਮਲਾ, ਕਿਹਾ-ਕੇਜਰੀਵਾਲ ਬਾਹਰਲੇ ਵਿਅਕਤੀ, ਪੰਜਾਬੀਅਤ ਦੀ ਹੋਂਦ ਖ਼ਤਰੇ ’ਚ ਨਹੀਂ ਪਵੇਗੀ

ਟਿਕਟ ਹਾਸਲ ਕਰਨ ਦੇ ਇੱਛੁਕ ਆਗੂਆਂ ਨੂੰ ਉਮੀਦ ਸੀ ਕਿ ਉਨ੍ਹਾਂ ਵੱਲੋਂ ਸਬੰਧਤ ਹਲਕਿਆਂ ਵਿਚ ਵਿਧਾਇਕ ਦੀ ਕਾਰਗੁਜ਼ਾਰੀ ਦੀ ਜ਼ਮੀਨੀ ਹਕੀਕਤ ਪੇਸ਼ ਕਰਨ ਤੋਂ ਬਾਅਦ ਸ਼ਾਇਦ ਉਨ੍ਹਾਂ ਦੀ ਲਾਟਰੀ ਲੱਗ ਜਾਵੇ। ਹਾਲਾਂਕਿ ਖ਼ੁਦ ਆਬਜ਼ਰਵਰ ਅਤੇ ਸਰਵੇ ਟੀਮ ਦੱਬੀ ਜ਼ੁਬਾਨ ਵਿਚ ਦਾਅਵਾ ਕਰਦੀ ਰਹੀ ਕਿ ਜਲੰਧਰ ਨਾਲ ਸਬੰਧਤ 2 ਹਲਕਾ ਵਿਧਾਇਕਾਂ ਦੀ ਖਰਾਬ ਪਰਫਾਰਮੈਂਸ ਕਾਰਨ ਉਨ੍ਹਾਂ ਦੀ ਟਿਕਟ ਕੱਟਣੀ ਲਗਭਗ ਤੈਅ ਮੰਨੀ ਜਾ ਰਹੀ ਹੈ। ਵਰਣਨਯੋਗ ਹੈ ਕਿ ਸਰਵੇ ਟੀਮਾਂ ਅਤੇ ਆਬਜ਼ਰਵਰਾਂ ਵੱਲੋਂ ਟਿਕਟ ਦਿਵਾਉਣ ਦੇ ਨਾਂ ’ਤੇ ਕਈ ਕਾਂਗਰਸੀ ਆਗੂਆਂ ਕੋਲੋਂ ਲੱਖਾਂ ਰੁਪਏ ਭੋਟਣ ਦੀਆਂ ਖਬਰਾਂ ਵੀ ਚਰਚਾ ਵਿਚ ਬਣੀਆਂ ਰਹੀਆਂ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਕਈ ਸੀਨੀਅਰ ਆਗੂ ਕਹਿੰਦੇ ਆਏ ਹਨ ਕਿ ਮੁੱਖ ਮੰਤਰੀ ਅਤੇ ਸੂਬਾ ਪ੍ਰਧਾਨ ਤੋਂ ਲੈ ਕੇ ਕਿਸੇ ਵੀ ਵਿਧਾਇਕ ਦੀ ਟਿਕਟ ਨੂੰ ਪੱਕਾ ਨਾ ਸਮਝਿਆ ਜਾਵੇ। ਅਜਿਹੇ ਹੀ ਸ਼ਬਦਾਂ ਨਾਲ ਇਨ੍ਹਾਂ ਗੱਲਾਂ ਨੂੰ ਬਲ ਮਿਲਿਆ ਕਿ 2022 ਦੀਆਂ ਚੋਣਾਂ ਵਿਚ ਸੂਬੇ ਅੰਦਰ 20 ਦੇ ਲਗਭਗ ਵਿਧਾਇਕਾਂ ਦੀ ਟਿਕਟ ਕੱਟਣੀ ਤੈਅ ਹੈ ਪਰ ਜਿਸ ਤਰ੍ਹਾਂ ਕਾਂਗਰਸ ਹਾਈਕਮਾਨ ਨੇ ਅੱਜ ਪਹਿਲੀ ਸੂਚੀ ਜਾਰੀ ਕਰਨ ਦੌਰਾਨ ਜਲੰਧਰ ਦੇ ਸਾਰੇ ਵਿਧਾਇਕਾਂ ਤੋਂ ਇਲਾਵਾ ਆਦਮਪੁਰ ਤੋਂ ਸੁਖਵਿੰਦਰ ਸਿੰਘ ਕੋਟਲੀ ਅਤੇ ਫਿਲੌਰ ਹਲਕੇ ਤੋਂ ਚੋਣ ਹਾਰ ਚੁੱਕੇ ਵਿਕਰਮਜੀਤ ਸਿੰਘ ਚੌਧਰੀ ਨੂੰ ਟਿਕਟ ਦਿੱਤੀ ਹੈ, ਉਸ ਨਾਲ ਪਿਛਲੇ ਕਈ ਮਹੀਨਿਆਂ ਤੋਂ ਚੋਣ ਲੜਨ ਲਈ ਜੱਦੋ-ਜਹਿਦ ਕਰ ਰਹੇ ਦਾਅਵੇਦਾਰ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।

