ਮਕਾਨ ਦੀ ਛੱਤ ਡਿਗਣ ਕਾਰਨ ਮਜ਼ਦੂਰ ਸਣੇ 3 ਜ਼ਖਮੀ

Monday, Jun 12, 2017 - 07:00 AM (IST)

ਮਕਾਨ ਦੀ ਛੱਤ ਡਿਗਣ ਕਾਰਨ ਮਜ਼ਦੂਰ ਸਣੇ 3 ਜ਼ਖਮੀ

ਤਲਵੰਡੀ ਸਾਬੋ, (ਮੁਨੀਸ਼)- ਬੀਤੀ ਦੇਰ ਰਾਤ ਆਈ ਤੇਜ਼ ਵਰਖਾ ਅਤੇ ਹਨੇਰੀ ਕਰ ਕੇ ਤਲਵੰਡੀ ਸਾਬੋ ਦੇ ਇਕ ਪਰਿਵਾਰ ਦੇ ਮਕਾਨ ਦੀ ਛੱਤ ਡਿਗਣ ਨਾਲ ਪਰਿਵਾਰ ਦੇ ਤਿੰਨ ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤਲਵੰਡੀ ਸਾਬੋ ਤੋਂ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੇ ਵਾਰਡ ਨੰਬਰ 7 'ਚ ਇਕ ਗਰੀਬ ਮਜ਼ਦੂਰ ਬਲਵੰਤ ਸਿੰਘ ਆਪਣੇ ਮਕਾਨ ਦੇ ਕਮਰੇ 'ਚ ਆਪਣੀ ਪਤਨੀ ਅਤੇ ਬੱਚੇ ਨਾਲ ਰਹਿੰਦਾ ਸੀ। ਬੀਤੀ ਰਾਤ ਤੇਜ਼ ਹਨੇਰੀ ਅਤੇ ਵਰਖਾ ਕਰ ਕੇ ਉਨ੍ਹਾਂ ਦੇ ਮਕਾਨ ਦੇ ਕਮਰੇ ਦੀ ਛੱਤ ਡਿਗ ਗਈ, ਜਿਸ ਨਾਲ ਤਿੰਨੋਂ ਲੋਕ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਆਸ-ਪਾਸ ਦੇ ਲੋਕਾਂ ਨੇ ਮਲਬੇ ਹੇਠੋਂ ਕੱਢ ਕੇ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾ ਦਿੱਤਾ, ਜਿਥੇ ਉਨ੍ਹਾਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ ਹੈ, ਜਿਥੇ ਉਨ੍ਹਾਂ ਦੀ ਸਥਿਤੀ ਕਾਫੀ ਚਿੰਤਾਜਨਕ ਬਣੀ ਹੋਈ ਹੈ। ਜ਼ਖਮੀਆਂ ਦੇ ਨਾਲ-ਨਾਲ ਉਨ੍ਹਾਂ ਦੀਆਂ ਦੋ ਬੱਕਰੀਆਂ ਵੀ ਛੱਤ ਹੇਠਾਂ ਆਉਣ ਕਾਰਨ ਮਰ ਗਈਆਂ। 
ਪਤਾ ਲਗਦੇ ਹੀ ਕੌਂਸਲਰ ਬਲਵਿੰਦਰ ਸਿੰਘ ਗਿੱਲ ਨੇ ਪਰਿਵਾਰ ਦਾ ਹਾਲ ਪੁੱਛਿਆ, ਉਨ੍ਹਾਂ ਪੰਜਾਬ ਸਰਕਾਰ ਤੋਂ ਗਰੀਬ ਪਰਿਵਾਰ ਦਾ ਫ੍ਰੀ ਇਲਾਜ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ।


Related News