ਪਿਸਤੌਲ ਦੀ ਨੋਕ ''ਤੇ ਵਿਦਿਆਰਥੀਆਂ ਤੋਂ ਲੁੱਟ-ਖੋਹ ਕਰਨ ਵਾਲੇ 3 ਕਾਬੂ

09/06/2017 6:53:01 AM

ਫਗਵਾੜਾ, (ਜਲੋਟਾ)- ਫਗਵਾੜਾ ਸਦਰ ਪੁਲਸ ਦੀ ਟੀਮ ਨੇ ਬੀਤੇ ਦਿਨੀਂ ਪਿੰਡ ਖਜ਼ੂਰਲਾ ਦੇ ਪਾਸ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਪਿਸਤੌਲ ਦੀ ਨੋਕ 'ਤੇ 3 ਲੁਟੇਰਿਆਂ ਵਲੋਂ ਕੀਤੀ ਗਈ ਲੁੱਟ-ਖੋਹ ਦਾ ਪਰਦਾਫਾਸ਼ ਕਰ ਕੇ ਕਾਂਡ ਵਿਚ ਸ਼ਾਮਲ ਤਿੰਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ।
ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਨੇ ਐੱਸ. ਪੀ. ਫਗਵਾੜਾ ਪੀ. ਐੱਸ. ਭੰਡਾਲ ਦੀ ਮੌਜੂਦਗੀ ਵਿਚ ਦੱਸਿਆ ਕਿ ਫੜੇ ਗਏ 3 ਦੋਸ਼ੀਆਂ, ਜਿਨ੍ਹਾਂ ਦੀ ਪਛਾਣ ਅਮਿਤ ਸ਼ਰਮਾ ਪੁੱਤਰ ਅਸ਼ਵਨੀ ਕੁਮਾਰ ਸ਼ਰਮਾ ਵਾਸੀ ਮੁਹੱਲਾ ਕਿਸ਼ਨਪੁਰਾ ਪੁਲਸ ਥਾਣਾ ਡਵੀਜ਼ਨ ਨੰ. 3 ਜਲੰਧਰ, ਕੋਮਲ ਗਿੱਲ ਪੁੱਤਰ ਪੂਰਨ ਚੰਦ ਵਾਸੀ ਅੰਬੇਡਕਰ ਨਗਰ, ਚੁਗਿੱਟੀ ਪੁਲਸ ਥਾਣਾ ਰਾਮਾ ਮੰਡੀ ਜਲੰਧਰ ਤੇ ਕਿਸ਼ਨ ਨਾਰਾਇਣ ਉਰਫ ਕਰਣ ਪੁੱਤਰ ਸਤ ਨਾਰਾਇਣ ਵਾਸੀ ਥ੍ਰੀ ਸਟਾਰ ਪੈਰਾਡਾਈਜ਼ ਕਾਲੋਨੀ ਲੰਮਾ ਪਿੰਡ ਰੋਡ ਪੁਲਸ ਥਾਣਾ ਡਵੀਜ਼ਨ ਨੰ. 8 ਜਲੰਧਰ ਹੈ, ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਇਕ ਦੇਸੀ ਪਿਸਤੌਲ, ਇਕ ਜ਼ਿੰਦਾ ਕਾਰਤੂਸ ਤੇ ਵਾਰਦਾਤ ਦੇ ਸਮੇਂ ਵਰਤਿਆ ਗਿਆ ਮੋਟਰਸਾਈਕਲ ਅਤੇ 1700 ਰੁਪਏ ਨਕਦੀ ਬਰਾਮਦ ਕੀਤੀ ਹੈ। ਪੁਲਸ ਦੋਸ਼ੀਆਂ ਤੋਂ ਪੁੱਛਗਿਛ ਕਰ ਰਹੀ ਹੈ। ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਲਿਆ ਜਾ ਰਿਹਾ ਹੈ। ਇਨ੍ਹਾਂ ਤੋਂ ਵੱਡੇ ਖੁਲਾਸੇ ਹੋਣ ਦੀ ਸੰੰਭਾਵਨਾ ਬਰਕਰਾਰ ਹੈ। ਪੁਲਸ ਜਾਂਚ ਜਾਰੀ ਹੈ।
ਗ੍ਰੀਸ ਤੋਂ ਪਰਤਿਆ ਹੈ ਦੋਸ਼ੀ ਅਮਿਤ ਸ਼ਰਮਾ- ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਅਮਿਤ ਸ਼ਰਮਾ ਗ੍ਰੀਸ ਤੋਂ ਪਰਤਿਆ ਹੈ। ਤਿੰਨੋਂ ਦੋਸ਼ੀ ਘੱਟ ਪੜ੍ਹੇ-ਲਿਖੇ ਹਨ। ਇਨ੍ਹਾਂ ਦਾ ਮੁਖੀ ਕੋਮਲ ਗਿੱਲ ਹੈ, ਜਦ ਕਿ ਦੋਸ਼ੀ ਕਿਸ਼ਨ ਨਾਰਾਇਣ ਨੇ ਪਹਿਲੀ ਵਾਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।


Related News