ਨੈਸ਼ਨਲ ਹਾਈਵੇਅ ਤੋਂ ਪਿਸਤੌਲ ਦੀ ਨੋਕ 'ਤੇ ਵਰਨਾ ਕਾਰ ਖੋਹਣ ਵਾਲੇ ਤਿੰਨ ਗ੍ਰਿਫ਼ਤਾਰ
Tuesday, Sep 15, 2020 - 06:17 PM (IST)
ਗੁਰਦਾਸਪੁਰ (ਵਿਨੋਦ) : ਜ਼ਿਲ੍ਹਾ ਪੁਲਸ ਗੁਰਦਾਸਪੁਰ ਨੇ ਗੁਰਦਾਸਪੁਰ-ਪਠਾਨਕੋਟ ਨੈਸ਼ਨਲ ਹਾਈਵੇਅ ਪਿੰਡ ਬਰਿਆਰ ਦੇ ਨੇੜਿਓਂ 4-9-20 ਨੂੰ ਇਕ ਕਾਰ ਚਾਲਕ ਨੂੰ ਗੋਲੀ ਨਾਲ ਜਖ਼ਮੀ ਕਰਕੇ ਉਸ ਦੀ ਵਰਨਾ ਗੱਡੀ ਖੋਹਣ ਵਾਲੇ 6 ਦੋਸ਼ੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਤਿੰਨ ਦੋਸ਼ੀਆਂ ਨੂੰ ਇਕ ਕਾਰ ਆਈ-20, ਪਿਸਤੌਲ 32 ਬੋਰ, 2 ਮੈਗਜ਼ੀਨ, 10 ਰੌਂਦ 32ਬੋਰ ਅਤੇ ਮੋਟਰਸਾਈਕਲ ਪਲਸਰ ਸਮੇਤ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਗੁਰਦਾਸਪੁਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪੁਲਸ ਮੁਖੀ ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ 4 ਸਤੰਬਰ ਨੂੰ ਕਾਰ ਚਾਲਕ ਗੁਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਕੋਟ ਮੋਹਨ ਲਾਲ ਥਾਣਾ ਸਦਰ ਗੁਰਦਾਸਪੁਰ ਆਪਣੇ ਦੋਸਤ ਦੀ ਵਰਨਾ ਕਾਰ ਅਤੇ ਮਨਚੀ ਰੈਸਟੋਰੈਂਟ ਪਿੰਡ ਬਰਿਆਰ ਦੇ ਬਾਹਰ ਕਾਰ 'ਚ ਆਪਣੇ ਸਾਥੀ ਸਮੇਤ ਬੈਠਾ ਸੀ ਕਿ 3.40 ਵਜੇ ਦੁਪਹਿਰ ਤਿੰਨ ਅਣਪਛਾਤੇ ਵਿਅਕਤੀ ਜੋ ਪਲਸਰ ਮੋਟਰਸਾਈਕਲ 'ਤੇ ਸਵਾਰ ਸਨ, ਨੇ ਗੁਰਪ੍ਰੀਤ ਸਿੰਘ ਦੀ ਲੱਤ ਵਿਚ ਪਿਸਟਲ ਨਾਲ ਗੋਲੀ ਮਾਰ ਕੇ ਉਸ ਪਾਸੋਂ ਵਰਨਾ ਕਾਰ ਖੋਹ ਲਈ ਸੀ ਅਤੇ ਫਰਾਰ ਹੋ ਗਏ ਸਨ। ਜ਼ਿਲ੍ਹਾ ਪੁਲਸ ਮੁਖੀ ਸੋਹਲ ਨੇ ਦੱਸਿਆ ਕਿ ਇਸ ਸਬੰਧੀ ਗੁਰਪ੍ਰੀਤ ਸਿੰਘ ਦੇ ਬਿਆਨਾਂ 'ਤੇ ਮੁਕੱਦਮਾ ਨੰਬਰ 257 ਮਿਤੀ 4-9-20 394, 34, 25-54-59 ਅਸਲਾ ਐਕਟ ਅਧੀਨ ਥਾਣਾ ਦੀਨਾਨਗਰ 'ਚ ਪਰਚਾ ਦਰਜ ਕੀਤਾ ਗਿਆ ਅਤੇ ਕਾਰ ਸਮੇਤ ਦੋਸ਼ੀਆਂ ਦੀ ਭਾਲ ਦੇ ਲਈ ਐੱਸ. ਪੀ. ਡੀ ਇੰਵੈਸਟੀਗੇਸਨ ਹਰਵਿੰਦਰ ਸਿੰਘ ਸੰਧੂ ਅਤੇ ਡੀ. ਐੱਸ. ਪੀ ਰਾਜੇਸ਼ ਕੱਕੜ ਦੀ ਅਗਵਾਈ ਹੇਠ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਗਿਆ।