ਇਨ੍ਹਾਂ ਦਾਅਵੇਦਾਰਾਂ ਵਿਚ ਸ਼ਾਮਲ ਕੁਝ ਆਗੂਆਂ ਨੇ ਖੁੱਲ੍ਹ ਕੇ ਬੋਲਣ ਤੋਂ ਪ੍ਰਹੇਜ਼ ਕਰਦਿਆਂ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਭਾਵੇਂ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ ਪਰ ਕਾਂਗਰਸ ਹਾਈਕਮਾਨ ਅਤੇ ਸਰਵੇ ਟੀਮਾਂ ਵੱਲੋਂ ਉਨ੍ਹਾਂ ਨੂੰ ਦਿਖਾਏ ਸਬਜ਼ਬਾਗ ਆਖਿਰ ਕੁਝ ਤਾਂ ਰੰਗ ਵਿਖਾਉਣਗੇ। ਉਕਤ ਆਗੂਆਂ ਦਾ ਮੰਨਣਾ ਹੈ ਕਿ ਇਨ੍ਹਾਂ ਦਾਅਵੇਦਾਰਾਂ ਤੋਂ ਕਈ ਆਗੂ ਹੁਣ ਵਿਰੋਧੀ ਪਾਰਟੀਆਂ ਨਾਲ ਸੰਪਰਕ ਬਣਾਉਣ ਵਿਚ ਜੁਟ ਗਏ ਹਨ। ਜੋ ਵੀ ਹੋਵੇ ਕਾਂਗਰਸੀ ਉਮੀਦਵਾਰਾਂ ਨੂੰ ਵਿਰੋਧੀਆਂ ਨਾਲ ਸਿਆਸੀ ਲੜਾਈ ਦੇ ਨਾਲ-ਨਾਲ ਹੁਣ ਟਿਕਟ ਦੀ ਲਾਈਨ ਵਿਚ ਲੱਗੇ ਦਾਅਵੇਦਾਰਾਂ ਦੀ ਫੌਜ ਨੂੰ ਮਨਾਉਣ ਲਈ ਵੀ ਕਾਫ਼ੀ ਜੱਦੋ-ਜਹਿਦ ਕਰਨੀ ਪਵੇਗੀ।

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਕੀਤੇ ਸਿੱਖਾਂ ਦੇ ਮਸਲੇ ਹੱਲ: ਯਾਦਵਿੰਦਰ ਬੁੱਟਰ

