ਰਾਘਵ ਚੱਢਾ ਸਮੇਤ ਤਿੰਨ ''ਆਪ'' ਨੇਤਾਵਾਂ ਨੇ ਪੰਜਾਬ ਤੋਂ ਰਾਜ ਸਭਾ ਮੈਂਬਰ ਵਜੋਂ ਚੁਕੀ ਸਹੁੰ
Monday, May 02, 2022 - 05:16 PM (IST)
ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਦੇ ਤਿੰਨ ਨੇਤਾਵਾਂ- ਰਾਘਵ ਚੱਢਾ, ਅਸ਼ੋਕ ਮਿੱਤਲ ਅਤੇ ਸੰਜੀਵ ਅਰੋੜਾ ਨੇ ਸੋਮਵਾਰ ਨੂੰ ਪੰਜਾਬ ਤੋਂ 'ਆਪ' ਦੇ ਰਾਜ ਸਭਾ ਮੈਂਬਰਾਂ ਵਜੋਂ ਸਹੁੰ ਚੁਕੀ। ਉੱਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਪੀਕਰ ਐੱਮ. ਵੈਂਕਈਆ ਨਾਇਡੂ ਨੇ 'ਆਪ' ਦੇ ਨਵੇਂ ਚੁਣੇ ਮੈਂਬਰਾਂ ਨੂੰ ਸੰਸਦ ਭਵਨ ਸਥਿਤ ਆਪਣੇ ਕਮਰੇ 'ਚ ਸਹੁੰ ਚੁਕਾਈ। ਤਿੰਨੋਂ ਨੇਤਾਵਾਂ ਨੂੰ ਮਾਰਚ 'ਚ ਪੰਜਾਬ ਤੋਂ ਬਿਨਾਂ ਵਿਰੋਧ ਚੁਣਿਆ ਗਿਆ ਸੀ, ਕਿਉਂਕਿ ਸੂਬੇ ਤੋਂ ਕਿਸੇ ਹੋਰ ਸਿਆਸੀ ਦ ਨੇ ਰਾਜ ਸਭਾ ਚੋਣਾਂ ਲਈ ਆਪਣਾ ਉਮੀਦਵਾਰ ਨਹੀਂ ਉਤਾਰਿਆ ਸੀ।
ਚੱਢਾ ਜਿੱਥੇ 'ਆਪ' ਦੇ ਸੀਨੀਅਰ ਨੇਤਾ ਹਨ, ਉੱਥੇ ਹੀ ਮਿੱਤਲ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ.ਪੀ.ਯੂ) ਦੇ ਸੰਸਥਾਪਕ ਹਨ, ਜੋ ਸੂਬੇ ਦੀ ਪਹਿਲੀ ਨਿੱਜੀ ਯੂਨੀਵਰਸਿਟੀ ਹੈ। ਮੰਨਿਆ ਜਾਂਦਾ ਹੈ ਕਿ ਚੱਢਾ ਨੇ ਹਾਲ ਹੀ 'ਚ ਸੰਪੰਨ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ 'ਆਪ' ਦੀ ਸ਼ਾਨਦਾਰ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਸੀ। ਉਹ ਪੰਜਾਬ 'ਚ 'ਆਪ' ਦੇ ਸਿਆਸੀ ਮਾਮਲਿਆਂ ਦੇ ਸਹਿ-ਇੰਚਾਰਜ ਸਨ। ਉੱਥੇ ਹੀ ਅਰੋੜ ਲੁਧਿਆਣਾ ਦੇ ਮਸ਼ਹੂਰ ਵਪਾਰੀ ਹਨ, ਜੋ ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ ਚਲਾਉਂਦੇ ਹਨ। ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਨੂੰ ਕੈਂਸਰ ਕਾਰਨ ਗੁਆਉਣ ਤੋਂ ਬਾਅਦ ਇਸ ਟਰੱਸਟ ਦੀ ਸਥਾਪਨਾ ਕੀਤੀ ਸੀ। ਇਹ ਟਰੱਸਟ 160 ਤੋਂ ਵਧ ਕੈਂਸਰ ਰੋਗੀਆਂ ਦਾ ਮੁਫ਼ਤ ਇਲਾਜ ਕਰਵਾ ਚੁਕਿਆ ਹੈ। ਅਰੋੜਾ ਲੁਧਿਆਣਾ ਸਥਿਤ ਦਯਾਨੰਦ ਮੈਡੀਕਲ ਕਾਲਜ ਐਂਡ ਹਸਪਤਾਲ ਦੇ ਗਵਰਨਿੰਗ ਅਤੇ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੀ ਸੀਨੀਅਰ ਪ੍ਰੀਸ਼ਦ ਦੇ ਵੀ ਮੈਂਬਰ ਹਨ।