ਇਹ ਵੀ ਪੜ੍ਹੋ : ਖੇਤੀ ਆਰਡੀਨੈਸਾਂ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਹਾਈਵੇਅ ਜਾਮ
ਪੁਲਸ ਦਾ ਦਬਾਅ ਵੱਧਦਾ ਵੇਖ ਕੇ ਖੋਹੀ ਗਈ ਵਰਨਾ ਕਾਰ ਨੰਬਰ ਪੀਬੀ06ਏ.ਐੱਕਸ 8405 ਕੁਝ ਦਿਨ ਪਹਿਲਾ ਦੋਸ਼ੀਆਂ ਵੱਲੋਂ ਲਾਵਾਰਿਸ ਹਾਲਤ 'ਚ ਸ਼੍ਰੀ ਹਰਗੋਬਿੰਦਪੁਰ ਕੋਲ ਛੱਡ ਦਿੱਤੀ ਗਈ ਸੀ। ਜਿਸ ਨੂੰ ਦੀਨਾਨਗਰ ਪੁਲਸ ਨੇ ਕਬਜੇ 'ਚ ਲੈ ਕੇ ਅਹਿਮ ਸਬੂਤਾਂ ਤੋਂ ਇਸ ਵਾਰਦਾਤ 'ਚ ਹੁਣ ਤੱਕ 6 ਦੋਸ਼ੀ ਨਾਮਜ਼ਦ ਕੀਤੇ ਗਏ। ਜਿੰਨਾਂ ਪਾਸੋਂ ਪੁੱਛਗਿਛ ਕਰਨ 'ਤੇ ਪਤਾ ਲੱਗਾ ਕਿ ਦੋਸ਼ੀਆਂ ਕੋਲ ਉਸ ਦਿਨ ਪਲਸਰ ਮੋਟਰਸਾਈਕਲ ਤੋਂ ਇਲਾਵਾ ਆਈ.-20 ਕਾਰ ਵੀ ਸੀ। ਪੁਲਸ ਮੁਖੀ ਸੋਹਲ ਨੇ ਦੱਸਿਆ ਕਿ 14 ਸਤੰਬਰ ਨੂੰ ਇੰਸਪੈਕਟਰ ਕੁਲਵਿੰਦਰ ਸਿੰਘ ਥਾਣਾ ਮੁਖੀ ਦੀਨਾਨਗਰ ਨੇ ਸਮੇਤ ਪੁਲਸ ਟੀਮ 3 ਦੋਸ਼ੀਆਂ ਕੁਲਦੀਪ ਸਿੰਘ ਉਰਫ਼ ਲਾਲੀ ਪੁੱਤਰ ਅਜੀਤ ਸਿੰਘ ਵਾਸੀ ਅੰਮ੍ਰਿਤਸਰ ਰੋਡ ਬਾਈਪਾਸ ਬਟਾਲਾ, ਧਰਮਿੰਦਰ ਸਿੰਘ ਉਰਫ਼ ਮੀਤਾ ਪੁੱਤਰ ਜਸਵੰਤ ਸਿੰਘ ਵਾਸੀ ਭੱਟੀਆ ਥਾਣਾ ਪੁਰਾਣਾ ਸ਼ਾਲਾ ਅਤੇ ਪੀਟਰ ਮਸੀਹ ਪੁੱਤਰ ਜੋਗਿੰਦਰ ਮਸੀਹ ਵਾਸੀ ਕੋਟਲਾ ਗੁੱਜ਼ਰਾ ਥਾਣਾ ਭੈਣੀ ਮੀਆਂ ਨੂੰ ਵਾਰਦਾਤ 'ਚ ਵਰਤੀ ਆਈ-20 ਕਾਰ ਸਮੇਤ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਦੇ ਕਬਜੇ 'ਚੋਂ ਇਕ ਪਿਸਟਲ 32 ਬੋਰ ਸਮੇਤ 2 ਮੈਗਜੀਨ ਅਤੇ 10 ਜਿੰਦਾ ਰੌਂਦ 32 ਬੋਰ ਅਤੇ ਵਾਰਦਾਤ 'ਚ ਵਰਤਿਆ ਪਲਸਰ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ।
ਇਹ ਵੀ ਪੜ੍ਹੋ : SGPC ਮੈਂਬਰ ਕਰਨੈਲ ਸਿੰਘ ਪੰਜੋਲੀ ਦੀ ਧਰਨਾਕਾਰੀਆਂ ਨੂੰ ਅਪੀਲ