ਆਬਜ਼ਰਵਰਾਂ ਅਤੇ ਸਰਵੇ ਟੀਮ ’ਤੇ ਵਿਧਾਇਕਾਂ ਨਾਲ ਗੰਢ-ਸੰਢ ਦੇ ਲੱਗਣ ਲੱਗੇ ਦੋਸ਼
ਕਾਂਗਰਸ ਦੀ ਸੂਚੀ ਜਾਰੀ ਹੋਣ ਉਪਰੰਤ ਇਕ ਔਰਤ ਅਤੇ ਨੌਜਵਾਨ ਦਾਅਵੇਦਾਰ ਨੇ ਆਬਜ਼ਰਵਰਾਂ ਅਤੇ ਸਰਵੇ ਟੀਮ ’ਤੇ ਵਿਧਾਇਕਾਂ ਨਾਲ ਗੰਢ-ਸੰਢ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਆਬਜ਼ਰਵਰਾਂ ਅਤੇ ਸਰਵੇ ਟੀਮ ਵੱਲੋਂ ਉਨ੍ਹਾਂ ਨਾਲ ਦਰਜਨਾਂ ਮੀਟਿੰਗਾਂ ਕਰ ਕੇ ਹਲਕੇ ਵਿਚ ਵਿਧਾਇਕ ਦੀ ਪਰਫਾਰਮੈਂਸ ਤੋਂ ਲੈ ਕੇ ਚੱਲ ਰਹੇ ਨਾਜਾਇਜ਼ ਕਾਰੋਬਾਰਾਂ ਸਬੰਧੀ ਅਨੇਕ ਸਬੂਤ ਅਤੇ ਰਿਪੋਰਟਾਂ ਹਾਸਲ ਕੀਤੀਆਂ ਗਈਆਂ ਸਨ ਪਰ ਹੁਣ ਲੱਗਣ ਲੱਗਾ ਹੈ ਕਿ ਉਕਤ ਟੀਮਾਂ ਦੇ ਮੈਂਬਰ ਉਨ੍ਹਾਂ ਕੋਲੋਂ ਜਾਣਕਾਰੀ ਲੈ ਕੇ ਲਗਾਤਾਰ ਵਿਧਾਇਕਾਂ ਨੂੰ ਦਿੰਦੇ ਆ ਰਹੇ ਹਨ। ਕਈ ਵਾਰ ਤਾਂ ਉਨ੍ਹਾਂ ਨੂੰ ਸ਼ੱਕ ਵੀ ਹੋਇਆ ਕਿ ਹਲਕੇ ਵਿਚ ਵਿਧਾਇਕਾਂ ਵੱਲੋਂ ਵਰਕਰਾਂ ਦੀ ਅਣਦੇਖੀ ਅਤੇ ਹੋਰ ਕਮਜ਼ੋਰੀਆਂ ਸਬੰਧੀ ਜਿਹੜੀਆਂ ਗੱਲਾਂ ਆਬਜ਼ਰਵਰਾਂ ਨਾਲ ਹੁੰਦੀਆਂ ਸਨ, ਉਹ ਸਾਰੀਆਂ ਵਿਧਾਇਕਾਂ ਤੱਕ ਪਹੁੰਚ ਜਾਂਦੀਆਂ ਸਨ ਪਰ ਅੱਜ ਜਦੋਂ ਸੂਚੀ ਜਾਰੀ ਹੋਈ ਤਾਂ ਉਨ੍ਹਾਂ ਦਾ ਸ਼ੱਕ ਯਕੀਨ ਵਿਚ ਬਦਲ ਗਿਆ ਕਿ ਆਬਜ਼ਰਵਰਾਂ ਅਤੇ ਸਰਵੇ ਰਿਪੋਰਟਾਂ ਦੀ ਆੜ ਵਿਚ ਜ਼ਿਲ੍ਹੇ ਭਰ ਦੇ ਵਰਕਰਾਂ ਦੀਆਂ ਅੱਖਾਂ ਵਿਚ ਲਗਾਤਾਰ ਘੱਟਾ ਪਾਇਆ ਜਾਂਦਾ ਰਿਹਾ ਹੈ।

ਇਹ ਵੀ ਪੜ੍ਹੋ: ਚੋਣਾਂ ਨੂੰ ਲੈ ਕੇ ਐਕਸ਼ਨ 'ਚ DGP, ਨਸ਼ੇ ਨੂੰ ਠੱਲ੍ਹਣ ਲਈ ਬਾਕੀ ਸੂਬਿਆਂ ਦੀ ਪੁਲਸ ਨੂੰ ਵੀ ਤਾਲਮੇਲ ਬਣਾਉਣ ਦਾ ਸੱਦਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News