ਥ੍ਰੀ-ਵ੍ਹੀਲਰ ’ਚ ਸਵਾਰੀਆਂ ਤੋਂ ਦਾਤਰ ਦੀ ਨੋਕ ’ਤੇ ਲੁੱਟ-ਖੋਹ ਕਰਨ ਵਾਲੇ ਪਿਓ-ਪੁੱਤ ਚੜ੍ਹੇ ਪੁਲਸ ਅੜਿੱਕੇ

02/07/2023 11:34:35 PM

ਲੁਧਿਆਣਾ (ਅਨਿਲ) : ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਗਲਤ ਅਨਸਰਾਂ ਖ਼ਿਲਾਫ਼ ਛੇੜੀ ਮੁਹਿੰਮ ਤਹਿਤ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਥ੍ਰੀ-ਵ੍ਹੀਲਰ ’ਚ ਸਵਾਰੀਆਂ ਲੁੱਟਣ ਵਾਲੇ ਪਿਓ-ਪੁੱਤ ਨੂੰ ਗ੍ਰਿਫ਼ਤਾਰ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜੁਆਇੰਟ ਪੁਲਸ ਕਮਿਸ਼ਨਰ ਸੌਮਿਆ ਮਿਸ਼ਰਾ, ਏਡੀਸੀਪੀ ਰੁਪਿੰਦਰ ਕੌਰ ਸਰਾਂ ਤੇ ਏਸੀਪੀ ਨਾਰਥ ਮਨਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਥਾਣਾ ਸਲੇਮ ਟਾਬਰੀ ਦੇ ਮੁਖੀ ਹਰਜੀਤ ਸਿੰਘ ਨੂੰ ਮੁਖ਼ਬਰ ਖਾਸ ਨੇ ਸੂਚਨਾ ਦਿੱਤੀ ਸੀ ਕਿ ਇਕ ਥ੍ਰੀ-ਵ੍ਹੀਲਰ ’ਚ ਸਵਾਰ 2 ਵਿਅਕਤੀ ਜੋ ਸਵਾਰੀਆਂ ਨੂੰ ਹਥਿਆਰ ਦੀ ਨੋਕ ’ਤੇ ਲੁੱਟਦੇ ਹਨ, ਘੰਟਾਘਰ ਵੱਲੋਂ ਜਲੰਧਰ ਬਾਈਪਾਸ ਚੌਕ ਵੱਲ ਥ੍ਰੀ-ਵ੍ਹੀਲਰ ਵਿੱਚ ਆ ਰਹੇ ਹਨ।

ਇਹ ਵੀ ਪੜ੍ਹੋ : ਬਿੱਲ ਨਾ ਭਰਨ 'ਤੇ ਹੋਟਲ ਨੇ ਲਗਜ਼ਰੀ ਗੱਡੀਆਂ ਕੀਤੀਆਂ ਜ਼ਬਤ, 19 ਲੱਖ ਦੀ ਭਰਪਾਈ ਲਈ ਹੋਵੇਗੀ ਨਿਲਾਮੀ

ਇਸ ’ਤੇ ਥਾਣਾ ਮੁਖੀ ਨੇ ਤੁਰੰਤ ਕਾਰਵਾਈ ਕਰਦਿਆਂ ਜਲੰਧਰ ਬਾਈਪਾਸ ਚੌਕ ’ਚ ਸਪੈਸ਼ਲ ਨਾਕਾਬੰਦੀ ਕਰ ਲਈ ਅਤੇ ਇਸੇ ਦੌਰਾਨ ਇਕ ਥ੍ਰੀ-ਵ੍ਹੀਲਰ ਨੂੰ ਚੈਕਿੰਗ ਲਈ ਰੋਕਿਆ, ਜਿਸ ਵਿੱਚ ਇਕ ਨੌਜਵਾਨ ਥ੍ਰੀ-ਵ੍ਹੀਲਰ ਚਲਾ ਰਿਹਾ ਸੀ ਅਤੇ ਇਕ ਵਿਅਕਤੀ ਪਿੱਛੇ ਬੈਠਾ ਹੋਇਆ ਸੀ। ਜਦੋਂ ਪੁਲਸ ਨੇ ਉਨ੍ਹਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਥ੍ਰੀ-ਵ੍ਹੀਲਰ ’ਚੋਂ ਇਕ ਦਾਤਰ ਬਰਾਮਦ ਹੋਇਆ, ਜਿਸ ਤੋਂ ਬਾਅਦ ਜਦੋਂ ਪੁਲਸ ਨੇ ਦੋਵਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਰਿਸ਼ਤੇ ’ਚ ਪਿਓ-ਪੁੱਤ ਹਨ, ਜੋ ਰਾਤ ਸਮੇਂ ਆਪਣੇ ਥ੍ਰੀ-ਵ੍ਹੀਲਰ 'ਚ ਸਵਾਰੀ ਬਿਠਾ ਲੈਂਦੇ ਹਨ ਤੇ ਫਿਰ ਉਸ ਨੂੰ ਸੁੰਨਸਾਨ ਜਗ੍ਹਾ ’ਤੇ ਦਾਤਰ ਨਾਲ ਡਰਾ ਕੇ ਉਸ ਤੋਂ ਨਕਦੀ ਅਤੇ ਫੋਨ ਲੁੱਟ ਲੈਂਦੇ ਹਨ।

ਪੁਲਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀ ਪਛਾਣ ਮੰਗਤ ਸਿੰਘ ਪੁੱਤਰ ਸੌਦਾਗਰ ਸਿੰਘ ਅੰਮ੍ਰਿਤਸਰ ਹਾਲ ਵਾਸੀ ਰਾਹੋਂ ਰੋਡ ਮਿਹਰਬਾਨ ਤੇ ਉਸ ਦੇ ਬੇਟੇ ਰੋਹਿਤ ਦੇ ਰੂਪ ਵਿੱਚ ਦੱਸੀ। ਪੁਲਸ ਨੇ ਦੋਵੇਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸਲੇਮ ਟਾਬਰੀ ’ਚ ਪਰਚਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ, ਟਰੈਕਟਰ-ਟਰਾਲੀ ਦੀ ਲਪੇਟ 'ਚ ਆਉਣ ਕਾਰਨ ਵਾਪਰੀ ਘਟਨਾ

ਕਿਰਾਏ ਦੇ ਮਕਾਨ ’ਚ ਲੁਕੋ ਕੇ ਰੱਖੇ ਸਨ ਲੁੱਟ ਦੇ ਮੋਬਾਈਲ

ਜੁਆਇੰਟ ਪੁਲਸ ਕਮਿਸ਼ਨਰ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਕੇਸ ਦਰਜ ਕਰਨ ਤੋਂ ਬਾਅਦ ਥਾਣਾ ਮੁਖੀ ਹਰਜੀਤ ਸਿੰਘ ਦੀ ਟੀਮ ਨੇ ਜਦੋਂ ਮੁਲਜ਼ਮਾਂ ਦੇ ਕਿਰਾਏ ਦੇ ਮਕਾਨ ਦੀ ਤਲਾਸ਼ੀ ਲਈ ਤਾਂ ਉਕਤ ਲੋਕਾਂ ਨੇ ਘਰ ’ਚ ਕੱਪੜੇ ਰੱਖਣ ਵਾਲੇ ਟਰੰਕ ’ਚੋਂ 15 ਮੋਬਾਈਲ ਬਰਾਮਦ ਕੀਤੇ। ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ 1 ਫਰਵਰੀ ਨੂੰ ਸ਼ੇਰਪੁਰ ਚੌਕ ’ਚ ਇਕ ਵਿਅਕਤੀ ਤੋਂ ਮੋਬਾਈਲ ਲੁੱਟਿਆ ਸੀ ਤੇ 15 ਦਿਨ ਪਹਿਲਾਂ ਆਰਤੀ ਚੌਕ ’ਚ ਇਕ ਵਿਅਕਤੀ ਤੋਂ ਇਕ ਮੋਬਾਈਲ ਤੇ 500 ਰੁਪਏ ਲੁੱਟੇ ਸਨ। ਮੁਲਜ਼ਮ ਮੰਗਤ ਸਿੰਘ ਨਸ਼ਾ ਕਰਨ ਦਾ ਆਦੀ ਹੈ। ਏਸੀਪੀ ਮਨਿੰਦਰ ਬੇਦੀ ਨੇ ਦੱਸਿਆ ਕਿ ਅੱਜ ਦੋਵੇਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News