ਪਹਿਲਾ ਵੀ ਕਈ ਵਾਰਦਾਤਾਂ 'ਚ ਸ਼ਾਮਲ ਹਨ ਇਹ ਦੋਸ਼ੀ
ਜ਼ਿਲ੍ਹਾ ਪੁਲਸ ਮੁਖੀ ਸੋਹਲ ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ 'ਚੋਂ ਇਕ ਦੋਸ਼ੀ ਧਰਮਿੰਦਰ ਸਿੰਘ ਉਰਫ਼ ਮੀਤਾ ਕਤਲ ਕੇਸ 'ਚ ਜੇਲ 'ਚ ਰਿਹਾ ਸੀ ਅਤੇ ਇਸ ਉਪਰ 2 ਮੁਕੱਦਮੇ ਦਰਜ ਹਨ, ਜੋ ਕੁਝ ਸਮਾਂ ਪਹਿਲਾ ਹੀ ਜ਼ਮਾਨਤ 'ਤੇ ਬਾਹਰ ਆਇਆ ਹੈ। ਇਸ ਤਰ੍ਹਾਂ ਦੋਸ਼ੀ ਕੁਲਦੀਪ ਸਿੰਘ ਉਰਫ਼ ਲਾਲੀ ਉਪਰ ਇਕ ਮੁਕੱਦਮਾ ਦਰਜ ਹੈ ਅਤੇ ਇਸ ਤਰ੍ਹਾਂ ਪੀਟਰ ਮਸੀਹ ਉਪਰ ਪਹਿਲਾਂ ਡਾਕਾ ਮਾਰਨ, ਚੋਰੀ ਅਤੇ ਲੜਾਈ ਦੇ ਤਿੰਨ ਮੁਕੱਦਮੇ ਵੱਖ-ਵੱਖ ਥਾਣਿਆਂ 'ਚ ਦਰਜ ਹਨ।
ਇਹ ਵੀ ਪੜ੍ਹੋ : ਖੂਨ ਹੋਇਆ ਪਾਣੀ, ਭਾਰਤ-ਚੀਨ ਜੰਗ ਦੇ ਸ਼ਹੀਦ ਦੀ ਪਤਨੀ ਦਾ ਪੁੱਤ ਹੱਥੋਂ ਕਤਲ
ਦੋਸ਼ੀਆਂ ਨੂੰ ਜਲਦ ਕੀਤਾ ਜਾਵੇਗਾ ਗ੍ਰਿਫ਼ਤਾਰ
ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਇਨ੍ਹਾਂ ਦੋਸ਼ੀਆਂ ਨੇ ਮੰਨਿਆ ਕਿ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੁਲਸ ਜ਼ਿਲ੍ਹਾ ਬਟਾਲਾ 'ਚ ਦੋ ਹੋਰ ਵਾਰਦਾਤਾਂ ਵੀ ਕੀਤੀਆਂ ਹਨ ਜੋ ਅੱਜ ਤੱਕ ਅਣਟਰੇਸ ਚੱਲੀਆ ਆ ਰਹੀਆਂ ਸਨ। ਜਿੰਨ੍ਹਾਂ ਦੇ ਖ਼ਿਲਾਫ਼ ਮੁਕੱਦਮਾ ਨੰਬਰ 217/20 ਜ਼ੁਰਮ 336,34 ,25-54-59 ਅਸਲਾ ਐਕਟ ਥਾਣਾ ਸਿਟੀ ਬਟਾਲਾ ਅਤੇ ਮੁਕੱਦਮਾ ਨੰਬਰ 218/20ਜ਼ੁਰਮ 336,427, 34 ਥਾਣਾ ਸ਼੍ਰੀ ਹਰਗੋਬਿੰਦਪੁਰ ਦਰਜ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਪੁੱਛਗਿਛ ਚੱਲ ਰਹੀ ਹੈ ਅਤੇ ਰਹਿੰਦੇ ਦੋਸ਼ੀਆਂ ਨੂੰ ਬਹੁਤ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਗ੍ਰਿਫ਼ਤਾਰ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ਅਤੇ ਰਿਮਾਂਡ ਹਾਸਲ ਕਰਕੇ ਹੋਰ ਜਾਣਕਾਰੀ ਹਾਸਲ ਕੀਤੀ ਜਾਵੇਗੀ।