ਰਾਤ ਸਮੇਂ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ
Tuesday, Aug 22, 2017 - 06:14 AM (IST)

ਪਟਿਆਲਾ,(ਬਲਜਿੰਦਰ)- ਰਾਤ ਦੇ ਸਮੇਂ ਡਰਾ-ਧਮਕਾ ਦੇ ਲਿੰਕ ਰੋਡਜ਼ 'ਤੇ ਲੁੱਟ-ਖੋਹ ਕਰਨ ਵਾਲੇ ਬੁਲਟ ਮੋਟਰਸਾਈਕਲ ਗਿਰੋਹ ਦੇ 3 ਮੈਂਬਰਾਂ ਨੂੰ ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਗਿਰੋਹ ਦਾ ਚੌਥਾ ਮੈਂਬਰ ਅਜੇ ਫਰਾਰ ਦੱਸਿਆ ਜਾ ਰਿਹਾ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਜਾਰੀ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਡਾ. ਐੱਸ. ਭੂਪਤੀ ਨੇ ਦੱਸਿਆ ਕਿ ਐੱਸ. ਪੀ. ਡੀ. ਹਰਵਿੰਦਰ ਵਿਰਕ, ਡੀ. ਐੱਸ. ਪੀ. ਡੀ. ਸੁਖਮਿੰਦਰ ਚੌਹਾਨ ਦੀ ਅਗਵਾਈ ਹੇਠ ਸੀ. ਆਈ. ਏ. ਸਟਾਫ ਪਟਿਆਲਾ ਦੇ ਇੰਚਾਰਜ ਦਲਜੀਤ ਸਿੰਘ ਵਿਰਕ ਅਤੇ ਉਨ੍ਹਾਂ ਦੀ ਟੀਮ ਨੇ ਰਾਤ ਨੂੰ ਲੁੱਟਾਂ-ਖੋਹਾਂ ਕਰਨ ਵਾਲੇ ਬੁਲਟ ਮੋਟਰਸਾਈਕਲ ਗਿਰੋਹ ਦੇ 3 ਮੈਂਬਰਾਂ ਨੂੰ ਮਾਰੂ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਕਬਜ਼ੇ ਵਿਚੋਂ 2 ਬੁਲਟ ਮੋਟਰਸਾਈਕਲ, 9 ਮੋਬਾਇਲ, ਇਕ ਕਿਰਚ ਅਤੇ ਇਕ ਪੰਚ ਬਰਾਮਦ ਕੀਤਾ।
ਐੱਸ. ਐੱਸ. ਪੀ. ਨੇ ਦੱਸਿਆ ਕਿ ਏ. ਐੱਸ. ਆਈ. ਕਰਮਜੀਤ ਸਿੰਘ ਪੁਲਸ ਪਾਰਟੀ ਸਮੇਤ ਸੀਲ ਰੋਡ ਬਹਾਦਰਗੜ੍ਹ ਵਿਖੇ ਮੌਜੂਦ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਗੁਰਜੀਤ ਸਿੰਘ, ਗੁਰਜਿੰਦਰ ਸਿੰਘ ਉਰਫ ਬਿੱਲਾ, ਵਰਿੰਦਰ ਸਿੰਘ ਉਰਫ ਗੋਲਡੀ ਵਾਸੀ ਪਿੰਡ ਰਸੂਲਪੁਰ ਜੌੜਾ ਅਤੇ ਨਿਸ਼ਾਨ ਖਾਨ ਉਰਫ ਪਵੀ ਵਾਸੀ ਚੌਰਾ ਜ਼ਿਲਾ ਪਟਿਆਲਾ ਨੇ ਆਪਸ ਵਿਚ ਰਲ ਕੇ ਇਕ ਗਿਰੋਹ ਬਣਾਇਆ ਹੋਇਆ ਹੈ। ਇਹ ਰਾਤ ਸਮੇਂ ਆਪਣੇ ਬੁਲਟ ਮੋਟਰਸਾਈਕਲਾਂ 'ਤੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਸ਼ਹਿਰ ਤੋਂ ਬਾਹਰ ਲਿੰਕ ਸੜਕਾਂ 'ਤੇ ਰਾਤ ਨੂੰ ਆਉਂਦੇ-ਜਾਂਦੇ ਵਿਅਕਤੀਆਂ ਨੂੰ ਘੇਰ ਕੇ ਉਨ੍ਹਾਂ ਦੀ ਕੁੱਟਮਾਰ ਕੇ ਨਕਦੀ ਤੇ ਮੋਬਾਇਲ ਵਗੈਰਾ ਖੋਹ ਲੈਂਦੇ ਹਨ। ਪੁਲਸ ਨੇ ਉਨ੍ਹਾਂ ਖਿਲਾਫ ਥਾਣਾ ਸਦਰ ਪਟਿਆਲਾ ਵਿਖੇ ਕੇਸ ਦਰਜ ਕਰ ਕੇ ਇਸ ਗਿਰੋਹ ਦੀ ਭਾਲ ਸ਼ੁਰੂ ਕੀਤੀ।
ਏ. ਐੱਸ. ਆਈ. ਕਰਮਜੀਤ ਸਿੰਘ ਸਮੇਤ ਪੁਲਸ ਪਾਰਟੀ ਨੇ ਬਲਬੇੜਾ ਰੋਡ ਕੋਹਲਾ ਮਾਜਰਾ ਬੀੜ ਵਿਚੋਂ ਲੁੱਟ-ਖੋਹ ਕਰਨ ਦੀ ਤਾਕ ਵਿਚ ਬੈਠੇ 4 ਵਿਚੋਂ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਚੌਥਾ ਮੈਂਬਰ ਨਿਸ਼ਾਨ ਖਾਨ ਅਜੇ ਫਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਗ੍ਰਿਫ਼ਤਾਰੀ ਤੋਂ ਬਾਅਦ ਗੁਰਜੀਤ ਸਿੰਘ ਤੋਂ 2 ਮੋਬਾਇਲ ਫੋਨ ਤੇ 1 ਬੁਲਟ ਮੋਟਰਸਾਈਕਲ, ਗੁਰਜਿੰਦਰ ਸਿੰਘ ਉਰਫ ਬਿੱਲਾ ਤੋਂ 1 ਕਿਰਚ ਤੇ 4 ਮੋਬਾਇਲ ਫੋਨ ਮਾਰਕਾ ਵੱਖ-ਵੱਖ ਅਤੇ ਬੁਲਟ ਮੋਟਰਸਾਈਕਲ ਅਤੇ ਵਰਿੰਦਰ ਸਿੰਘ ਉਰਫ ਗੋਲਡੀ ਪਾਸੋਂ 3 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ।