ਮੋਗਾ ਪੁਲਸ ਵਲੋਂ ਤਿੰਨ ਤਸਕਰ ਕਰੋੜਾਂ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ
Friday, Jun 10, 2022 - 06:06 PM (IST)
ਮੋਗਾ (ਗੋਪੀ ਰਾਊਕੇ) : ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਅੱਜ ਉਸ ਵੇਲੇ ਮੋਗਾ ਪੁਲਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਜਦ ਮੁਖਬਰ ਦੀ ਇਤਲਾਹ ’ਤੇ ਨਾਕਾਬੰਦੀ ਦੌਰਾਨ ਕਾਰ ਸਵਾਰ ਤਿੰਨ ਤਸਕਰਾਂ ਤੋਂ ਦੋ ਕਿੱਲੋ ਹੈਰੋਇਨ ਬਰਾਮਦ ਹੋਈ। ਇਸ ਸੰਬੰਦੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮੋਗਾ ਸੀ.ਆਈ.ਏ ਸਟਾਫ ਨੂੰ ਮੁਖਬਰ ਖਾਸ ਵੱਲੋਂ ਇਤਲਾਹ ਮਿਲੀ ਸੀ ਕਿ ਜਸਵੰਤ ਸਿੰਘ ਉਰਫ ਕਾਲਾ ਅਤੇ ਸੁਖਚੈਨ ਸਿੰਘ ਉਰਫ ਸੋਨੂੰ ਵਾਸੀ ਦੌਲੇਵਾਲਾ ਜ਼ਿਲ੍ਹਾ ਮੋਗਾ ਅਤੇ ਸਤਨਾਮ ਸਿੰਘ ਉਰਫ ਸੋਨੂੰ ਵਾਸੀ ਪਿੰਡ ਲਾਟੀਆਂ ਵਾਲਾ ਜ਼ਿਲ੍ਹਾ ਕਪੂਰਥਲਾ ਜੋ ਕਿ ਪਿੱਛਲੇ ਕਾਫੀ ਸਮੇਂ ਤੋਂ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ, ਉਹ ਅੱਜ ਆਪਣੀ ਕਾਰ ’ਤੇ ਸਵਾਰ ਹੋ ਕੇ ਭਾਰੀ ਮਾਤਰਾ ਵਿਚ ਹੈਰੋਇਨ ਲੈ ਕੇ ਭਗਤਾ ਭਾਈਕਾ ਸਾਈਡ ਤੋਂ ਲਿੰਕ ਸੜਕਾਂ ਰਾਹੀ ਪਿੰਡਾਂ ਵਿਚ ਹੁੰਦੇ ਹੋਏ ਬਾਘਾਪੁਰਾਣਾ ਨੂੰ ਆ ਰਹੇ ਸਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਸ਼ਾਮਲ ਇਕ ਹੋਰ ਸ਼ਾਰਪ ਸ਼ੂਟਰ ਗ੍ਰਿਫ਼ਤਾਰ
ਇਸ ਦੌਰਾਨ ਸੀ. ਆਈ. ਏ. ਸਟਾਫ ਵਲੋਂ ਮੁਸ਼ਤੈਦੀ ਦਿਖਾਉਂਦਿਆਂ ਭਗਤਾ ਭਾਈ ਰੋਡ ਬਾਘਾਪੁਰਾਣਾ ਨੇੜੇ ਸਥਿਤ ਪਿੰਡ ਥਰਾਜ ’ਤੇ ਨਾਕਾਬੰਦੀ ਕਰਕੇ ਤਿੰਨਾਂ ਨਸ਼ਾ ਤਸਕਰਾਂ ਨੂੰ ਸਮੇਤ ਕਾਰ ਕਾਬੂ ਕਰ ਲਿਆ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ 2 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਸੂਤਰਾਂ ਮਤਾਬਕ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 10 ਕਰੋੜ ਦੇ ਕਰੀਬ ਬਣਦੀ ਹੈ। ਐੱਸ. ਐੱਸ. ਪੀ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮੁਲਜ਼ਮਾਂ ਦੇ ਬੈਕਵਾਰਡ ਅਤੇ ਫਾਰਵਡ ਲਿੰਕ ਪਤਾ ਕਰਨ ਲਈ ਇਨ੍ਹਾਂ ਪਾਸੋਂ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਕੱਲ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਸ਼ਾਰਪ ਸ਼ੂਟਰ ‘ਮਹਾਕਾਲ’ ਪੁਣੇ ’ਚ ਗ੍ਰਿਫ਼ਤਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।